Share on Facebook

Main News Page

ਸ. ਹਰਨੇਕ ਸਿੰਘ ਜੀ, ਕਿਉਂ ਪੰਥ ਵਿਰੋਧੀ ਏਜੰਸੀ ਦੇ ਕੁਹਾੜੇ ਦਾ ਦਸਤਾ ਬਣਨ ਲਈ ਕਾਹਲੇ ਪਏ ਹੋ ?
-: ਕਿਰਪਾਲ ਸਿੰਘ ਬਠਿੰਡਾ

ਸ. ਹਰਨੇਕ ਸਿੰਘ ਜੀ, ਇੰਝ ਜਾਪਦਾ ਹੈ ਕਿ ਤੁਸੀਂ ਸਿੱਖਾਂ ਦੀ ਆਪਸੀ ਲੜਾਈ ਨੂੰ ਰੇਡੀਓ 'ਤੇ ਵਾਰ ਵਾਰ ਨਸ਼ਰ ਕਰਕੇ ਸਿੱਖਾਂ ਦੀ ਅਕਲ ਦਾ ਜਨਾਜ਼ਾ ਕੱਢਣ ਦਾ ਠੇਕਾ ਲਿਆ ਹੋਇਆ ਹੈ, ਜਾਂ ਹੋ ਸਕਦਾ ਹੈ ਕਿ ਪਹਿਲਾਂ ਹੀ ਵੱਖ ਵੱਖ ਧੜਿਆਂ ਵਿੱਚ ਵੰਡੇ ਸਿੱਖ ਪੰਥ ਨੂੰ ਹੋਰ ਲੀਰੋ ਲੀਰ ਕਰਨ ਲਈ ਕਿਸੇ ਪੰਥ ਵਿਰੋਧੀ ਏਜੰਸੀ ਦੇ ਕੁਹਾੜੇ ਦਾ ਦਸਤਾ ਬਣਨ ਲਈ ਕਾਹਲੇ ਪਏ ਹੋ

ਮੈਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਧੂੰਦਾ ਜੀ ਇੰਡੀਆਨਾ ਵਿਖੇ ਹੋਈ ਸਿੱਖ ਕਨਵੈਂਨਸ਼ਨ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਦੇਣ ਪਿੱਛੋਂ ਵੀ ਅਚਾਨਕ ਕਿਨਾਰਕਸ਼ੀ ਕਿਉਂ ਕਰ ਗਏ? ਵੈਸੇ ਜੇ ਤੁਸੀਂ ਫੇਸ ਬੁੱਕ ਅਤੇ ਰੇਡੀਓ ਚਰਚਾਵਾਂ ਰਾਹੀਂ ਇਸ ਨੂੰ ਵੱਡੇ ਪੱਧਰ 'ਤੇ ਹਵਾ ਨਾ ਦਿੰਦੇ ਤਾਂ ਕਿਸੇ ਨੇ ਵੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਸੀ ਦੇਣਾ ਕਿ ਧੂੰਦਾ ਜੀ ਨੇ ਕੰਨਵੈਂਸ਼ਨ ਵਿੱਚ ਭਾਗ ਲਿਆ ਜਾਂ ਨਹੀਂ ਲਿਆ? ਜੇ ਨਹੀਂ ਲਿਆ ਤਾਂ ਕਿਉਂ ਨਹੀਂ ਲਿਆ? ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਧੂੰਦਾ ਜੀ ਦੇ ਕੰਨਵੈਂਸ਼ਨ ਵਿੱਚ ਜਾਣ ਦਾ ਪਤਾ ਲਗਦੇ ਸਾਰ ਤੁਸ਼ੀਂ ਫੇਸ ਬੁੱਕ 'ਤੇ ਹੂ-ਪਾਹਰਿਆ ਕੀਤੀ ਇਸ ਨੇ ਤੁਹਾਡੀ ਅਤੇ ਧੂੰਦਾ ਜੀ ਦੀ ਅਸਲੀ ਕਮਜੋਰੀ ਜੱਗ ਜ਼ਾਹਰ ਜਰੂਰ ਕਰ ਦਿੱਤੀ ਹੈ।

