Share on Facebook

Main News Page

ਪੱਪੂਆਂ ਅੱਗੇ ਫਿਰ ਝੁਕਿਆ ਪਰਮਜੀਤ ਸਿੰਘ ਸਰਨਾ

ਟਿੱਪਣੀ: ਇਸ ਖਬਰ ਦਾ ਸਿਰਲੇਖ "ਸ੍ਰੀ ਅਕਾਲ ਤਖਤ ਦਾ ਫੈਸਲਾ, ਸਰਨੇ ਨੂੰ ਉਪਰਲੇ ਹੁਕਮਾਂ ‘ਤੇ ਲਾਈ ਟੁੱਟੀ ਫੁੱਟੀ ਸੇਵਾ", ਪਰ ਖ਼ਾਲਸਾ ਨਿਊਜ਼ ਨੇ ਇਹ ਸਿਰਲੇਖ ਬਦਲਿਆ ਹੈਾ। ਬੇਗੈਰਤ ਸਰਨੇ ਨੇ ਆਪਣੀ ਕੁਰਸੀ ਬਚਾਉਣ ਲਈ ਕਿੰਨੀ ਵਾਰੀ ਇਹ ਕੰਮ ਕੀਤਾ, ਆਪਣੀ ਬਾਰ ਬਾਰ ਬੇਇਜ਼ਤੀ ਕਰਵਾਈ, ਫਿਰ ਵੀ ਦਿੱਲੀ ਦੀ ਕੁਰਸੀ ਵੀ ਗਵਾ ਲਈ, ਸ਼ਰਮ ਫਿਰ ਵੀ ਨਾ ਆਈ। ਬਾਦਲ ਦੇ ਟੁੱਕੜਬੋਚਾਂ ਕੋਲੋਂ ਬੇਇੱਜ਼ਤ ਹੋਣਾ, ਇਸ ਤੋਂ ਵੱਡੀ ਬੇਵਕੂਫੀ ਕੀ ਹੋ ਸਕਦੀ ਹੈ।  ਆਪਣੇ ਆਕਾ ਦੇ ਵਿਰੁੱਧ ਹੋਏ ਕੇਸ ਨੂੰ ਵਾਪਸ ਲੈਣ ਲਈ, ਆਕਾ ਵਲੋਂ ਆਏੇ ਹੁਕਮ 'ਤੇ ਪੱਪੂਆਂ ਨੇ ਸਰਨੇ ਨੂੰ ਅਕਾਲ ਤਖ਼ਤ ਦਾ ਰੋਅਬ ਦਿਖਾ ਕੇ ਸੱਦਿਆ। ਜੇ ਪਤਾ ਹੈ ਕਿ ਜੋ ਕੰਮ ਸਰਨਾ ਆਪ ਕਰ ਰਹੇ ਨੇ, ਉਹ ਠੀਕ ਹੈ, ਤਾਂ ਝੁਕਣ ਦੀ ਕੀ ਲੋੜ ਹੈ, ਪਰ ਰੀੜ ਦੀ ਹੱਡੀ ਹੋਵੇ ਤਾਂ, ਬੰਦਾ ਮਾਣ ਨਾਲ ਖੜ ਸਕਦਾ ਹੈ!!! ਸਰਨਾ, ਸੱਭ ਕੁੱਝ ਜਾਣਦਾ ਹੋਇਆ, ਸਿਰਫ ਵੋਟਾਂ ਅਤੇ ਕੁਰਸੀ ਬਚਾਉਣ ਦੇ ਚੱਕਰ 'ਚ ਹਰ ਵਾਰੀ ਜ਼ਲੀਲ ਹੁੰਦਾ ਆਇਆ ਹੈ, ਲੱਖ ਲਾਹਨਤ ਐਸੇ ਲੋਕਾਂ 'ਤੇ... ਕਿਉਂਕਿ ਸਰਨੇ ਵਰਗੇ ਲੋਕਾਂ ਨੇ ਇਨ੍ਹਾਂ ਅਖੌਤੀ ਜੱਥੇਦਾਰਾਂ ਅੱਗੇ ਝੁੱਕ ਝੁੱਕ ਕੇ, ਉਨ੍ਹਾਂ ਨੂੰ ਖੁਦਾ ਬਣਾ ਦਿੱਤਾ ਹੈ।
- ਸੰਪਾਦਕ ਖ਼ਾਲਸਾ ਨਿਊਜ਼

