Share on Facebook

Main News Page

ਮੂਰਤੀ, ਬੁੱਤ ਪੂਜਾ ਆਦਿਕ ਮਨਮੱਤਾਂ ਬਾਰੇ ਕੰਨ ਖੋਲ੍ਹਣ ਦੀ ਲੋੜ !
-: ਅਵਤਾਰ ਸਿੰਘ ਮਿਸ਼ਨਰੀ 510-432-5827

ਦਾਸ ਨੇ ਇਹ ਲੇਖ ਸ੍ਰ. ਸਰਬਜੀਤ ਸਿੰਘ ਘੁੰਮਣ ਦੇ ਖ਼ਾਲਸਾ ਨਿਊਜ਼ 'ਤੇ ਛਪੇ ਲੇਖ ਚਿੱਤਰਕਾਰ ਸੋਭਾ ਸਿੰਘ ਵਲੋਂ ਬਣਾਈ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਮੂਰਤ ਦੀ ਸੱਚਾਈ ਨੂੰ ਪੜ੍ਹਨ ਤੋਂ ਬਾਅਦ ਲਿਖਿਆ ਹੈ, ਜਿਸ ਵਿੱਚ ਪੰਥ ਦਰਦੀ ਲੇਖਕ ਨੇ ਕੌੜੀ ਸਚਾਈ ਪੇਸ਼ ਕੀਤੀ ਹੈ। ਉਂਜ ਇਸ ਵਿਸ਼ੇ 'ਤੇ ਦਾਸ ਦਾ ਵਿਸਥਾਰਥ ਲੇਖ ਪਹਿਲੇ ਵੀ ਕਈ ਅਖਬਾਰਾਂ ਅਤੇ ਵੈਬਸਾਈਟਾਂ ਤੇ ਛਪ ਚੁੱਕਾ ਹੈ ਜਿਸ ਨੂੰ ਪੜ੍ਹਨ ਨਾਲ ਮੂਰਤੀ ਪੂਜਾ ਆਦਿਕ ਮਨਮੱਤਾਂ ਬਾਰੇ ਵਿਸਥਾਰਥ ਜਾਣਕਾਰੀ ਮਿਲ ਸਕਦੀ ਹੈ।

ਅੱਗੇ ਇਸ ਵਿਸ਼ੇ ਬਾਰੇ ਹੋਰ ਲਿਖਦੇ ਹਾਂ, ਕਿ ਹੁਣ ਤਾਂ ਸਿੱਖਾਂ ਵਿੱਚ ਵੀ ਮੂਰਤੀ ਅਤੇ ਬੁੱਤ ਪੂਜਾ ਘਰਾਂ ਤੋਂ ਲੈ ਕੇ ਗੁਰਦੁਆਰਿਆਂ ਤੱਕ ਪਹੁੰਚ ਚੁੱਕੀ ਹੈ। ਜਰਾ ਸੋਚੋ! ਜਦ ਗੁਰੂ ਸਹਿਬਾਨ ਨੇ ਆਪਣੀ ਮੂਰਤਿ ਹੀ ਕੋਈ ਨਹੀਂ ਬਣਵਾਈ ਅਤੇ ਗੁਰਬਾਣੀ ਵਿੱਚ ਵੀ ਵਾਰ ਵਾਰ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ ਹੈ। ਫਿਰ ਸ਼ੋਭਾ ਸਿੰਘ ਵਰਗੇ ਚਿਤਰਕਾਰਾਂ, ਨਾਨਕਸਰਈਏ ਆਦਿਕ ਡੇਰੇਦਾਰਾਂ, ਮੂਰਤੀਆਂ ਬਣਾ ਕੇ ਵੇਚਣ ਵਾਲੇ ਦੁਕਾਨਦਾਰਾਂ ਅਤੇ ਸ੍ਰੋਮਣੀ ਕਮੇਟੀ ਨੂੰ ਮੂਰਤਿ ਜਾਂ ਬੁੱਤ ਪੂਜਾ ਨੂੰ ਬੜਾਵਾ ਦੇਣ ਦੀ ਆਗਿਆ ਕਿਸ ਨੇ ਦਿੱਤੀ ਹੈ? ਕਿਤੇ ਸ਼ਸ਼ਤਰ ਅਤੇ ਬੁੱਤ ਪੂਜਾ ਕਰਨ ਵਾਲੇ ਸ਼ਿਵਜੀ ਦੇ ਪੁਜਾਰੀਆਂ ਨੇ, ਸਿੱਖੀ ਸਰੂਪ ਧਾਰਨ ਕਰਕੇ ਅਤੇ ਸਿੱਖ ਸੰਸਥਾਵਾਂ ਵਿੱਚ ਘੁਸੜ, ਆਗੂ ਬਣ ਕੇ ਤਾਂ ਇਹ ਭਾਣਾ ਨਹੀਂ ਵਰਤਾਇਆ ਲਗਦਾ? ਅੱਜ ਤਾਂ ਸਿੱਖ ਧੂਪ, ਦੀਪ, ਨਾਰੀਅਲ, ਚੰਦਨ, ਅਗਰ, ਫੁੱਲ ਅਤੇ ਦੇਸੀ ਘਿਉ ਦੀਆਂ ਜੋਤਾਂ ਬਾਲ ਕੇ, ਗੁਰੂ ਗ੍ਰੰਥ ਸਾਹਿਬ ਨੂੰ ਵੀ ਬੁੱਤਾਂ, ਮੂਰਤੀਆਂ ਆਦਿਕ ਵਾਂਗ ਪੂਜ ਰਹੇ ਹਨ। ਵੱਡੇ ਵੱਡੇ ਗੁਰਦੁਆਰਿਆਂ ਵਿੱਚ ਵੀ ਮੂਰਤਾਂ ਲਾਈਆਂ ਅਤੇ ਸਟਾਲਾਂ ਤੇ ਵੇਚੀਆਂ ਵੀ ਜਾਂਦੀਆਂ ਹਨ। ਜਰਾ ਗੌਰ ਕਰਿਓ! ਇਸਲਾਮ ਧਰਮ ਦੇ ਬਾਨੀ ਹਜਰਤ ਮੁਹੰਮਦ ਸਾਹਿਬ ਦੀ ਅਜੇ ਤੱਕ ਕੋਈ ਮੂਰਤੀ ਨਹੀਂ ਬਣੀ ਪਰ ਇਸਲਾਮ ਦੁਨੀਆਂ ਭਰ ਵਿੱਚ ਫੈਲ ਚੁੱਕਾ ਹੈ। ਇਵੇਂ ਜੇ ਮੁਸਲਿਮ ਭਾਈ ਮੂਰਤੀਆਂ ਤੋ ਬਿਨਾ ਦੁਨੀਆਂ ਵਿੱਚ ਵਧ ਫੁੱਲ ਸਕਦੇ ਹਨ ਤਾਂ ਫਿਰ ਮੂਰਤੀ ਪੂਜਾ ਦੇ 100% ਵਿਰੁੱਧ ਪ੍ਰਚਾਰ ਕਰਨ ਵਾਲੇ ਸਿੱਖ ਕਿਉਂ ਨਹੀਂ ਗੁਰਬਾਣੀ ਤਾਂ ਫੁਰਮਾਂਦੀ ਹੈ ਕਿ-ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥ ਓਏ ਲੇ ਜਾਰੇ ਓਏ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥ ਮਨ ਰੇ ਸੰਸਾਰੁ ਅੰਧ ਗਹੇਰਾ ਚਹੁ ਦਿਸ ਪਸਰਿਓ ਹੈ ਜਮ ਜੇਵਰਾ ੧॥ ਰਹਾਉ  (੬੫੪) ਭਾਵ ਥੋਥੇ ਕਰਮਾਂ ਅਤੇ ਮਨਮੱਤਾਂ ਦਾ  ਅੰਧੇਰਾ ਚਾਰ ਚੁਫੇਰੇ ਫੈਲਿਆ ਹੋਇਆ ਹੈ। ਗੁਰੂ ਹਜੂਰੀ ਸਿੱਖ ਸਕਾਲਰ ਭਾਈ ਗੁਰਦਾਸ ਜੀ ਵੀ ਦਰਸਾਉਂਦੇ ਹਨ ਕਿ-ਗੁਰ ਮੂਰਤਿ ਗੁਰ ਸਬਦੁ ਹੈ ਸਾਧ ਸੰਗਤਿ ਵਿਚ ਪ੍ਰਗਟੀ ਆਇਆ॥ (ਭਾ.ਗੁ.)

