Share on Facebook

Main News Page

ਸਿੱਖ ਰਹਿਤ ਮਰਿਯਾਦਾ ਤੇ ਸਿੱਖਾਂ ਨੂੰ ਆਪਸ ਵਿੱਚ ਜੋੜਦੀ ਹੈ, ਤੋੜਦੀ ਨਹੀਂ

ਸਿੱਖ ਰਹਿਤ ਮਰਿਯਾਦਾ ਦਾ ਇਹ ਵਿਸ਼ਾ ਕੋਈ ਨਵਾਂ ਨਹੀ ਹੈ ਤੇ ਇਸ ਵਿਸ਼ੈ ਕਰਕੇ ਪੰਥ ਦੀਆਂ ਸੁਹਿਰਦ ਧਿਰਾਂ ਵਿਚ ਜੋ ਵਖਰੇਵਾਂ ਆਇਆ ਉਸ ਕਾਰਣ ਮੌਜੂਦਾ ਸੁਧਾਰ ਲਹਿਰ ਨੂੰ ਵੀ ਬਹੁਤ ਭਾਰੀ ਨੁਕਸਾਨ ਉਠਾਨਾਂ ਪਇਆ। ਵੀਰ ਹਰਦੇਵ ਸਿੰਘ ਜੱਮੂ ਦੇ ਨਵੇਂ ਲੇਖ ‘ਰਹਿਤ ਮਰਿਯਾਦਾ ਅਤੇ ਉਸ ਦੀ ਧਾਰਣਾ’ ਅਤੇ ਉਸ ਦੇ ਜਵਾਬ ਵਿਚ ਤੱਤ ਗੁਰਮਤਿ ਪਰਿਵਾਰ ਦੇ ਸੰਪਾਦਕੀ ਲੇਖ ਪੜ੍ਹੇ। ਕਿਊਕੇ ਦੋਹਾਂ ਵਿਦਵਾਨਾਂ ਦੇ ਲੇਖ ਹੁਣ ਪਾਠਕਾਂ ਦੀ ਨਜਰ ਵਿਚ ਹਨ, ਇਸ ਲਈ ਦਾਸ ਇਸ ਬਹੁਤ ਮਹਤਵ ਪੂਰਣ ਵਿਸ਼ੈ ਤੇ ਅਪਣੇ ਕੁਝ ਨਿਜੀ ਵਿਚਾਰ ਸਾਂਝੇ ਕਰਨ ਦੀ ਹਿੱਮਤ ਕਰ ਰਿਹਾ ਹੈ।

ਦੋਹਾਂ ਧਿਰਾਂ ਦੇ ਲੇਖਾਂ ਨੂੰ ਪੜ੍ਹ ਕੇ ਲਗਦਾ ਹੈ ਕੇ ਉਹ ਬਹੁਤ ਸਾਰੇ ਨੁਕਤਿਆਂ ਤੇ ਸਹੀ ਵੀ ਹਣ ਲੇਕਿਨ ਬਹੁਤ ਸਾਰੇ ਨੁਕਤੇ ਕੇਵਲ ਅਪਣੀ ਨਿਜੀ ਵਿਚਾਰ ਧਾਰਾ ਨੂੰ ਪ੍ਰੋੜਤਾ ਦੇਂਦੇ ਹੋਏ ਵੀ ਪ੍ਰਤੀਤ ਹੋ ਰਹੇ ਹਨ।ਇਥੇ ‘ਸਿਧਾਂਤ’ ਤੇ ‘ਗੈਰ ਸਿਧਾਂਤ’ ਦੀ ਗਲ ਦੋਹਾਂ ਪਾਸੋਂ ਕੀਤੀ ਗਈ ਹੈ,ਲੇਕਿਨ ਦਾਸ ਮਾਫੀ ਚਾਂਉਦਾ ਹੈ ਕੇ ਦੋਹਾਂ ਦੇ ਲੇਖਾਂ ਵਿਚ ਹੀ ‘ਸਿਧਾਂਤਕ ਪੱਖ’ ਨੂੰ ਕਈ ਥਾਂਵਾਂ ਤੇ ‘ਇਗਨੋਰ’ ਵੀ ਕੀਤਾ ਗਇਆ ਹੈ। ਦਾਸ ਦਾ ਮਕਸਦ ਇਥੇ ਦੋਹਾਂ ਵਿਦਵਾਨ ਧਿਰਾਂ ਦੇ ਲੇਖਾਂ ਵਿਚੋਂ ਕਿਸੇ ਵੀ ਧਿਰ ਦੇ ‘ਗੈਰ ਸਿਧਾਂਤਕ’ ਯਾਂ ‘ਸਿਧਾਂਤਕ’ ਪੱਖ ਤੇ ਚਰਚਾ ਜਾਂ ਅਲੋਚਨਾਂ ਕਰਨਾਂ ਬਿਲਕੁਲ ਨਹੀ ਹੈ। ਬਲਕੇ ‘ਸਿੱਖ ਰਹਿਤ ਮਰਿਯਾਂਦਾ’ ਤੇ ਅਪਣਾਂ ਪਖ ਪਾਠਕਾਂ ਦੀ ਨਜਰ ਵਿਚ ਰਖਨਾਂ ਮਾਤਰ ਹੈ।

ਸਿੱਖ ਰਹਿਤ ਮਰਿਯਾਦਾ ਕੀ ਹੈ?

ਸਿੱਖ ਰਹਿਤ ਮਰਿਯਾਦਾ’ ਪੰਥ ਦੇ ‘ਬਹੁ ਗਿਣਤੀ ਇੱਕਠ’ ਵਿਚ ਤੈਅ ਕੀਤੇ ਅਤੇ ਸੋਧੇ ਗਏ ਉਨਾਂ ‘ਨਿਯਮਾਂ’ ਦਾ ਇਕ ‘ਪੰਥਿਕ ਸੰਵਿਧਾਨ’ ਜਾਂ ‘ਪੰਥਿਕ ਕੋਡ ਆਫ ਕੰਡਕਟ’ ਹੈ, ਜੋ ਕੇਵਲ ਤੇ ਕੇਵਲ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ‘ਸਿਧਾਂਤਾਂ’ ਅਨੁਸਾਰ ਬਣਾਏ ਗਏ ਤੇ ਸ਼ਬਦ ਗੁਰੂ ਦੀ ਕਸਵੱਟੀ ਤੇ ਖਰੇ ਉਤਰਦੇ ਹਨ। ਸਿੱਖ ਰਹਿਤ ਮਰਰਿਯਾਦਾ ਦੇ ਨਿਯਮਾਂ ਅਨੁਸਾਰ ਸਿੱਖ ਅਖਵਾਂਉਣ ਵਾਲਾ ਹਰ ਮਨੁਖ ਅਪਣੇ ਜੀਵਨ ਵਿਚ ਇਸ ਦਾ ਪਾਲਣ ਕਰੇਗਾ। ਇਹ ਨਿਯਮ ਹਰ ਸਿੱਖ ਉਪਰ ਇਕ ਸਮਾਨ ਲਾਗੂ ਹੋਂਣਗੇ।