ਸ੍ਰੀ ਅਕਾਲ ਤਖਤ ਦਾ ਫੈਸਲਾ, ਸਰਨੇ ਨੂੰ ਉਪਰਲੇ ਹੁਕਮਾਂ ‘ਤੇ ਲਾਈ ਟੁੱਟੀ ਫੁੱਟੀ ਸੇਵਾ

ਅੰਮ੍ਰਿਤਸਰ 26 ਜੁਲਾਈ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਉਪਰੰਤ ਦਿੱਲੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਸਰਨਾ ਨੂੰ ਦਿੱਲੀ ਵਿਖੇ ਗੁਰੂਦੁਆਰਾ ਰਕਾਬ ਗੰਜ ਕੰਪਲੈਕਸ ਵਿੱਚ ਸ਼ਹੀਦੀ ਯਾਦਗਾਰ ਦਾ ਰੱਖੇ ਗਏ ਨੀਂਹ ਪੱਥਰ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਦੀ ਫਸੀਲ ਤੋ ਸੇਵਾ ਲਗਾਉਦਿਆ ਸਰਨਿਆ ਨੂੰ ਇੱਕ ਅਖੰਡ ਪਾਠ ਕਰਾਉਣ, ਲੰਗਰ ਲਗਾਉਣ, ਗੁਰਬਾਣੀ ਸੁਨਣ, ਭੁੱਲਾਂ ਚੁੱਕਾਂ ਦੀ ਅਰਦਾਸ ਕਰਾਉਣ ਅਤੇ ਅਦਾਲਤ ਵਿੱਚ ਕੀਤਾ ਕੇਸ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ, ਜਿਹਨਾਂ ਨੂੰ ਦੋਵਾਂ ਸਰਨਿਆ ਨੇ ਹੱਥ ਜੋੜ ਕੇ ਪ੍ਰਵਾਨ ਕਰਦਿਆ ਕਿਹਾ ਕਿ ਉਹਨਾਂ ਦੇ ਇਸ ਫੈਸਲੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਅਲੱਗ ਹੈ, ਪਰ ਉਹ ਸ੍ਰੀ ਅਕਾਲ ਤਖਤ ਦੇ ਫੈਸਲੇ ‘ਤੇ ਪੂਰੀ ਨਿਮਰਤਾ ਨਾਲ ਪਹਿਰਾ ਦੇਣ ਲਈ ਪਾਬੰਦ ਹਨ।

ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਸ੍ਰੀ ਮਨਜੀਤ ਸਿੰਘ ਸਰਨਾ ਨੂੰ ਇਸ ਲਈ ਸ੍ਰੀ ਅਕਾਲ ਤਖਤ ਵਿਖੇ ਤਲਬ ਕੀਤਾ ਗਿਆ ਸੀ ਕਿਉਕਿ ਉਹਨਾਂ ਨੇ ਦਿੱਲੀ ਵਿਖੇ 12 ਜੂਨ 2013 ਨੂੰ ਜਥੇਦਾਰਾਂ ਦਾ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਵੀ ਪੰਜ ਦੀ ਬਜਾਏ ਤਿੰਨ ਜਥੇਦਾਰਾਂ ਵੱਲੋ ਗੁਰੂਦੁਆਰਾ ਰਕਾਬ ਗੰਜ ਵਿਖੇ ਨਵੰਬਰ 1984 ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ‘‘ਸ਼ਹੀਦੀ ਯਾਦਗਾਰ’’ ਦੇ ਰੱਖੇ ਨੀਂਹ ਪੱਥਰ ਦਾ ਵਿਰੋਧ ਕਰਦਿਆ ਦਿੱਲੀ ਹਾਈ ਕੋਰਟ ਵਿੱਚ ਇੱਕ ਕੇਸ ਦਾਇਰ ਕੀਤਾ ਸੀ ਕਿ ਪਰੰਪਰਾ ਤੇ ਮਰਿਆਦਾ ਅਨੁਸਾਰ ਸ਼ਹੀਦੀ ਯਾਦਗਾਰ ਗੁਰੂਦੁਆਰਾ ਕੰਪਲੈਕਸ ਵਿੱਚ ਨਹੀ ਉਸਾਰੀ ਜਾ ਸਕਦੀ। ਦਿੱਲੀ ਕਮੇਟੀ ਦੇ ਬਾਦਲੀ ਤਿੰਨ ਮੈਂਬਰਾਂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ ਤੇ ਉਕਾਰ ਸਿੰਘ ਥਾਪਰ ਨੇ ਸ੍ਰੀ ਅਕਾਲ ਤਖਤ ਤੇ ਸ਼ਕਾਇਤ ਕੀਤੀ ਸੀ ਕਿ ਪਰਮਜੀਤ ਸਿੰਘ ਸਰਨੇ ਤੇ ਮਨਜੀਤ ਸਿੰਘ ਸਰਨੇ ਨੇ ਤਖਤਾਂ ਦੇ ਜਥੇਦਾਰਾਂ ਦੁਆਰਾ ਲਏ ਗਏ ਫੈਸਲੇ ਦਾ ਵਿਰੋਧ ਕੀਤਾ ਹੈ ਇਸ ਲਈ ਦੋਵਾਂ ਸਰਨਿਆ ਨੂੰ ਸ੍ਰੀ ਅਕਾਲ ਤਖਤ ਤੇ ਤਲਬ ਕਰਕੇ ਤਨਖਾਹ ਲਗਾਈ ਜਾਵੇ।ਖੁਦ ਪਤਿਤ ਮੁਦਰਾ ਵਾਲੇ ਸ੍ਰੀ ਅਵਤਾਰ ਸਿੰਘ ਹਿੱਤ ਨੇ ਅੰਮ੍ਰਿਤਧਾਰੀ ਪਰਮਜੀਤ ਸਿੰਘ ਸਰਨੇ ਨੂੰ ਗਦਾਰ ਦੱਸਦਿਆ ਪੰਥ ਵਿੱਚੋ ਛੇਕਣ ਦੀ ਮੰਗ ਕੀਤੀ ਸੀ।

ਇਸ ਪੱਤਰ ਦੇ ਆਧਾਰ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਸਰਨਾ ਨੂੰ ਪਹਿਲਾਂ ਪਿਛਲੇ ਮਹੀਨੇ ਬੁਲਾਇਆ ਸੀ ਪਰ ਉਹਨਾਂ ਨੇ ਆਉਣ ਤੋ ਅਸਮੱਰਥਾ ਜਾਹਿਰ ਕੀਤੀ ਸੀ ਤੇ ਫਿਰ ਉਹਨਾਂ ਨੂੰ 26 ਜੁਲਾਈ ਨੂੰ ਖੁਦ ਤਖਤ ਤੇ ਪੇਸ਼ ਹੋ ਆਪਣਾ ਲਿਖਤੀ ਪੱਖ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।