ਫਿਰ ਵੀ ਮੂਰਤੀਆਂ ਦੀ ਵੱਖ ਵੱਖ ਲੁਭਾਇਮਾਨ ਦਿਖ ਅਤੇ ਵਿਕਰੀ ਕਰਕੇ ਅਜੋਕੇ ਬਹੁਤੇ ਸਿੱਖ  ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਫਿਲੌਸਫੀ (ਸਿਧਾਤਾਂ) ਨੂੰ ਛੱਡ ਕੇ ਮੂਰਤੀਆਂ ਅਤੇ ਬੁੱਤਾਂ ਦੇ ਪੁਜਾਰੀ ਬਣ ਚੁੱਕੇ ਹਨ। ਪੰਥਕ ਕਹਾਉਣ ਵਾਲੀਆਂ ਸੰਸਥਾਵਾਂ ਜਿਵੇਂ ਸ੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵੀ ਇਧਰ ਧਿਆਨ ਨਹੀਂ ਦੇ ਰਹੀਆਂ ਜਦ ਕਿ ਬਾਬਾ ਕਰਤਾਰ ਸਿੰਘ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਂ ਮੂਰਤੀ ਪੂਜਾ ਦੀ ਸਖਤ ਮਨਾਹੀਂ ਸੀ ਜਦ ਟਕਸਾਲ ਵਾਲੇ ਸਿੰਘ ਘਰਾਂ ਵਿੱਚ ਵੀ ਪਾਠ ਕਰਨ ਜਾਂਦੇ ਸਨ ਤਾਂ ਸਭ ਤੋਂ ਪਹਿਲਾਂ ਘਰਾਂ ਵਿੱਚ ਲੱਗੀਆਂ ਮਨਘੜਤ ਮੂਰਤੀਆਂ ਲਵਾਹਉਂਦੇ ਸਨ ਪਰ ਬਾਬਾ ਧੁੰਮਾਂ ਆਪਣੀਆਂ ਹੀ ਧੁੰਮਾਂ ਪਵਾਉਣ ਵਿੱਚ ਮਗਰੂਰ ਹੈ ਉਸ ਨੂੰ ਤਾਂ ਬਾਦਲ ਪ੍ਰਵਾਰ ਦੀ ਚਾਪਲੂਸੀ ਅਤੇ ਵੱਖ ਵੱਖ ਸਾਧਾਂ ਦੇ ਡੇਰਿਆਂ ਚ’ ਜਾਣ ਤੋਂ ਹੀ ਵਿਹਲ ਨਹੀਂ ਗੁਰਮਤਿ ਦਾ ਸਹੀ ਪ੍ਰਚਾਰ ਤਾਂ ਦੂਰ ਦੀ ਗੱਲ ਰਹੀ। ਓਧਰ ਸ੍ਰੋਮਣੀ ਕਮੇਟੀ ਵੀ ਡੇਰਿਆਂ ਨੂੰ ਵੋਟ ਬੈਂਕ ਸਮਝ ਕੇ ਅਤੇ ਬਾਦਲ ਪ੍ਰਵਾਰ ਦੀ ਵਫਾਦਾਰੀ ਪਾਲ ਕੇ, ਅਜਿਹੀਆਂ ਗੁਰਮਤਿ ਵਿਰੋਧੀ ਮਨਮੱਤਾਂ ਨੂੰ ਰੋਕਣ ਦੀ ਥਾਂ ਸਗੋਂ ਬੜਾਵਾ ਦੇ ਰਹੀ ਹੈ। ਗੋਲਕ ਨਾਂ ਘੱਟ ਜਾਵੇ ਮਨਮੱਤਾਂ ਅਤੇ ਬ੍ਰਾਹਮਣਵਾਦ ਭਾਵੇਂ ਅਮਰਵੇਲ ਵਾਂਗ ਵਧੀ ਜਾਣ। ਘੱਟ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਸਿੰਘ ਸਹਿਬਾਨ ਵੀ ਨਹੀਂ ਉਹ ਵੀ ਮਨਮੱਤੀ ਡੇਰਿਆਂ ਅਤੇ ਸੰਪ੍ਰਦਾਵਾਂ ਕੋਲੋਂ ਸਿਰੋਪੇ ਅਤੇ ਬੰਦ ਲੁਫਾਫੇ ਲੈਣ ਲਈ ਤਤਪਰ ਰਹਿੰਦੇ ਹਨ ਪਰ ਜੇ ਕੋਈ ਸੰਸਥਾ ਜਾਂ ਸਿੰਘ ਸਿੰਘਣੀ ਪ੍ਰਚਾਰਕ ਜਾਂ ਪ੍ਰਬੰਧਕ ਨਿਰੋਲ ਗੁਰਮਤਿ ਦਾ ਪ੍ਰਚਾਰ ਕਰੇ ਤਾਂ “ਅਕਾਲ ਤਖਤ ਦੇ ਫਤਵੇ” ਦਾ ਡਰਾਵਾ ਦੇ ਦਿੰਦੇ ਹਨ ਇੱਥੋ ਤੱਕ ਕਿ ਦੂਸਰੇ ਦੀ ਦਲੀਲ ਸੁਣੇ ਬਗੈਰ ਹੀ ਉਸ ਨੂੰ ਪੰਥ ਚੋ’ ਛੇਕਣ ਦਾ “ਫਤਵਾ” ਜਾਰੀ ਕਰ ਦਿੰਦੇ ਹਨ। ਐਸੀ ਹਾਲਤ ਵਿੱਚ ਆਂਮ ਸਿੱਖ, ਸੰਗਤਾਂ ਅਤੇ ਪ੍ਰਚਾਰਕ ਕਿਧਰ ਨੂੰ ਜਾਣ? ਜੇ ਉਹ “ਗੁਰੂ ਗ੍ਰੰਥ ਸਾਹਿਬ” ਦੀ ਟੇਕ ਲੈਂਦੇ ਹਨ, ਤਾਂ ਵੀ ਉਨ੍ਹਾਂ ਨੂੰ ਹੋਰ ਹੋਰ ਗ੍ਰੰਥਾਂ ਤੇ ਰਹੁ ਰੀਤਾਂ ਮਗਰ ਲੱਗਣ ਲਈ ਮਜਬੂਰ ਕੀਤਾ ਜਾਂਦਾ ਹੈ ਪਰ ਫਿਰ ਵੀ “ਹੈਨ ਵਿਰਲੇ ਨਾਹੀਂ ਘਣੇ“ ਦੇ ਮਹਾਂਵਾਕ ਅਨੁਸਾਰ ਇਨ੍ਹਾਂ ਦੇ “ਫਤਵਿਆਂ” ਦੀ ਪ੍ਰਵਾਹ ਨਾਂ ਕਰਦੇ ਹੋਏ ਮਿਸ਼ਨਰੀ ਭਾਵਨਾ ਵਾਲੇ ਪ੍ਰਚਾਰਕ, ਆਪਣਾ ਫਰਜ ਸਮਝ ਕੇ ਗੁਰਮਤਿ ਦਾ ਪ੍ਰਚਾਰ ਕਰੀ ਜਾ ਰਹੇ ਹਨ।