ਸਿੱਖ ਰਹਿਤ ਮਰਿਯਾਦਾ ਦੀ ਉਪਰ ਦਿਤੀ ਗਈ ਪਰਿਭਾਸ਼ਾ ਜੋ ਉਸ ਦਾ ਸਹੀ ਅਰਥ ਵੀ ਦਰਸਾਂਉਦੀ ਹੈ।ਇਹ ਪਰਿਭਾਸ਼ਾ ਉਨਾਂ ਦੋ ਅਡ ਅਡ “ਵਿਚਾਰ ਧਾਰਾਂਵਾਂ’ ਨੂੰ ਇਕ ਜੁਟ ਵੀ ਕਰਦੀ ਹੈ, ਜਿਨਾਂ ਕਰਕੇ ਮੌਜੂਦਾ ‘ਸੁਧਾਰ ਲਹਿਰ’ ਦੋ ਫਾੜ ਹੋ ਗਈ।ਜੇ ਸਾਰੇ ਵਿਦਵਾਨ ਸਿੱਖ ਰਹਿਤ ਮਰਿਯਾਦਾ ਦੀ ਇਸ ਪਰਿਭਾਸ਼ਾ ਨੂੰ ਸਵੀਕਾਰ ਕਰਦੇ ਹੋਣ ਤੇ ਆਪਸੀ ਵੀਚਾਰਕ ਮਤਭੇਦ ਤੇ ਵਖਰੇਵਾਂ ਇਕ ਪਲ ਵਿਚ ਖਤਮ ਹੋ ਸਕਦਾ ਹੈ।ਆਉ ਇਸ ਦੇ ਹਰ ਨੁਕਤੇ ਤੇ ਵਿਸਤਾਰ ਨਾਲ ਵੀਚਾਰ ਕਰੀਏ-

ਸਿੱਖ ਰਹਿਤ ਮਰਿਯਾਦਾ ਦੇ ਨਿਯਮ

ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਉਪਰ ਅਧਾਰਿਤ ਇਕ ਸਿੱਖ ਦੇ ਜੀਵਨ ਵਿਚ ਧਾਰਿਮਕ ਤੇ ਸਮਾਜਿਕ ਮਰਿਯਾਦਾ ਦੇ ਉਹ ਨਿਯਮ, ਜੋ ਇਕ ‘ਸਿੱਖ’ ਹੋਣ ਲਈ ਜਰੂਰੀ ਤੇ ‘ਮੇਂਡੇਟਰੀ’ ਹਨ।ਇਹ ਨਿਯਮ ਦਰਅਸਲ ਗੁਰੂ ਸਿਧਾਂਤਾਂ ਉਤੇ ਅਧਾਰਿਤ ਇਕ ਸੇਧ ਹੈ, ਜਿਸ ਨਾਲ ਹਰ ਸਿੱਖ ਇਕ ਜੁਟ ਤੇ ਇਕ ਸਾਰਤਾ ਅਨੁਸਾਰ ਅਪਣਾਂ ਜੀਵਨ ਜੀ ਸਕੇ ਤੇ ਅਪਣੇ ਅਪਣੇ ਵਿਚਾਰਾਂ ਨੂੰ ਇਕ ਦੂਜੇ ਤੇ ਥੋਪ ਨਾਂ ਸਕੇ।

ਅਜ ਦੁਨੀਆਂ ਦੇ ਬਹੁਤ ਸਾਰੇ ਦੂਜੇ ਧਰਮਾਂ ਵਿਚ ਅਡ ਅਡ ਵਿਚਾਰ ਧਾਰਾ ਤੇ ਨਿਯਮ ਮੌਜੂਦ ਹਨ, ਜੋ ਉਸ ਧਰਮ ਨੂੰ ਅਡ ਅਡ ਸੰਪ੍ਰਦਾਵਾਂ ਵਿਚ ਵੰਡ ਚੁਕੇ ਹਣ, ਕਿਊਕੇ ਉਨਾਂ ਦੇ ਕੋਲ ਕੋਈ ਧਾਰਮਿਕ ਨਿਯਮਾਂਵਲੀ ਜਾਂ ਸੰਵਿਧਾਨ ਨਹੀ ਹੈ।ਉਦਾਹਰਣ ਦੇ ਤੌਰ ਤੇ ਦੁਨਿਆਂ ਦੇ ਸਭਤੋਂ ਵਡੇ ਇਸਲਾਮ ਧਰਮ ਕੋਲ ਵੀ ਕੋਈ ਵਖ ਧਾਰਮਿਕ ਰਹਿਤ ਮਰਿਯਾਦਾ ਨਹੀ ਹੈ।ਉਨਾਂ ਨੇ ਕੀ ਕਰਨਾਂ ਹੈ ਤੇ ਕੀ ਨਹੀ ਕਰਨਾਂ, ਇਹ ਉਨਾਂ ਦੇ ‘ਉਲੇਮਾਂ’(ਸ਼ਰੀਯਤ ਦੀ ਸਮਝ ਰਖਣ ਵਾਲੇ ਮੌਲਵੀ) ਹੀ ਤੈਅ ਕਰਦੇ ਹਨ ਤੇ ‘ਫਤਵੇ’ ਜਾਰੀ ਕਰਕੇ ਕੌਮ ਨੂੰ ਦਸਦੇ ਹਣ ਕੇ ਇਹ ਜਾਇਜ ਹੈ ਤੇ ਇਹ ਜਾਇਜ ਨਹੀ।ਇਹ ਫਤਵੇ ਉਸ ‘ਉਲੇਮਾਂ ਦੇ ਨਿਜੀ ਸਵਾਰਥਾਂ ਤੇ ਵਿਚਾਰ ਧਾਰਾ ਤੋਂ ਅਛੂਤੇ ਨਹੀ ਹੂੰਦੇ ਭਾਵੇ ਉਨਾਂ ਦੇ ‘ਕੁਰਾਨ’ ਜਾਂ ‘ਸ਼ਰੀਯਤ’ ਅਨੁਸਾਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।ਇਸ ਦੁਵਿਧਾ ਨੂੰ ਦੂਰ ਕਰਨ ਲਈ ਹੀ ਸਿੱਖ ਰਹਿਤ ਮਰਿਯਾਦਾ ਬਣਾਈ ਗਈ ਕੇ ਇਕ ਸਿੱਖ ਨੂੰ ਕਿਸੇ ਬੰਦੇ ਕੋਲੋਂ ਪੁਛਣਾਂ ਹੀ ਨਾਂ ਪਵੇ ਕੀ ਕੀ ਕਰਨਾਂ ਹੈ ਤੇ ਕੀ ਨਹੀ ਕਰਨਾਂ।ਇਸ ਦੇ ਨਿਯਮ ਇਕ ਮਨੁਖ ਜਾਂ ਦੇਹਧਾਰੀ ਦੇ ਬਣਾਂਏ ਨਾਂ ਹੋਕੇ ਉਹ ‘ਰੱਬੀ ਆਦੇਸ਼ਾਂ’ (ਗੁਰੂ ਸਿਧਾਂਤਾਂ) ਉਪਰ ਅਧਾਰਿਤ ਹੋਣ। ਜਿਸਨੂੰ ਬਹੁ ਗਿਣਤੀ ਦਾ ਸਮਰਥਨ ਪ੍ਰਾਪਤ ਹੋਵੇ ਜਾਂ ਬਹੁਗਿਣਤੀ ਪਾਸੋਂ ਸੋਧੇ ਗਏ ਹੋਣ।

ਸਿੱਖ ਰਹਿਤ ਮਰਿਯਾਦਾ ਤੇ ਆਪਸੀ ਵਿਚਾਰਕ ਮਤਭੇਦ ਨੂੰ ਮਿਟਾਉਨ ਲਈ ਅਤੇ ਹਰ ਸਿੱਖ ਨੂੰ ਇਕਸਾਰ ਕਰਨ ਲਈ ਬਣਾਈ ਗਈ, ਲੇਕਿਨ ਦੁਖਾਂਤ ਇਹ ਹੈ ਕੇ ਕੁਝ ਕਾਰਣਾਂ ਕਰਕੇ ਇਹ ਵਿਖਰਾਵੇਂ ਦਾ ਕਾਰਣ ਬਣ ਰਹੀ ਹੈ।ਉਸ ਦਾ ਇਕ ਮੁਖ ਕਾਰਣ ਇਹ ਵੀ ਹੈ ਕੇ ਅਸੀ ਰਹਿਤ ਮਰਿਯਾਦਾ ਦੇ ਅੰਦਰ ਅਜ ਤਕ ਇਕ ਵੀ ਸਿਧਾਂਤਕ ਸੋਧ ਨਹੀ ਕਰ ਸਕੇ। ਜਿਸ ਦੀ ਪੂਰੀ ਜਿੱਮੇਦਾਰੀ ਸਾਡੇ ਸਵਾਰਥੀ ਆਗੂਆਂ ਦੀ ਅਣਗਹਿਲੀ ਤੇ ਇੱਛਾ ਸ਼ਕਤੀ ਦੀ ਕਮੀ ਤੇ ਉਨਾਂ ਦਾ ਸਵਾਰਥ ਤੇ ਲਾਲਚ ਰਹੀ ਹੈ। ਕੋਈ ਵੀ ਕਾਨੂਨ ਜਾਂ ਸੰਵਿਧਾਨ ਐਸਾ ਨਹੀ ਕੇ ਉਹ ਇਕ ਵਾਰ ਬਣਾਂ ਦਿਤਾ ਜਾਵੇ ਤੇ ਉਸ ਨੂੰ ਕਦੀ ਵੀ ਸੋਧਨ ਦੀ ਜਰੂਰਤ ਹੀ ਨਾਂ ਪਈ ਹੋਵੇ।ਲੇਕਿਨ ਇਹ ਗਲ ਵੀ ਸਾਨੂੰ ਸਮਝਨੀ ਬਣਦੀ ਹੈ ਕੇ ਇਸ ਵਿਚ ਕੋਈ ਵੀ ਨਿਜੀ ਤੌਰ ਤੇ ਕੀਤੀ ਗਈ ਸੋਧ ਜਾਂ ਫੇਸਲਾ ‘ਸਿੱਖ ਰਹਿਤ ਮਰਿਯਾਦਾ’ ਦਾ ਹਿੱਸਾ ਨਹੀ ਬਣ ਸਕਦਾ ,ਜਦੋਂ ਤਕ ਉਸ ਨੂੰ ਕੌਮ ਦੀ ‘ਬਹੁ ਗਿਣਤੀ’ ਦੀ ਪ੍ਰਵਾਣਗੀ ਹਾਸਿਲ ਨਾਂ ਹੋਵੇ।