ਸ੍ਰੀ ਸਰਨਾ ਅੱਜ ਨਿਮਾਣੇ ਸਿੱਖ (ਨਿਮਾਣਾ ਨਹੀਂ ਮੂਰਖ) ਵਜੋਂ ਸ੍ਰੀ ਅਕਾਲ ਤਖਤ ਤੇ ਪੇਸ਼ ਹੋਏ ਤੇ ਉਹਨਾਂ ਨੇ ਆਪਣਾ ਪੱਖ ਇੱਕ ਛੇ ਸਫਿਆ ਦੇ ਪੱਤਰ ਰਾਹੀ ਬਾਖੂਬੀ ਰੱਖਿਆ ਜਿਸ ਵਿੱਚ ਉਹਨਾਂ ਵੱਲੋਂ ਪਿਛਲੀਆ ਉਹਨਾਂ ਸਾਰੀਆ ਘਟਨਾਵਾਂ ਦਾ ਜਿਕਰ ਕੀਤਾ ਜਿਹੜੀਆ ਪਿਛਲੇ ਸਮੇਂ ਦੌਰਾਨ ਵਾਪਰੀਆ ਸਨ। ਇਤਿਹਾਸ ਦੇ ਇਸ ਹਿੱਸੇ ਵਜੋਂ ਜਾਣੇ ਜਾਂਦੇ ਪੱਤਰ ਵਿਚ ਪੇਸ਼ ਕੀਤੀਆ ਗਈਆ ਘਟਨਾਵਾ ਦਾ ਜ਼ਿਕਰ ਜਥੇਦਾਰਾਂ ਨੇ ਜਦੋਂ ਪੜਿਆ ਤਾਂ ਜਥੇਦਾਰਾਂ ਦੀ ਬੋਲਤੀ ਬੰਦ ਹੋ ਗਈ।

ਸ੍ਰੀ ਸਰਨਾ ਤੇ ਉਹਨਾਂ ਦੇ ਸਾਥੀ ਕਰੀਬ ਦੋ ਘੰਟੇ ਅੰਦਰ ਰਹੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ 1984 ਦੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਬਣਾਏ ਜਾ ਰਹੇ ਸ਼ਹੀਦੀ ਯਾਦਗਾਰ ਦਾ ਵਿਰੋਧ ਕਿਉ ਕੀਤਾ ਤਾਂ ਸਰਨਿਆ ਨੇ ਇਤਿਹਾਸ ਬਾਰੇ ਚਾਨਣਾ ਪਾਉਦਿਆ ਦੱਸਿਆ ਕਿ ਇਤਿਹਾਸ ਦੇ ਪੰਨਿਆ ਕਿਤੇ ਵੀ ਜ਼ਿਕਰ ਨਹੀ ਹੈ ਕਿ ਗੁਰੂ ਸਾਹਿਬਾਨ ਦੇ ਨਾਲ ਜਾਂ ਉਹਨਾਂ ਤੋ ਬਾਅਦ ਸ਼ਹੀਦ ਹੋਣ ਵਾਲੇ ਸਿੰਘਾਂ ਦਾ ਕੋਈ ਵੀ ਸਮਾਧ ਜਾਂ ਸਮਾਰਕ ਗੁਰੂ ਸਾਹਿਬ ਦੇ ਇਤਿਹਾਸਕ ਗੁਰੂਦੁਆਰੇ ਦੇ ਨਜਦੀਕ ਬਣੀ ਹੋਈ ਹੋਵੇ। ਸਰਨਿਆ ਦੇ ਇਸ ਜਵਾਬ ਅੱਗੇ ਭਾਂਵੇ ਜਥੇਦਾਰ ਲਾਜਵਾਬ ਸਨ ਪਰ ਜਥੇਦਾਰਾਂ ਨੇ ਤਾਂ ਉਪਰੋਂ ਆਏ ਹੁਕਮਾਂ ਅਨੁਸਾਰ ਹੀ ਕਾਰਵਾਈ ਕਰਦਿਆ ਕਿਹਾ ਕਿ ਕੁਝ ਵੀ ਹੋਵੇ ਤੁਸੀ ਗਲਤੀ ਕੀਤੀ ਹੈ ਤਾਂ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਅਸੀ ਮਰਿਆਦਾ ਦੀ ਚੌਕੀਦਾਰੀ ਕੀਤੀ ਹੈ ਜੇਕਰ ਤੁਹਾਨੂੰ ਉਹ ਇੰਜ ਲੱਗਦਾ ਹੈ ਕਿ ਇਹ ਗਲਤ ਹੈ ਤਾਂ ਫਿਰ ਮੇਮਣੇ ਦੇ ਪਾਣੀ ਗੰਦਾ ਕਰਨ ਵਾਂਗ ਤੁਸ਼ੀ ਸ਼ੇਰ ਵਾਲਾ ਆਪਣਾ ਫੈਸਲਾ ਸੁਣਾ ਦਿਉ ਅਸੀ ਮੰਨ ਲਵਾਂਗੇ।