ਅੱਗੇ ਸ੍ਰ. ਸਰਬਜੀਤ ਸਿੰਘ ਘੁੰਮਣ ਦਾ ਲੇਖ ਵੀ ਹੂ ਬਾ ਹੂ ਇਹ ਹੈ- ਚਿੱਤਰਕਾਰ ਸੋਭਾ ਸਿੰਘ ਵਲੋਂ ਬਣਾਈ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਮੂਰਤ ਦੀ ਸੱਚਾਈ- ਸਰਬਜੀਤ ਸਿੰਘ ਘੁਮਾਣ

ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਮੂਰਤ ਬਣਾਈ ਹੈ, ਉਹ ਬਹੁਤ ਪ੍ਰਚਲਤ ਹੋਈ ਤੇ ਮਗਰੋਂ ਸਾਰੇ ਚਿਤਰਕਾਰਾਂ ਨੇ ਉਸੇ ਮੂਰਤ ਵਰਗੇ ਨੈਣ-ਨਕਸ਼ ਉਲੀਕੇ। ਅਸਲ ਵਿਚ ਇਹ ਕਲਪਿਤ ਮੂਰਤ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਨੇ ਇਕ ਦਰਸ਼ਨੀ ਸਿੱਖ ਭਾਈ ਭਾਗ ਸਿੰਘ ਗੁਰਦਾਸਪੁਰ ਦੀ ਫੋਟੋ ਖਿਚੀ ਸੀ ਤੇ ਉਸਨੂੰ ਆਧਾਰ ਬਣਾਕੇ ਇਹ ਮੂਰਤ ਬਣਾਈ ਸੀ। ਮੋਟੇ ਤੌਰ 'ਤੇ ਇਹ ਮੂਰਤ ਭਾਈ ਭਾਗ ਸਿੰਘ ਗੁਰਦਾਸਪੁਰ ਵਾਲੇ ਦਾ ਹੈ - ਪਰ ਸਾਡਾ ਪੰਥ ਉਸਨੂੰ ਕਲਗੀਧਰ ਪਾਤਸ਼ਾਹ ਸਮਝੀ ਬੈਠਾ ਹੈ। ਹਰ ਥਾਂ ਉਹ ਫੋਟੋ ਲੱਗੀ ਦਿਸਦੀ ਹੈ। ਡਰਾਈਵਰ ਅਕਸਰ ਹੀ ਪਹਿਲਾਂ ਉਸ ਫੋਟੋ ਅੱਗੇ ਅਰਦਾਸ ਕਰਕੇ ਗੱਡੀ ਤੋਰਦੇ ਹਨ, ਪਰ ਜਦ ਕਿਤੇ ਦੁਰਘਟਨਾ ਹੋ ਜਾਵੇ ਤਾਂ ਸਭ ਤੋਂ ਪਹਿਲਾ ਉਹ ਫੋਟੋ ਦੇ ਹੀ ਪਰਖੱਚੇ ਉਡਦੇ ਹਨ। ਕਾਗਜ-ਰੰਗ ਤੇ ਹੋਰ ਕਈ ਚੀਜਾਂ ਦੇ ਸੁਮੇਲ ਤੋਂ ਤਿਆਰ ਇਹ ਫੋਟੋ 'ਸ਼ਬਦ-ਗੁਰੂ" ਦਾ ਬਦਲ ਕਿਵੇਂ ਹੋ ਸਕਦੀ ਹੈ?