ਤੁਸੀਂ ਇਸ ਭੁਲੇਖੇ ਵਿੱਚ ਨਾ ਰਹਿਣਾ ਕਿ ਮੈਂ ਧੂੰਦਾ ਜੀ ਦਾ ਜਾਂ ਤੁਹਾਡਾ ਵਿਰੋਧ ਕਰ ਰਿਹਾ ਹਾਂ, ਪਰ ਇੱਕ ਸਵਾਲ ਹਰ ਇੱਕ ਦੇ ਦਿਮਾਗ ਵਿੱਚ ਜਰੂਰ ਘੁੰਮਦਾ ਹੈ ਕਿ ਜੇ ਧੂੰਦਾ ਜੀ ਦਾਹੜੀ ਕੱਟੇ (ਅਖੌਤੀ) ਸੰਤ ਹਜਾਰਾ ਸਿੰਘ ਨਿੱਕੇ ਘੁੰਮਣ ਦੀ ਬਰਸੀ 'ਤੇ ਜਾਣ ਲਈ ਸਹਿਮਤੀ ਦੰਦੇ ਹਨ ਜਾਂ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਪੰਨਵਾਂ ਇੱਕ ਐਸੇ ਸਾਧ ਦੀ ਬਰਸੀ 'ਤੇ ਜਾਣ ਦੀ ਸਹਿਮਤੀ ਦਿੰਦੇ ਹਨ ਜਿਸ ਸਬੰਧੀ ਉਸ ਦੇ ਪੈਰੋਕਾਰ ਇਹ ਦਾਅਵਾ ਕਰਦੇ ਹਨ, ਕਿ ਉਸ ਨੇ ਇੱਕ ਗਰੀਬ ਜੱਟ ਦੇ ਮੋਏ ਹੋਏ ਬਲਦ ਨੂੰ ਜਿੰਦਾ ਕਰਨ ਦਾ ਕੌਤਕ ਕੀਤਾ ਸੀ; ਤਾਂ ਇਨ੍ਹਾਂ ਸਬੰਧੀ ਸਵਾਲ ਖੜ੍ਹੇ ਕਰਨ ਵਾਲਿਆਂ ਦੇ ਜਵਾਬ ਵਿੱਚ ਤੁਹਾਡੇ ਸਮੇਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਬੰਧਕ, ਪ੍ਰਚਾਰਕ ਅਤੇ ਸਮਰਥਕ ਇਹ ਦਲੀਲ ਦਿੰਦੇ ਸਨ ਕਿ ਗੁਰੂ ਨਾਨਕ ਦੇਵ ਜੀ ਵੀ ਹਰ ਉਸ ਥਾਂ ‘ਤੇ ਗਏ ਸਨ ਜਿਥੇ ਮਨਮਤਾਂ ਹੁੰਦੀਆਂ ਸਨ ਅਤੇ ਉਥੇ ਜਾ ਕੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਤਾਂ ਦਾ ਭਰਵਾਂ ਖੰਡਨ ਕੀਤਾ ਅਤੇ ਗੁਰਮਤਿ ਦਾ ਗਿਆਨ ਦਿੱਤਾ। ਕਾਲਜ ਦੀ ਇਸ ਦਲੀਲ ਨਾਲ ਮੈਂ ਖੁਦ ਵੀ ਸਹਿਮਤ ਸੀ ਅਤੇ ਹੁਣ ਵੀ ਹਾਂ ਇਸ ਲਈ ਚਾਹੁੰਦਾ ਸੀ ਕਿ ਧੂੰਦਾ ਜੀ ਅਤੇ ਪੰਨਵਾਂ ਜੀ ਵਰਗੇ ਵਿਦਵਾਨਾਂ ਨੂੰ ਮੌਕਾ ਮਿਲਣ ‘ਤੇ ਅਜੇਹੀਆਂ ਥਾਵਾਂ 'ਤੇ ਜਰੂਰ ਜਾਣਾ ਚਾਹੀਦਾ ਹੈ। ਪਰ ਮੇਰੇ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਇਹ ਵਿਦਵਾਨ ਉਕਤ ਸਾਧਾਂ ਦੀਆਂ ਬਰਸੀਆਂ 'ਤੇ ਗਏ ਸਨ ਜਾਂ ਨਹੀਂ ਅਤੇ ਜੇ ਕਰ ਗਏ ਸਨ ਤਾਂ ਉਨ੍ਹਾਂ ਉਥੇ ਕੀ ਬੋਲਿਆ? ਕਿਉਂਕਿ ਉਨ੍ਹਾਂ ਦੀ ਬਰਸੀਆਂ ਮੌਕੇ ਦੀ ਕੋਈ ਵੀਡੀਓ ਮੇਰੇ ਵੇਖਣ ਵਿੱਚ ਨਹੀਂ ਆਈ। ਖੈਰ ਇਹ ਸਤਿਕਾਰਯੋਗ ਵਿਦਵਾਨ ਉਥੇ ਗਏ ਜਾਂ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ।