ਲੰਬੀ ਮੀਟਿੰਗ ਉਪਰੰਤ ਜਥੇਦਾਰ ਅਕਾਲ ਤਖਤ ਨੇ ਉਹਨਾਂ ਨੂੰ ਵਾਪਸ ਜਾਣ ਦੋ ਆਦੇਸ਼ ਜਾਰੀ ਕਰ ਦਿੱਤੇ ਸਨ ਪਰ ਕਰੀਬ ਤਿੰਨ ਘੰਟੇ ਬਾਅਦ ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਤੇ ਤਲਬ ਹੋਣ ਦਾ ਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਗਿਆ।ਸ੍ਰੀ ਪਰਮਜੀਤ ਸਿੰਘ ਸਰਨਾ ਤੇ ਸ੍ਰੀ ਮਨਜੀਤ ਸਿੰਘ ਸਰਨਾ ਨੂੰ ਹੱਥ ਜੋੜ ਕੇ ਸ੍ਰੀ ਅਕਾਲ ਤਖਤ ਤੇ ਸਾਹਮਣੇ ਖੜਾ ਕਰ ਦਿੱਤਾ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਹੁਕਮ ਸੁਣਾਇਆ ਜਿਸ ਦਾ ਮੂਲ ਪਾਠ ਇਸ ਤਰਾ ਹੈ:-

‘‘ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ ਵੱਲੋਂ 1984 ਦੇ ਕਤਲੇਆਮ ਦੇ ਸਬੰਧ ਵਿੱਚ ਗੁਰੂਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦੀ ਯਾਦਗਾਰ ਬਣਾਉਣ ਸਬੰਧੀ ਜੋ ਅਦਾਲਤੀ ਕੇਸ ਕੀਤਾ ਗਿਆ ਸੀ , ਇਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ ਤੁਰੰਤ ਅਦਾਲਤੀ ਕੇਸ ਵਾਪਸ ਲੈਣ ਅਤੇ ਗੁਰੂਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਦੇ ਹੋਏ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ, ਗੁਰਬਾਣੀ ਸਰਵਣ ਕਰਨ, ਯਥਾ-ਯੋਗ ਲੰਗਰ ਲਗਾਉਣ, ਸੇਵਾ ਕਰਨ ਅਤੇ ਹੋਈਆ ਭੁੱਲਾਂ ਦੀ ਅਰਦਾਸ ਕਰਵਾਉਣ।’’ ਸ਼ਾਮਲ ਹੈ।

ਸ੍ਰੀ ਅਕਾਲ ਤਖਤ ਦੇ ਹੁਕਮ ਸਿਰ ਮੱਥੇ ਪ੍ਰਵਾਨ ਕਰਦਿਆ ਸ੍ਰੀ ਸਰਨਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹਰੇਕ ਹੁਕਮ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੂੰ ਜੋ ਵੀ ਫੈਸਲਾ ਅਕਾਲ ਤਖਤ ਤੋ ਸੁਣਾਇਆ ਗਿਆ ਹੈ, ਪ੍ਰਵਾਨ ਹੈm ਪਰ ਉਹ ਗੁਰੂ ਸਾਹਿਬ ਅਸਥਾਨ ਦੇ ਬਰਾਬਰ ਕੋਈ ਵੀ ਯਾਦਗਾਰ ਨਹੀ ਬਣਨ ਦੇਣਗੇ।