ਸਿੱਖ ਰਹਿਤ ਮਰਿਯਾਦਾ ਦੀ ਪਰਿਭਾਸ਼ਾ ਦਾ ਇਹ ਪੱਖ ਉਨਾਂ ਧਿਰਾਂ ਦੀ ਵਿਚਾਰ ਧਾਰਾ ਨੂੰ ਪ੍ਰੋੜਤਾ ਦੇਂਦਾ ਹੈ ਜਿਨਾਂ ਤੇ ਇਹ ਦਬਾਅ ਪਾਇਆ ਜਾਂਦਾ ਹੈ ਕੇ ਉਹ ‘ਅਰਦਾਸ ਤੇ ਨਿਤਨੇਮ ਦੀਆਂ ਬਾਣੀਆਂ’ ਬਾਰੇ ਅਪਣਾਂ ਸਪਸ਼ਟ ਸਟੇਂਡ ਲੈਣ, ਫੇਰ ਕਿਸੇ ‘ਲਹਿਰ’ ਵਿਚ ਸ਼ਿਰਕਤ ਕਰਨ।ਦੂਜੀ ਧਿਰ ਇਸ ਗਲ ਦੀ ਦਲੀਲ ਦੇਂਦੀ ਹੈ ਕੇ ਉਸ ‘ਇਕਲੇ’ ਦੇ ਕਹਿ ਦੇਣ ਨਾਲ ਉਹ ‘ਨਿਯਮ’ ਸਿੱਖ ਰਹਿਤ ਮਰਿਯਾਦਾ ਦਾ ਇਕ ਹਿੱਸਾ ਨਹੀ ਬਣ ਜਾਂਣਾਂ। ਜਦੋਂ ਕੇ ਇਹ ਧਿਰ ,ਪਹਿਲੀ ਧਿਰ ਤੋਂ ਵਿਚਾਰਕ ਪਖੋਂ ਪੂਰੀ ਤਰ੍ਹਾਂ ‘ਨਿਜੀ ਤੌਰ ਤੇ’ ਸਹਿਮਤ ਵੀ ਹੁੰਦੀ ਹੈ।ਉਹ ਵਿਚਾਰਕ ਪਖੋਂ ਇਕ ਸਾਰ ਹੋਣ ਦੇ ਬਾਵਜੂਦ ,ਉਸ ‘ਸੰਵਿਧਾਂਨ’ ਜਾਂ ‘ਕਾਨੂਨ’ ਨਾਲ ਬੰਧੀ ਹੁੰਦੀ ਹੈ, ਤੇ ਉਸ ਦਾ ਉਲੰਘਨ ਨਹੀ ਕਰ ਸਕਦੀ, ਕਿਉਕੇ ਉਹ ਪੰਥ ਪ੍ਰਵਾਣਿਤ‘ਰਹਿਤ ਮਰਿਯਾਦਾ’ ਦੀ ਅਹਿਮਿਯਤ ਨੂੰ ਬਹੁਤ ਵਡਾ ਦਰਜਾ ਦੈਦੀ ਤੇ ਸਨਮਾਂਨ ਦੀ ਹੈਸਿਯਤ ਨਾਲ ਵੇਖਦੀ ਹੈ,ਜੋ ਜਾਇਜ ਵੀ ਹੈ। ਕਿਉਂ ਕੇ ਕਾਨੂਨ ਕਿਸੇ ਦੇ ਮਨਣ ਜਾਂ ਨਾਂ ਮਨਣ ਨਾਲ ਬਦਲ ਨਹੀਂ ਜਾਂਦਾ।ਉਹ ਹਰ ਮਨੁਖ ਤੇ ‘ਲਾਗੂ’ ਹੂੰਦਾ ਹੈ,ਤੇ ਉਸ ਨੂੰ ਨਾਂ ਮਨਣ ਵਾਲਾ ਉਸ ਦੇ ਉਲੰਘਨ ਦਾ ਦੋਸ਼ੀ ਹੁੰਦਾ ਹੈ। ਸਿੱਖ ਰਹਿਤ ਮਰਿਯਾਦਾ ਦਾ ਸੰਨਮਾਨ ਕਰਨ ਵਾਲੀ ਉਹ ਧਿਰ ਇਸ ਗਲ ਦੀ ਵੀ ਅਪੀਲ ਕਰਦੀ ਨਜਰ ਆਂਉਦੀ ਹੈ ਕੇ ਜੇ ਤੁਸੀ ਕੋਈ ਬਦਲਾਵ ਲਿਆਣਾਂ ਹੀ ਚਾਂਉਦੇ ਹੋ,ਜੋ ਗੁਰੂ ਸਿਧਾਂਤਾਂ ਦੇ ਉਲਟ ਹੈ ਤੇ ਪਹਿਲਾਂ ਇਕ ‘ਇੱਕਠ’ ਦਾ ‘ਕੋਰਮ’ ਤੇ ਪੂਰਾ ਕਰੋ। ਫੇਰ ਉਸ ‘ਇਕੱਠ ਦੇ ਨਿਯਮ’ ਦੇ ਪੂਰਾ ਹੋ ਜਾਂਣ ਤੋਂ ਬਾਦ ਉਸ ‘ਇਕੱਠ’ਦੀ ਪਰਵਾਣਗੀ ਨਾਲ ਉਸ ਨੂੰ ਸੋਧ ਲਵੋਂ। ਇਹ ਸੋਧ ਫੇਰ ਹਰ ਸਿੱਖ ਤੇ ਲਾਗੂ ਹੋਵੇਗੀ। ਲੇਕਿਨ ਦੁਖਾਂਤ ਇਹ ਹੈ ਕੇ ਨਿਯਮ ਦੇ ਉਲਟ ਜਾਕੇ ਅਸੀ ਸੋਧਾਂ ਤੇ ਕਰਨਾਂ ਚਾਂਉਦੇ ਹਾਂ ਲੇਕਿਨ ‘ਇਕੱਠ’ ਦੀ ਗਲ ਕਿਸੇ ਨੂੰ ਨਹੀ ਭਾਉਂਦੀ।

‘ਸਿੱਖ ਰਹਿਤ ਮਰਿਯਾਦਾ’ ਦੇ ਨਿਯਮਾਂ ਜਾਂ ਉਸ ਦੇ ਕਿਸੇ ਵੀ ‘Content’ ਨੂੰ ਸੋਧਨ ਦੀ ਗਲ ਵੀ ਇਸ ਦੀ ਪਰਿਭਾਸ਼ਾ ਵਿਚ ਹੈ।ਇਤਰਾਜ ਯੋਗ ਨਿਯਮਾਂ ਵਿਚ ਸੋਧ ਕਰਨ ਦਾ ਵਿਧਾਨ ਵੀ ਮੌਜੂਦ ਹੈ, ਲੇਕਿਨ ਯਾਦ ਰਹੇ ਕੇ ‘ਬਹੁ ਗਿਣਤੀ ਇਕੱਠ’ ਤੇ ਉਸ ਦੀ ਪ੍ਰਵਾਣਗੀ ਵੀ ਇਸ ਦਾ ਇਕ ਜਰੂਰੀ ਪਹਿਲੂ ਹੈ।