ਮੇਰਾ ਅਤੇ ਕਈ ਹੋਰਨਾਂ ਦਾ ਸਵਾਲ ਇਹ ਹੈ ਕਿ ਜੇ ਤੁਹਾਨੂੰ ਅਖੌਤੀ ਸੰਤਾਂ ਦੀਆਂ ਬਰਸੀਆਂ ਵਿੱਚ ਜਾਣ ਵਿੱਚ ਕੁਝ ਗਲਤੀ ਨਹੀਂ ਲਗਦੀ ਅਤੇ ਯਕੀਨ ਹੈ, ਕਿ ਜੇ ਇਹ ਵਿਦਵਾਨ ਉਥੇ ਜਾਣ ਤਾਂ ਇਹ ਨਿਧੜਕ ਹੋ ਕੇ ਉਨ੍ਹਾਂ ਨਾਲ ਜੁੜੀਆਂ ਗੈਰ ਸਿਧਾਂਤਕ ਸਾਖੀਆਂ ਦਾ ਗੁਰਬਾਣੀ ਦੇ ਪ੍ਰਮਾਣਾਂ ਸਹਿਤ ਭਰਪੂਰ ਖੰਡਨ ਕਰਕੇ ਬਰਸੀ 'ਤੇ ਇਕੱਤਰ ਹੋਈ ਸੰਗਤ ਨੂੰ ਗੁਰਮਤਿ ਦੀ ਸੋਝੀ ਕਰਵਾਉਣ ਦੇ ਸਮਰਥ ਹਨ ਤਾਂ ਪ੍ਰੋ: ਧੂੰਦਾ ਜੀ ਦੇ; ਸਿੱਖ ਕੰਵੈਂਨਸ਼ਨ ਜਿਸ ਦਾ ਪ੍ਰਬੰਧ ਉਨ੍ਹਾਂ ਸੱਜਣਾਂ ਨੇ ਹੀ ਕੀਤਾ ਸੀ, ਜਿਹੜੇ ਚਾਰ ਸਾਲ ਪਹਿਲਾਂ ਤੁਹਾਡੇ ਨਾਲ ਘਿਉ ਖਿਚੜੀ ਸਨ ਅਤੇ ਸਾਰੇ ਇੱਕ ਦੂਜੇ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਅਹਿਦ ਲੈਂਦੇ ਸਨ; ਅਤੇ ਜਿਸ ਕੰਨਵੈਂਸ਼ਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ, ਅਖੌਤੀ ਦਸਮ ਗ੍ਰੰਥ, ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿੱਚ ਮਤੇ ਪਾਸ ਕੀਤੇ ਜਾਣੇ ਸਨ; ਵਿੱਚ ਜਾਣ ਦਾ ਡਰ ਕਿਉਂ ਸਤਾਉਣ ਲੱਗਾ ਅਤੇ ਧੂੰਦਾ ਜੀ ਨੂੰ ਨਾ ਜਾਣ ਲਈ ਬਹਾਨੇ ਕਿਉਂ ਲੱਭਣੇ ਪਏ?