ਪਰ ਇਹ ਗੱਲ ਪੰਥ ਨੂੰ ਕੌਣ ਤੇ ਕਿਵੇਂ ਸਮਝਾਵੇ-ਤੁਰੰਤ ਤਾਂ ਨਾਸਤਿਕ ਹੋਣ ਦਾ ਫਤਵਾ ਦੇ ਦਿੰਦੇ ਹਨ। ਇੰਝ ਹੀ ਬਾਕੀ ਸਤਿਗੁਰਾਂ ਦੇ ਚਿਤਰ ਹਨ, ਜੋ ਕਿਸੇ ਨਾ ਕਿਸੇ ਮਨੁੱਖ ਨੂੰ ਆਧਾਰ ਬਣਾਕੇ ਘੜੇ ਗਏ ਹਨ। ਹੁਣ ਗੁਰੂ ਸਾਹਿਬਾਨ ਦੇ ਕਾਲਪਨਿਕ ਸਰੂਪ ਵਾਲੇ ਬੁੱਤ ਵੀ ਬਨਣ ਲੱਗ ਪਏ ਹਨ। ਗੁਰੂ ਸਾਹਿਬਾਨ ਦੇ ਬੁੱਤਾਂ ਦਾ ਮਸਲਾ ਬਹੁਤ ਗੰਭੀਰ ਹੈ, ਕਿਉਂਕਿ ਇਹ ਬੁੱਤ-ਪ੍ਰਸਤੀ ਵੱਲ ਜਾਂਦਾ ਕਦਮ ਹੈ। ਪਰ ਸਮੱਸਿਆ ਇਹ ਹੈ ਕਿ ਇਨ੍ਹਾਂ ਫੋਟੋਆਂ, ਮੂਰਤਾਂ, ਬੁੱਤਾਂ ਦੇ ਹੱਕ ਵਿਚ ਜੋ ਜਜਬਾਤੀ ਲੋਕ ਹੁੰਦੇ ਹਨ, ਉਹ ਸਿੱਖ ਫਲਸਫੇ ਜਾਂ ਸਿੱਖ ਵਿਚਾਰਧਾਰਾ ਨਾਲੋਂ ਮਨਮਤ ਨੂੰ ਵੱਧ ਤਰਜੀਹ ਦੇਣ ਵਾਲੇ ਹੁੰਦੇ ਹਨ

ਹੈਰਾਨੀ ਹੈ ਕਿ ਸੰਤ ਭਿੰਡਰਾਂਵਾਲਿਆਂ ਨੇ ਕਦੇ ਵੀ ਨਹੀਂ ਚਾਹਿਆ ਤੇ ਸੋਚਿਆ ਹੋਣਾ, ਕਿ ਮਗਰੋਂ ਉਨਾਂ ਦੇ ਬੁਤ ਲੱਗਣਗੇ, ਪਰ ਹੋਰ ਸਿੱਖ ਜਰਨੈਲਾਂ ਵਾਂਗ, ਹੁਣ ਸੰਤ ਭਿੰਡਰਾਂਵਾਲਿਆਂ ਦੇ ਬੁੱਤ ਵੀ ਬਨਣ ਲੱਗ ਪਏ ਹਨ। ਅਜੇ ਉਹ ਦੌਰ ਤਾਂ ਨਹੀਂ ਆਇਆ, ਜਦ ਸਿੱਖਾਂ ਵਿਚ ਬੁੱਤਾਂ ਦੀ ਪੂਜਾ ਸ਼ੁਰੂ ਹੋ ਜਾਵੇ, ਪਰ ਤੁਰੇ ਅਸੀਂ ਉਧਰ ਨੂੰ ਹੀ ਹੋਏ ਹਾਂ। ਅਸੀਂ ਨਹੀਂ ਤਾਂ ਸਾਡੀ ਅਗਲੀ ਪੀੜ੍ਹੀ ਇਹ ਕੰਮ ਸ਼ੁਰੂ ਕਰ ਦਵੇਗੀ। ਸਿੱਖੀ ਸਿਧਾਤਾਂ ਦੇ ਉਲਟ ਭੁਗਤ ਸਕਦੀ ਹਰ ਚੀਜ ਦੇ ਹੱਕ ਵਿਚ ਜਜ਼ਬਾਤੀ ਲੋਕਾਂ ਦੇ ਨਾਲ ਕੌਣ ਮੱਥਾਂ ਮਾਰੇ। ਸੱਚ ਕੌਣ ਸਿਰ ਪੜਵਾਵੇ? ਵਾਹਿਗੁਰੂ ਹੀ ਕੋਈ ਕਲਾ ਵਰਤਾਉਣ ਤਾਂ ਵਰਤਾਉਣ, ਕਿਸੇ ਗੁਰਸਿਖ ਤੋਂ ਤਾਂ ਇਹ 'ਸ਼ਬਦ-ਗੁਰੂ" ਦੇ ਉਲਟ ਭੁਗਤਦੇ ਵਰਤਾਰੇ ਨੂੰ ਨੱਥ ਪਾਉਣੀ ਮੁਸ਼ਕਿਲ ਜਾਪਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top