ਇਕ ਬਹੁਤ ਅਹਿਮ ਗਲ ਜੋ ਪਹਿਲੀ ਧਿਰ ਸਮਝ ਨਹੀ ਪਾਈ ਜਾਂ ਦੂਜੀ ਧਿਰ ਠੀਕ ਤਰ੍ਹਾਂ ਪਹਿਲੀ ਧਿਰ ਨੂੰ ਇਹ ਸਮਝਾ ਨਹੀ ਸਕੀ ਕੇ ਸਿੱਖ ਰਹਿਤ ਮਰਿਯਾਦਾ ਵਿਚ ਜੋ ਗੈਰ ਸਿਧਾਂਤਕ ਨਿਯਮ ਜਾਂ ‘ਕਾਂਨਟੇਂਟਸ’ ਮੌਜੂਦ ਹਨ, ਉਨਾਂ ਦੇ ਬਦਲਾਵ ਲਈ ਤੇ ਵਿਰੋਧ ਦਰਜ ਕੀਤਾ ਜਾ ਸਕਦਾ ਹੈ ਨਾਂ ਕੇ ਪੂਰੀ ਰਹਿਤ ਮਰਿਯਾਦਾ ਹੀ ਨਾਮੰਜੂਰ ਕਰ ਦੇਣੀ ਤੇ ਅਪਣੀ ਵਖਰੀ ਰਹਿਤ ਮਰਿਯਾਦਾ ਹੀ ਦੂਜੀ ਬਣਾਂ ਲੈਣੀ ਚਾਹੀ ਦੀ ਹੈ।ਅਸੀ ਨਿਜੀ ਤੌਰ ਤੇ ਸੋ ਦੋ ਸੌ ਜਾਂ ਹਜਾਰ ਦੋ ਹਜਾਰ ਬੰਦੇ ਅਪਣੀ ਅਪਣੀ ਰਹਿਤ ਮਰਿਯਾਦਾ ਵੀ ਤੈਯਾਰ ਕਰ ਕੇ ਬਿਹ ਜਾਈਏ ਫੇਰ ਵੀ ਉਹ ਉਹ ਕੌਮ ਤੇ ਲਾਗੂ ਤਾਂ ਹੀ ਹੋਵੇ ਗੀ ਜਦੋਂ ਕੌਮ ਦੀ ਬਹੁ ਗਿਣਤੀ ਉਸ ਨੂੰ ਪ੍ਰਵਾਣ ਕਰੇਗੀ।

ਸਿੱਖ ਰਹਿਤ ਮਰਿਯਾਦਾ ਦਾ ਹਰ ਨਿਯਮ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਸਿਧਾਂਤ ਦੀ ਕਸਵੱਟੀ ਤੇ ਖਰਾ ਉਤਰਦਾ ਹੋਵੇ ਤੇ ਗੁਰੂ ਸਿਧਾਂਤਾਂ ਤੇ ਅਧਾਰਿਤ ਹੋਵੇ-

ਸਿੱਖ ਰਹਿਤ ਮਰਿਯਾਦਾ ਦੀ ਪਰਿਭਾਸ਼ਾ ਦਾ ਇਹ ਪੱਖ ਉਸ ਧਿਰ ਦੀ ਵਿਚਾਰ ਧਾਰਾ ਨੂੰ ਪ੍ਰੋੜਤਾ ਦੇਂਦਾ ਹੈ ਜੋ ਸਿੱਖ ਰਹਿਤ ਮਰਿਯਾਦਾ ਦੇ ਉਨਾਂ ਕੁਝ ਨਿਯਮਾਂ ਦੇ ਵਿਰੁਧ ਹਨ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਉਲਟ ਹਨ।ਸਪਸ਼ਟ ਰੂਪ ਵਿਚ ਕਹਿਆਂ ਜਾਵੇ ਤੇ ‘ਅਰਦਾਸ’ ਵਿਚ ‘ਭਗੌਤੀ ਦੀ ਅਰਾਧਨਾਂ’, ਨਿਤਨੇਮ ਦੀਆਂ ਕੁਝ ਬਾਣੀਆਂ ਜੋ ਬਚਿਤਰ ਨਾਟਕ ਵਿਚ ਚਰਿਤ੍ਰਯੋ ਪਾਖਿਯਾਨ ਦਾ ਇਕ ਹਿਸਾ ਹਨ’ ਤੇ ਹੋਰ ਬਹੁਤ ਕੁਝ।ਦੂਜੀ ਧਿਰ ਵੀ ਇਸ ਗਲ ਤੋਂ ਸਹਿਮਤ ਵੀ ਹੈ ਕੇ ‘ਸਿੱਖ ਰਹਿਤ ਮਰਿਯਾਦਾ’ ਦੇ ਇਹ ‘ਅੰਸ਼’ ਕਿਸੇ ਵੀ ਪਖੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ‘ਸਿਖਿਆ ਤੇ ਸਿਧਾਂਤਾਂ’ ਨਾਲ ਉੱਕਾ ਹੀ ਮੇਲ ਨਹੀਂ ਖਾਂਦੇ, ਲੇਕਿਨ ਉਹ ਰਹਿਤ ਮਰਿਯਾਦਾ ਦਾ ਉਲੰਘਣ ਕਰਨ ਦੇ ਹਕ ਵਿਚ ਵੀ ਨਹੀ ਹੁੰਦੇ।ਸਾਡੇ ਵਿਚੋ ਕਈ ਗੁਰੂ ਗ੍ਰੰਥ ਦੇ ਸਿੱਖ ਨਿਜੀ ਤੌਰ ਤੇ ਸੋਦਰ ਦੀ ਨਿਰੋਲ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਅਨੁਸਾਰ ਹੀ ਪੜ੍ਹਦੇ ਹਨ ਤੇ ‘ਭਗੌਤੀ ਦੇਵੀ’ ਅਗੇ ਅਰਦਾਸ ਨਹੀਂ ਕਰਦੇ।ਲੇਕਿਨ ਸੰਗਤ ਵਿਚ ਜਦੋਂ ਉਹ ਅਰਦਾਸ ਪੜ੍ਹੀ ਜਾਂਦੀ ਹੈ ਤੇ ਉਸ ਵਿਚ ਸ਼ਾਮਿਲ ਹੋ ਜਾਂਦੇ ਨੇ, ਕਿਊ ਕੇ ਉਥੇ ਉਨਾਂ ਉਪਰ ‘ਸਿੱਖ ਰਹਿਤ ਮਰਿਯਾਦਾ’ ਦਾ ਕਾਨੂਨ ਲਾਗੂ ਹੁੰਦਾ ਹੈ ਮਨਣ ਤੇ ਨਾਂ ਮਨਣ ਦਾ ਕੋਈ ਨਿਯਮ ਉਥੇ ਲਾਗੂ ਨਹੀ ਹੂੰਦਾ।