ਤੁਸੀਂ ਮੰਨੋ ਜਾਂ ਨਾ ਮੰਨੋ ਪਰ ਉਨ੍ਹਾਂ ਲੋਕਾਂ ਦੀ ਗੱਲ ਸੱਚੀ ਜਰੂਰ ਜਾਪਣ ਲੱਗ ਪਈ ਹੈ ਜਿਹੜੇ ਕਹਿੰਦੇ ਸਨ ਕਿ ਧੂੰਦਾ ਜੀ ਵੱਲੋਂ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣ ਸਮੇਂ ਉਨ੍ਹਾਂ ਨਾਲ ਅੰਦਰਖਾਤੇ ਇਹ ਸਮਝੌਤਾ ਹੋਇਆ ਹੈ ਕਿ ਉਹ ਦਸਮ ਗ੍ਰੰਥ, ਨਾਨਕਸ਼ਾਹੀ ਕੈਲੰਡਰ ਵਿੱਚ ਹੋਈਆਂ ਗੈਰ ਸਿਧਾਂਤਕ ਸੋਧਾਂ ਅਤੇ ਅਖੌਤੀ ਜਥੇਦਾਰਾਂ ਵੱਲੋਂ ਜਾਰੀ ਕੀਤੇ ਗਲਤ ਹੁਕਮਨਾਮਿਆਂ ਵਿਰੁੱਧ ਆਪਣੀ ਜ਼ਬਾਨ ਨਹੀਂ ਖੋਲ੍ਹਣਗੇ।

ਇਹੋ ਕਾਰਣ ਹੈ ਕਿ ਜਦੋਂ ਹੀ ਉਸ ਕੰਨਵੈਂਸ਼ਨ ਵਿੱਚ ਧੂੰਦਾ ਜੀ ਦੇ ਜਾਣ ਸਬੰਧੀ ਪੋਸਟਰ ਛਪੇ ਤਾਂ ਤੁਹਾਡਾ ਇੱਕਦਮ ਮੱਥਾ ਠਣਕਿਆ ਕਿ ਧੂੰਦਾ ਜੀ ਨੂੰ ਉਥੇ ਪਾਸ ਕੀਤੇ ਜਾਣ ਵਾਲੇ ਮਤਿਆਂ ਸਬੰਧੀ ਮਜਬੂਰਨ ਆਪਣੀ ਸਹਿਮਤੀ ਦੇਣੀ ਪਏਗੀ ਜਿਸ ਨਾਲ ਉਸ ਨੂੰ ਅਖੌਤੀ ਜਥੇਦਾਰਾਂ ਅੱਗੇ ਜਵਾਬਦੇਹ ਹੋਣਾ ਪਏਗਾ! ਇਸ ਲਈ ਤੁਸੀਂ ਧੂੰਦਾ ਜੀ ਨੂੰ ਸੁਚੇਤ ਕਰਨ ਲਈ ਆਪਣੀ ਫੇਸ ਬੁੱਕ ‘ਤੇ ਝੱਟ ਪੋਸਟ ਪਾ ਕੇ ਸਵਾਲ ਖੜ੍ਹਾ ਕਰ ਦਿੱਤਾ ਕਿ ਧੂੰਦਾ ਜੀ ਨੂੰ ਉਸ ਕੰਨਵੈਂਸ਼ਨ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ; ਜਿਸ ਦਾ ਪ੍ਰਬੰਧ ਪ੍ਰੋ: ਦਰਸ਼ਨ ਸਿੰਘ ਦਾ ਸਮਰਥਕ ਦਲਜੀਤ ਸਿੰਘ ਇੰਡੀਆਨਾ ਕਰ ਰਹੇ ਹੋਣ ਅਤੇ ਜਿਸ ਵਿੱਚ ਖਾਲਸਤਾਨੀ ਡਾ: ਅਮਰਜੀਤ ਸਿੰਘ ਸ਼ਾਮਲ ਹੋ ਰਿਹਾ ਹੋਵੇ? ਤੁਹਾਡੇ ਸਮਰਥਕ ਫਟਾ ਫਟ ਉਸ ਪੋਸਟ 'ਤੇ ਆਪਣੇ ਕੁਮੈਂਟਸ ਪਾ ਕੇ ਧੂੰਦਾ ਜੀ ਲਈ ਮੁਕਰਨ ਦਾ ਬਹਾਨਾ ਬਣਾਉਣ ਲਈ ਗਰਊਂਡ ਤਿਆਰ ਕਰਨ ਲੱਗ ਪਏ। ਅਤੇ ਅਖੀਰ ਧੂੰਦਾ ਜੀ ਨੇ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਪ੍ਰਬੰਧਕਾਂ ਨੇ ਉਸ ਦੀ ਥਾਂ ਭਾਈ ਪਰਮਜੀਤ ਸਿੰਘ ਉਤਰਾਖੰਡ ਨੂੰ ਬੁਲਾ ਲਿਆ।

