Share on Facebook

Main News Page

ਦੀਵਾਲੀ - ਅਮਾਵਸ
ਗੁਰੂ ਗਿਆਨ ਦਾ ਪ੍ਰਕਾਸ਼ ਹੀ ਅਸਲੀ ਦੀਵਾਲੀ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਲ਼ੋਕ ਚਾਅ ਨਾਲ ਦੀਵਾਲੀ ਉਡੀਕਦੇ ਨੇ, ਮਿਠਾਈਆਂ ਵੰਡਦੇ ਨੇ, ਮਿਠਾਈਆਂ ਖਾਂਦੇ ਨੇ। ਚਾਅ ਨਾਲ ਦੀਵੇ ਬਾਲਦੇ ਨੇ, ਚਾਨਣ ਦੀਆਂ ਲੜੀਆਂ ਲਟਕਾ ਕੇ ਘਰ, ਮੰਦਰ, ਸਜਾਂਦੇ ਨੇ। ਦੂਜੇ ਪਾਸੇ ਨੌਜਵਾਨ ਸ਼ਰਾਬਾਂ ਪੀ ਕੇ ਆਪਣੀ ਜਵਾਨੀ ਗਾਲ਼ਦੇ ਨੇ, ਸਰਮਾਇਆ ਗਾਲਦੇ ਨੇ, ਜੂਏ ਵਿਚ ਘਰ ਬਾਲ਼ਦੇ ਨੇ, ਆਤਸ਼ਬਾਜ਼ੀ ਦੇ ਨਾਲ ਨਾਲ ਗਰੀਬਾਂ ਦੇ ਅਰਮਾਨ ਬਾਲ਼ਦੇ ਨੇ, ਇਹ ਹੈ ਮੱਸਿਆ।

ਪਰ ਲੋਕ ਇਹ ਨਹੀਂ ਜਾਣਦੇ, ਕਿ ਦੀਵਾਲੀ ਅਮਾਵਸ {ਮਸਿਆ} ਨਾਲ ਜੁੜੀ ਹੋਈ ਹੈ, ਦੀਵਾਲੀ ਮਸਿਆ ਦੇ ਨਾਲ ਹੀ ਹਮੇਸ਼ਾਂ ਅਉਂਦੀ ਹੈ ਦੀਵਾਲੀ ਲੰਘ ਜਾਂਦੀ ਹੈ, ਮਸਿਆ ਰਹਿ ਜਾਂਦੀ ਹੈ।

ਆਉ, ਅੱਜ ਗੁਰੂ ਕੋਲੋਂ ਪੁਛੀਏ, ਜੀ ਮੱਸਿਆ {ਅਮਾਵਸ} ਹੈ ਕੀ ? ਗੁਰੂ ਬਚਨ ਕਰਦਾ ਹੈ:

ਸਲੋਕੁ ਮਃ 1 ॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥

ਜਦੋਂ ਰਾਜੇ ਜ਼ਾਲਮ ਹੋ ਜਾਣ, ਧਰਮ ਸਥਾਨਾਂ, ਧਾਰਮਕ ਪਦਵੀਆਂ, ਅਤੇ ਧਰਮੀ ਅਖਵਾਣ ਵਾਲੇ ਲੋਕਾਂ ਦੇ ਹਿਰਦੇ ਵਿਚੋਂ ਧਰਮ ਖੰਭ ਲਾਕੇ ਉਡ ਜਾਵੇ, ਸੱਚ ਧਰਮ ਦਾ ਚੰਦ੍ਰਮਾ ਨਾ ਦਿਸੇ, ਹਰ ਪਾਸੇ ਕੂੜ ਦਾ ਅੰਧੇਰਾ ਪਸਰ ਜਾਵੇ, ਤਾਂ ਸਮਝ ਲਉ ਦੀਵਾਲੀ ਦੇ ਬਹਾਨੇ ਮੱਸਿਆ ਆ ਗਈ ਜੇ, ਹੁਣ ਘਰਾਂ ਨੂੰ, ਮੰਦਰਾਂ ਨੂੰ, ਜਿਤਨਾ ਮਰਜ਼ੀ ਲੜੀਆਂ ਲਾਅ ਲਾਅ ਸਜਾ ਲਉ, ਦੀਵਾਲੀ ਨਹੀਂ ਰਹਿਣੀ ਚਲੀ ਜਾਣੀ ਹੈ। ਪਰ ਦੇਖੋਗੇ ਜੀਵਨ ਦੇ ਘਰਾਂ ਮੰਦਰਾਂ ਵਿਚੋਂ ਜ਼ੁਲਮ ਝੂਠ ਪਾਖੰਡ ਦੇ ਅੰਧੇਰੇ ਰੂਪ ਮੱਸਿਆ ਨਹੀਂ ਗਈ, ਲੋਕ ਰਾਹਾਂ ਤੋਂ ਭਟਕ ਰਹੇ ਨੇ, ਮੰਜ਼ਲ ਢੂੰਡ ਰਹੇ ਨੇ, ਪਰ ਮਿਲ ਰਹੇ ਨੇ ਠੇਡੇ, ਧਾਰਮਕ ਪਦਵੀਆਂ 'ਤੇ ਦੀਵਾਲੀ ਬਣਕੇ ਬੈਠੇ ਲੋਕ ਖੂਨਖਾਰ ਜਾਨਵਰ ਬਣ ਚੁਕੇ ਨੇ।