ਇਥੇ ਇਕ ਬਹੁਤ ਅਹਿਮ ਸਵਾਲ ਜੋ ਸਿਧਾਂਤ ਨਾਲ ਜੁੜਿਆ ਹੈ, ਉਹ ਖੜਾ ਹੋ ਜਾਂਦਾ ਹੈ ਕੇ –

ਇਕ ਸਿੱਖ ਅੰਦਰੋ ਤੇ ਬਾਹਰੋਂ ਇਕ ਸਾਰ ਹੁੰਦਾ ਹੈ ਇਹ ਨਹੀਂ ਕੇ ਅਪਣੇ ਘਰ ‘ਸਿੱਖ ਰਹਿਤ ਮਰਿਯਾਦਾ’ ਦਾ ਉਲੰਘਣ ਕਰ ਲਵੇ ਤੇ ਇਕੱਠ ਵਿਚ ਬਗੁਲੇ ਭਗਤ ਵਾਂਗੂ ਸਭ ਕੁਝ ਮਨਜੂਰ ਕਰ ਲਵੇ ਭਾਂਵੇ ਉਹ ‘ਸਿਧਾਂਤਕ’ ਹੋਵੇ ਭਾਵੇ ਨਾਂ ਹੋਵੇ।

ਐਸਾ ਨਹੀ ਹੈ-ਨਿਜੀ ਤੌਰ ਤੇ ਐਸਾ ਵਿਅਕਤੀ ਸਿੱਖ ਰਹਿਤ ਮਰਿਯਾਦਾ ਦੇ ਸਾਰਿਆਂ ਨਿਯਮਾਂ ਦਾ ਉਲੰਘਣ ਨਹੀ ਕਰ ਰਿਹਾ ਹੁੰਦਾ ।ਉਸ ਦਾ ਐਸਾ ਕਰਨਾਂ ਕੇਵਲ ਉਨਾਂ ਨਿਯਮਾਂ ਦਾ ਇਕ ਨਿਜੀ ਤੌਰ ਤੇ ‘ਵਿਰੋਧ’ ਕਰਨਾਂ ਹੁੰਦਾ ਹੈ ਜੋ ਉਸ ਦੇ ‘ਸ਼ਬਦ ਗੁਰੂ’ ਦੇ ਸਿਧਾਂਤਾਂ ਨੂੰ ਚੋਟ ਪੰਹੁਚਾ ਰਹੇ ਹੂੰਦੇ ਨੇ।ਅਸਿਧੇ (ਨਿਦਰਿੲਚਟ ) ਰੂਪ ਤੋਂ ਉਹ ਐਸਾ ਕਰਕੇ ਗੁਰੂ ਦੇ ਵਡਮੁਲੇ ‘ਸਿਧਾਂਤਾਂ’ ਤੇ ਪਹਿਰਾ ਹੀ ਦੇ ਰਿਹਾ ਹੂੰਦਾ ਹੈ।ਐਸਾ ਸਿੱਖ ਅਪਣੇ ਗੁਰੂ ਦੀ ਨਜਰ ਵਿਚ ਤੇ ਅਪਣੇ ਜਮੀਰ ਨੂੰ ਐਸਾ ਕਰਕੇ ਇਹ ਦਰਜ ਕਰਾ ਰਿਹਾ ਹੂੰਦਾ ਹੈ ਕੇ ਉਹ ਸਿੱਖ ਰਹਿਤ ਮਰਿਯਾਦਾ ਦਾ ਵਿਰੋਧੀ ਨਹੀ ਲੇਕਿਨ ਗੈਰ ਸਿਧਾਂਤਕ ਅਤੇ ਗੁਰਮਤਿ ਦੇ ਉਲਟ ਕਿਸੇ ਨਿਯਮ ਨੂੰ ਨਹੀ ਮਣਦਾ।ਇਥੇ ਦੋਗਲਾ ਪਣ ਜਾਂ ‘ਦਬਲ ਸਟੇਂਡਰਡ ‘ ਦੀ ਗਲ ਲਾਗੂ ਨਹੀ ਹੁੰਦੀ।ਜਿਨਾਂ ਧਿਰਾਂ ਨੇ ‘ਅਰਦਾਸ ਤੇ ਨਿਤਨੇਮ ਦੀਆਂ ਨਿਜੀ ਪੋਥੀਆਂ’ ਬਣਾਂ ਲਈਆਂ ਹਨ ਉਹ ਵੀ ਇਸ ‘ਵਿਰੋਧ’ ਦਾ ਹੀ ਇਕ ਰੂਪ ਹੈ। ਇਹ ਨਿਜੀ ਅਰਦਾਸ ਤੇ, ਪੋਥੀਆਂ ‘ਗੁਰੂ ਸਿਧਾਂਤਾਂ’ ਦੇ ਹੋ ਰਹੇ ਅਪਮਾਨ ਦੇ ਵਿਰੁਧ ਇਕ ‘ਵਿਰੋਧ’ ਤੇ ‘ਅਕ੍ਰੋਸ਼’ ਦਾ ਹੀ ਪ੍ਰਗਟਾਵਾ ਹੈ।ਇਹ ਉਨਾਂ ਦੇ ਵਿਰੋਧ ਦਾ ਇਕ ਤਰੀਕਾ ਤੇ ਹੋ ਸਕਦਾ ਹੈ ਪਰ ਇਹ ਸਿੱਖ ਰਹਿਤ ਮਰਿਯਾਦਾ ਦਾ ਇਕ ਅੰਗ ਨਹੀ ਬਣ ਸਕਦਾ ,ਜਦੋ ਤਕ ਪੰਥ ਦਾ ਇਕ ਬਹੁ ਗਿਣਤੀ ਤਬਕਾ ਇਸ ਨੂੰ ਮਾਨਤਾ ਨਾਂ ਦੇ ਦੇਵੇ।