ਸਥਿਤੀ ਉਸ ਵੇਲੇ ਹਾਸੋਹੀਣੀ ਹੋ ਗਈ ਜਦੋਂ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਤੋ ਫੈਸਲਾ ਸੁ$ਣਾਉਣ ਜਾ ਰਹੇ ਸਨ ਤਾਂ ਰਸਤੇ ਵਿੱਚ ਜਥੇਦਾਰ ਨੂੰ ਕੋਈ ਫੋਨ ਆ ਗਿਆ ਤੇ ਉਹ ਵਾਪਸ ਦਫਤਰ ਵਿੱਚ ਪਰਤ ਆਏ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੇ ਨੰਦਗੜ ਨੇ ਕਿਹਾ ਕਿ ਉਹ ਵਾਪਸ ਦਫਤਰ ਨਹੀ ਜਾਵੇਗਾ ਸਿਰਫ ਅਕਾਲ ਤਖਤ ਤੇ ਹੀ ਜਾਵੇਗਾ। ਬਾਕੀ ਜਥੇਦਾਰ ਤਾਂ ਵਾਪਸ ਪਰਤ ਆਏ ਤੇ ਕਰੀਬ ਅੱਧਾ ਘੰਟਾ ਵਿਚਾਰ ਚਰਚਾ ਕਰਨ ਉਪਰੰਤ ਮੁੜ ਅਕਾਲ ਤਖਤ ਤੇ ਗਏ। ਚਰਚਾ ਇਹ ਪਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਰਨੇ ਨੂੰ ਸ੍ਰੀ ਅਕਾਲ ਤਖਤ ਦੇ ਸਾਹਮਣੇ ਖੜਾ ਕਰਕੇ ਹੀਰੋ ਨਹੀ ਬਣਾਉਣਾ ਚਾਹੁੰਦੇ ਸਨ ਪਰ ਛੋਟੋ ਬਾਦਲ ਸ੍ਰੀ ਸੁਖਬੀਰ ਸਿੰਘ ਬਾਦਲ ਸਰਨੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਮੂਡ ਵਿੱਚ ਸਨ। ਇੰਜ ਦੋਵਾਂ ਬਾਦਲਾਂ ਦੀ ਆਪਸੀ ਕਸ਼ਮਕਸ਼ ਵਿੱਚੋ ਜਥੇਦਾਰ ਕਈ ਯਤਨ ਕਰਨ ਦੇ ਬਾਵਜੂਦ ਵੀ ਸਰਨੇ ਨੂੰ ਉਹੀ ਸੇਵਾ ਲਗਾਉਣ ਵਿੱਚ ਕਾਮਯਾਬ ਹੋਏ ਹਨ ਜਿਹੜੀ ਹਰ ਸਿੱਖ ਹਰ ਰੋਜ ਰੂਟੀਨ ਵਿੱਚ ਕਰਨ ਲਈ ਗੁਰੂ ਆਸ਼ੇ ਅਨੁਸਾਰ ਪਾਬੰਦ ਹੈ।

ਸ੍ਰੀ ਸਰਨਾ ਦੇ ਨਾਲ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਭਜਨ ਸਿੰਘ ਵਾਲੀਆ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰੀ ਤਰਸੇਮ ਸਿੰਘ ਖਾਲਸਾ, ਦਿੱਲੀ ਅਕਾਲੀ ਦਲ ਨਾਲ ਸਬੰਧਿਤ ਤਿੰਨ ਮੈਬਰ ਸ੍ਰੀ ਹਰਪਾਲ ਸਿੰਘ ਕੋਛੜ, ਤੇਜਿੰਦਰ ਸਿੰਘ ਭਾਟੀਆ ਅਤੇ ਪ੍ਰਭਜੀਤ ਸਿੰਘ ਜੀਤੀ, ਦਿੱਲੀ ਅਕਾਲੀ ਦਲ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ, ਕਰਤਾਰ ਸਿੰਘ ਕੋਛੜ, ਅਮਨ ਸਿੰਘ ਲੁਧਿਆਣਾ ਤੇ ਹੋਰ ਵੀ ਭਾਰੀ ਗਿਣਤੀ ਵਿੱਚ ਉਹਨਾਂ ਦੇ ਹਮਦਰ ਵੀ ਪੁੱਜੇ ਹੋਏ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top