ਇਸ ਖੌਫਨਾਕ ਮੱਸਿਆ ਦੇ ਅੰਧੇਰੇ ਵਿਚ ਇਨ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਬਹੁਤ ਸਾਰੇ ਲੋਕਾਂ ਦਾ ਸਹਿਮ ਬਣ ਚੁਕੀਆਂ ਨੇ। ਸਹਿਮੇ ਹੋਏ ਵਿਚਾਰੇ ਲੋਕ ਇਹ ਭੀ ਨਹੀਂ ਸਮਝ ਰਹੇ, ਕਿ ਦੀਵਾਲੀ ਦੀ ਤਰਾਂ ਇਹ ਭੀ ਇਕ ਰਾਤ ਦੇ ਹੀ ਪ੍ਰਾਹੁਣੇ ਹਨ ਚਲੇ ਜਾਣਗੇ, ਆਪਾਂ ਮਿਲਕੇ ਮੱਸਿਆ ਬਾਰੇ ਸੋਚੀਏ, ਇਹ ਜ਼ਾਲਮ ਸੱਚ ਚੰਦਰਮਾ ਨੂੰ ਟਿਕਣ ਹੀ ਨਹੀਂ ਦੇਂਦੀ, ਜੇ ਵਿਚਾਰਾ ਆਹਿਸਤਾ ਆਹਿਸਤਾ ਕਦਮ ਧਰਦਾ, ਥੋਹੜਾ ਥੋਹੜਾ ਅੱਗੇ ਵਧਦਾ ਸਾਡੇ ਆਸਮਾਨ ਦੀ ਸੱਤਾ 'ਤੇ ਆਕੇ ਪੂਰਣਿਮਾ ਬਣਦਾ ਹੈ, ਤਾਂ ਇਹ ਜ਼ਾਲਮ ਕੂੜ ਅਮਾਵਸ, ਉਸੇ ਦਿਨ ਉਸਦੇ ਪੇਸ਼ ਪੈ ਜਾਂਦੀ ਹੈ, ਆਖਰ ਮੱਸਿਆ ਬਣਾ ਕੇ ਹੀ ਛਡਦੀ ਹੈ। ਇਹ ਹੈ ਮੱਸਿਆ

ਹੁਣ ਇਹ ਪੁਛੀਏ ਜੀ ਦੀਵਾਲੀ ਕੀ ਹੈ?

ਕੁਛ ਇਤਹਾਸਕਾਰ ਲਿਖਦੇ ਹਨ, ਜਿਸ ਦਿਨ ਰਾਮ ਚੰਦਰ ਬਨਵਾਸ ਤੋਂ ਵਾਪਸ ਅਯੁਧਿਆ ਆਏ, ਤਾਂ ਦੀਵਾਲੀ ਮਨਾਈ ਗਈ।

ਸਿੱਖ ਇਤਹਾਸਕਾਰ ਲਿਖਦੇ ਹਨ, ਜਿਸ ਦਿਨ ਗੁਰੂ ਹਰ ਗੋਬਿੰਦ ਸਾਹਿਬ ਗੁਆਲੀਅਰ ਦੇ ਕਿਲੇ ਵਿਚੋਂ ਵਾਪਸ ਅੰਮ੍ਰਿਤਸਰ ਆਏ ਤਾਂ ਸਿਖ ਸੰਗਤਾਂ ਨੇ ਖੁਸ਼ੀ ਵਿਚ ਦੀਵਾਲੀ ਮਣਾਈ, ਤਾਂ ਕੀ ਰਾਮ ਚੰਦਰ ਅਤੇ ਗੁਰੂ ਹਰ ਗੋਬਿੰਦ ਸਾਹਿਬ ਜਦੋਂ ਵਾਪਸ ਆਏ ਤਾਂ ਦੋਨੋਂ ਵੱਕਤ ਮੱਸਿਆ ਹੀ ਸੀ ਅਤੇ ਇਕੋ ਤਾਰੀਖ ਸੀ ਪੜਚੋਲਣ ਦੀ ਲੋੜ ਹੈ?