ਵਿਵਾਦ ਤੇ ਵਖਰੇਵਾਂ ਇਸਦਾ ਹਲ ਨਹੀ, ਜਰੂਰਤ ਹੈ ਦੋਹਾਂ ਧਿਰਾਂ ਨੂੰ ਇਕ ਦੂਜੇ ਦੀ ਭਾਵਨਾਂ ਨੂੰ ਸਮਝਣ ਦੀ ਤੇ ਸਮਝਾਉਣ ਦੀ। ਮਸਲਾ ਇਕਠੇ ਬੈਠਣ ਤੋਂ ਬਿਨਾਂ ਹਲ ਨਹੀ ਹੋਣਾਂ।

ਸਿੱਖ ਰਹਿਤ ਮਰਿਯਾਦਾ ਕੋਈ ਐਸੀ ਚੀਜ ਨਹੀ ਜਿਸ ਨੂੰ ਕੋਈ ਵੀ ਚਾਹੇ ਤੇ ਨਕਾਰ ਦੇਵੇ ਤੇ ਕੋਈ ਵੀ ਚਾਹੇ ਤੇ ਅਪਣੀ ਵਖਰੀ ਰਹਿਤ ਮਰਿਯਾਦਾ ਬਣਾਂ ਲਵੇ। ਇਹ ਇਕ ‘ਪੰਥਿਕ ਕਾਨੂਨ’ ਹੈ ਜੋ ਹਰ ਸਿੱਖ ਤੇ ਲਾਗੂ ਹੈ ਭਾਂਵੇ ਉਹ ਅਕਾਲ ਤਖਤ ਦਾ ਸੇਵਾਦਾਰ ਹੋਵੇ ਭਾਂਵੇ ਉਹ ਕੋਈ ਡੇਰੇ ਦਾਰ ਹੀ ਹੋਵੇ।ਕਿਸੇ ਨੂੰ ਵੀ ਨਿਜੀ ਤੌਰ ਤੇ ਇਸ ਨੂੰ ਬਦਲਣ ਤੇ ਸੋਧਨ ਦਾ ਅਧਿਕਾਰ ਨਹੀ ਹੈ।ਜੇ ਇਸ ਨਿਯਮ ਤੇ ਅਧੀਕਾਰ ਨੂੰ ਅਸੀਂ ਆਪਣੇ ਨਿਜੀ ਹਥ ਵਿਚ ਲੈ ਲਿਆ ਤੇ ‘ਕੇਸਾਧਾਰੀ ਬ੍ਰਾਹਮਣ ਪੁਜਾਰੀਆਂ’ ਦੀ ਟੋਲੀ ਤੁਹਾਡੇ ਨਾਲੋ ਪਹਿਲਾਂ ਤੈਯਾਰ ਬਰ ਤੈਯਾਰ ਬੈਠੀ ਹੈ, ਇਸ ਵਿਚ ਸੋਧਾਂ ਕਰਨ ਲਈ।ਤੁਹਾਡੀ ਸੋਧੀ ਹੋਈ ਮਰਿਆਦਾ ਤੇ ਛਿਕੇ ਵਿਚ ਟੰਗੀ ਰਹਿ ਜਾਂਣੀ ਹੈ ਤੇ ਉਨਾਂ ਦੀ ਸੋਧੀ ਹੋਈ ਰਹਿਤ ਮਰਿਯਾਦਾ ਪੂਰੀ ਕੌਮ ਨੇ ‘ਅਕਾਲ ਤਖਤ ਦਾ ਹੁਕਮ’ ਮੰਨ ਕੇ ਪ੍ਰਵਾਣ ਕਰ ਲੈਣੀ ਹੈ।‘ਧੁਮੱਕੜ ਸ਼ਾਹੀ ਕੈਲੰਡਰ’ ਦਾ ਪ੍ਰਤਿਅਖ ਤੇ ਤਾਜਾ ਪ੍ਰਮਾਣ ਤੁਹਾਡੇ ਸਾਹਮਣੇ ਮੌਜੂਦ ਹੈ ।80 % ਕੌਮ ਉਨਾਂ ‘ਬ੍ਰਾਹਮਣਾਂ ਦੇ ਕੂੜਨਾਮੇਂ’ ਨੂੰ ਅਕਾਲ ਤਖਤ ਦਾ ਆਦੇਸ਼ ਮੰਨ ਕੇ ਬ੍ਰਾਹਮਣਾਂ ਦੀ ਜੰਤਰੀ ਅਨੁਸਾਰ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਂ ਰਹੀ ਹੈ।

ਹੁਣ ਗਲ ਫੇਰ ਉਥੇ ਹੀ ਆ ਜਾਂਦੀ ਹੈ ਕੇ ਇਸ ਦਾ ਮਤਲਬ ਇਹ ਹੈ ਕੇ ਸਿੱਖ ਰਹਿਤ ਮਰਿਯਾਦਾ ਵਿਚ ਜੋ ਨਿਯਮ ਗੁਰੂ ਸਿਧਾਂਤਾਂ ਦੇ ਉਲਟ ਹਨ ਉਨਾਂ ਨੂੰ ਕੀ ਅਸੀਂ ‘ਸਿੱਖ ਰਹਿਤ ਮਰਿਯਾਦਾ’ ਦੇ ਸੰਨਮਾਨ ਦੇ ਨਾਮ ਤੇ ਹਥ ਤੇ ਹਥ ਧਰ ਕੇ ਮੰਨਦੇ ਰਹੀਏ ਤੇ ਅਪਣੀ ਜਮੀਰ ਨੂੰ ਘੁਟ ਘੁਟ ਕੇ ਮਰਦਿਆਂ ਵੇਖਦੇ ਰਹਿਏ।

ਖਾਲਸਾ ਜੀ ! ਐਸਾ ਹੀ ਹੋਣਾਂ ਹੈ ਜੇ ਅਸੀਂ ਇਕੱਠੇ ਨਾਂ ਹੋਏ! ਇਸ ਦਾ ਇਕ ਤੇ ਇਕ ਤਰੀਕਾ ਹੈ ,ਉਹ ਇਹ ਕੇ ਸਾਰੇ ਅਪਣੇਂ ਅਪਣੇਂ ਖੇਤਰ ਵਿਚ ਅਪਣਾਂ ਅਪਣਾਂ ‘ਹੋਮ ਵਰਕ’ ਅਸੀਂ ਸਾਰੇ ਹੀ ਕਰਦੇ ਰਹੀਏ ਲੇਕਿਨ ਸਭਤੋਂ ਪਹਿਲਾਂ ਇਕੋ ਇਕ ਟੀਚਾ ਸੋਧੀਏ! ਉਹ ਇਹ ਕੇ ਗੁਰਮਤਿ ਤੇ ਗੁਰੂ ਸਿਧਾਂਤਾਂ ਦੀ ਡੁਬਦੀ ਬੇੜੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੂੰਦਰ ਵਿਚੋਂ ਬਾਹਰ ਕਡ੍ਹਨ ਲਈ ਇਕਜੁਟ ਹੋ ਜਾਈਏ।ਸਾਡੀ ਕੋਈ ਨਿਜੀ ਵਿਚਾਰ ਧਾਰਾ ਤੇ ਅਹਿਮ, ਪ੍ਰਮੁਖ ਤੇ ਪ੍ਰਬਲ ਨਾਂ ਹੋਵੇ ਕੇਵਲ ਤੇ ਕੇਵਲ ਗੁਰਮਤਿ ਦੇ ਸਿਧਾਂਤ ਦੀ ਪ੍ਰਮੁਖਤਾ ਤੇ ਪਭੁਸਤਾ ਦੀ ਸੇਧ ਹੋਵੇ। ਇਕ ਧਿਰ ਦੂਜੀ ਧਿਰ ਦੀ ਭਾਵਨਾਂ ਨੂੰ ਸਮਝੇ ਤੇ ਉਸ ਦੀ ਕਦਰ ਕਰੇ। ਆਪਸੀ ਖਿਹਬਾਜੀ ਵਖਰੇਵੇ ਦਾ ਕਾਰਣ ਬਣਦੀ ਹੈ। ਜੋ ਵਿਸ਼ਾ ਵਿਵਾਦ ਖੜਾ ਕਰਦਾ ਹੋਵੇ ਉਸਨੂੰ ਨਿਜੀ ‘ਕਮਯੂਨੀਕੇਸ਼ਨ’ ਰਾਹੀ ਹਲ ਕਰ ਲਿਆ ਜਾਵੇ ਜੋ ਵਿਸ਼ਾ ਕੋਈ ‘ਸੰਦੇਸ਼’ ਦੇਂਦਾ ਹੋਵੇ ਉਸ ਨੂੰ ਲੇਖਾਂ ਰਾਹੀ ਪੰਥ ਦੀ ਬੈਠਕ ਵਿਚ ਭੇਜਿਆ ਤੇ ਪਬਲਿਸ਼ ਕੀਤਾ ਜਾਵੇ। ਬਹੁਤੇ ਮਸਲੇ ਤੇ ਵਿਚਾਰ ਉਸ ਵੇਲੇ ਵਿਕਰਾਲ ਰੂਪ ਧਾਰਣ ਕਰ ਲੈਂ ਦੇ ਨੇ ਤੇ ਵਖਰੇਵੇ ਦਾ ਕਾਰਣ ਬਣ ਜਾਂਦੇ ਨੇ ਜਦੋ ਸ਼ੰਵੇਦਨ ਸ਼ੀਲ ਵਿਸ਼ਿਆਂ ਤੇ ਦੋ ਸੁਹਿਰਦ ਧਿਰਾਂ ਆਪਸੀ ਵਿਚਾਰ ਧਾਰਾ ਨੂੰ ਸਹੀ ਸਾਬਿਤ ਕਰਨ ਲਈ ਆਪਸੀ ਖਿਹ ਬਾਜੀ ਨੂੰ ਪਬਲਿਸ਼ ਕਰ ਦੇਂਦੀਆਂ ਹਨ। ਮਸਲਿਆਂ ਤੇ ਵਿਚਾਰਾਂ ਦੇ ਟਕਰਾਵ ਨੂੰ ਪਬਲਿਸ਼ ਨਾਂ ਕਰਕੇ ਟੇਲੀਫੋਨ ਯਾਂ ਈ. ਮੇਲ ਰਾਹੀ ਹਲ ਕੀਤਾ ਜਾਵੇ। ‘ਇਕੱਠ’ ਤੋਂ ਬਿਨਾਂ ਪਹਿਲੀ ਧਿਰ ਦਾ ਰਹਿਤ ਮਰਿਯਾਦਾ ਪ੍ਰਤੀ ਸੰਨਮਾਨ ਤੇ ਦੂਜੀ ਧਿਰ ਦਾ ਸਿਧਾਂਤਾਂ ਅਨੁਸਾਰ ਉਸ ਦਾ ਖਰੜਾ ਤਿਆਰ ਕਰਨਾ ਦੋਵੇਂ ਹੀ ਤਾਂ ਤਕ ਬੇਮਾਨੇ ਹੀ ਸਾਬਿਤੇ ਹੋਣਗੇ, ਜਦੋਂ ਤਕ ਦੋਹੇ ਧਿਰਾਂ ‘ਇਕੱਠ’ ਦੀ ਗਲ ਨੂੰ ਅਮਲ ਵਿਚ ਨਹੀਂ ਲਿਆਂਦੀਆਂ।

ਜੇ ਇਕਠੇ ਨਾਂ ਹੋਏ ਤੇ ਸਦੀਆਂ ਵੀ ਲੰਘ ਜਾਣਗੀਆਂ ਹਾਸਿਲ ਕੁਝ ਨਹੀ ਹੋਣਾਂ। ਅਸੀ ਸੋਚਦੇ ਹੀ ਸੋਚਦੇ ਇਹ ਜੀਵਨ ਗਵਾ ਲਵਾਂਗੇ ।ਆਉਣ ਵਾਲੀ ਪੀੜ੍ਹੀ ਦੇ ਵਾਸਤੇ ਅਸੀ ਕੁਝ ਵੀ ਛਡ ਕੇ ਨਹੀ ਜਾ ਸਕਾਂਗੇ, ਜੋ ਛਡਕੇ ਜਾਵਾਂਗੇ ਉਹ ਹੋਵੇਗਾ ਸਾਡਾ ਅਹਿਮ, ਖਿਹਬਾਜੀ ਤੇ ਝੂਠੀ ਵਿਦਵਤਾ।

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top