ਇਕ ਗੱਲ ਤਾਂ ਮੰਨਣਯੋਗ ਹੈ ਜਦੋਂ ਗੁਰੂ ਮਨ ਰੂਪੀ ਘਰ ਆਉਂਦਾ ਹੈ, ਤਾਂ ਸਿੱਖ ਦੀ ਦੀਵਾਲੀ ਬਣਦੀ ਹੈ। ਇਤਿਹਾਸ ਦਾ ਅਜੀਬ ਤਕਾਜ਼ਾ ਹੈ, ਉਸ ਵੱਕਤ ਗੁਰੂ ਦੇਹ ਵਿਚ ਸੀ, ਜਦੋਂ ਹਰਿਮੰਦਰ ਆਇਆ ਤਾਂ ਸਿੱਖਾਂ ਨੇ ਦੀਵਾਲੀ ਮਨਾਈ, ਪਰ ਉਸੇ ਹੀ ਹਰਿਮੰਦਰ ਵਿਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਵਿਚ ਆਇਆ, ਤਾਂ ਹਰਿਮੰਦਰ ਦੇ ਅੰਦਰ ਨਾ ਵੜਨ ਦਿਤਾ ਗਿਆ। ਹੁਣ ਤਾਂ, ਗੁਰੂ ਜੀ ਦੇ ਫੈਸਲੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ ਸਿੱਖ ਦਾ ਗੁਰੂ ਹੈ, ਉਸਦਾ ਨਿਵਾਸ ਸਥਾਨ ਸਿੱਖ ਦਾ ਹਿਰਦਾ ਹੈ, ਜਦੋਂ ਸਬਦ ਗੁਰੂ ਸਿੱਖ ਦੇ ਹਿਰਦੇ ਵਿਚ ਪ੍ਰਵੇਸ਼ ਕਰਦਾ ਹੈ, ਤਾਂ ਸਿੱਖ ਦੀ ਗਿਆਨ ਰੂਪ ਦੀਵਾਲੀ ਬਣ ਜਾਂਦੀ ਹੈ।

 

ਸਤਿਗੁਰੂ ਬਚਨ ਕਰਦੇ ਹਨ: ਸਲੋਕ ਮਃ 1 ॥ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥

ਸਿੰਘੋ, ਕਦੋਂ ਤੱਕ ਮੰਦਰਾਂ ਅਤੇ ਘਰਾਂ ਦੀਆਂ ਛੱਤਾਂ 'ਤੇ ਦੀਵੇ ਬਾਲ ਕੇ ਲੜ੍ਹੀਆਂ ਲਟਕਾ ਕੇ ਮਿਠਾਈਆਂ ਖਾਕੇ, ਦੀਵਾਲੀਆਂ ਮਨਾਉਂਦੇ ਰਹਾਂਗੇ, ਇਸ ਤਰ੍ਹਾਂ ਦੀਵਾਲੀ ਨਹੀਂ ਜੇ ਬਨਣੀ। ਗੁਰੂ ਸੁਚੇਤ ਕਰਦੇ ਹਨ:

ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥ ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥

ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ॥

ਆਓ, ਹਿਰਦੇ ਦੇ ਘਰ ਵਿਚ ਸ਼ਬਦ ਗੁਰੂ ਨੂੰ ਜੀਉ ਆਇਆਂ ਆਖੀਏ, ਗੁਰ ਚਾਨਣੁ ਗਿਆਨੁ ਚਰਾਗੁ ਬਾਲੀਏ, ਤਾਂ ਕਿ ਸਾਡੀ ਸਦਾ ਦੀ ਦੀਵਾਲੀ ਬਣ ਜਾਵੇ। ਹਿਰਦਾ ਘਰ ਰੌਸ਼ਨ ਹੋਵੇ, ਜੀਵਨ ਭਰਮਾਂ ਦੇ ਠੇਡਿਆਂ ਤੋਂ ਬਚੇ, ਮੱਸਿਆ ਹਮੇਸ਼ਾਂ ਲਈ ਚਲੀ ਜਾਵੇ।

ਦੂਖੁ ਅੰਧੇਰਾ ਘਰ ਤੇ ਮਿਟਿਓ ॥ ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥7॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top