ਜੇ ਇੱਥੇ ਵੀ ਗੱਲ ਮੁੱਕ ਜਾਂਦੀ ਤਾਂ ਵੀ ਗੱਲ ਆਈ ਗਈ ਹੋ ਜਾਣੀ ਸੀ ਪਰ ਤੁਸੀਂ ਤਾਂ ਪੂਰੀ ਤਰ੍ਹਾਂ ਖੇਹ ਉਡਾਉਣ ਦਾ ਠੇਕਾ ਲਿਆ ਹੋਇਆ ਹੈ ਇਸ ਲਈ ਹੁਣ ਹੋਰ ਖੇਹ ਉਡਾਉਣ ਲਈ ਰੇਡੀਓ 'ਤੇ ਚਰਚਾ ਰੱਖ ਲਈ। ਸ: ਹਰਨੇਕ ਸਿੰਘ ਜੀ ਤੁਹਾਡੀ ਪੋਸਟ ਵਿੱਚ ਵਰਤੀ ਗਈ ਹਊਮੈ ਭਰਪੂਰ ਸ਼ਬਦਾਵਲੀ (ਜਿਸ ਵਿੱਚ ਤੁਸੀਂ ਆਪਣੇ ਆਪ ਅਤੇ ਧੂੰਦਾ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਸਿੱਖ ਸਮਝਣ ਤੋਂ ਵੀ ਗੁਰੇਜ ਕਰ ਰਹੇ ਜਾਪਦੇ ਹੋਂ) ਤੋਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਹਾਨੂੰ ਮੇਰਾ ਇਹ ਕੁਮੈਂਟ ਪੜ੍ਹ ਕੇ ਬਹੁਤ ਮਿਰਚਾਂ ਲੱਗਣੀਆਂ ਹਨ ਅਤੇ ਮੈਨੂੰ ਕਈ ਘ੍ਰਿਣਾਯੋਗ ਉਪਾਧੀਆਂ ਬਖ਼ਸ਼ਣੀਆਂ ਹਨ ਅਤੇ ਮੈਨੂੰ ਚਰਚਾ ਵਿੱਚ ਸ਼ਾਮਲ ਹੋਣ ਦੀ ਚੇਤਾਵਨੀ ਦੇ ਦੇਣੀ ਹੈ।

ਖੈਰ... ਇਹ ਤੁਹਾਡਾ ਅਧਿਕਾਰ ਹੈ ਇਸ ਨੂੰ ਮੈਂ ਚੈਲਿੰਜ ਨਹੀਂ ਕਰਨਾ ਚਾਹੁੰਦਾ, ਪਰ ਚਰਚਾ ਦੌਰਾਨ ਇਹ ਜਵਾਬ ਜਰੂਰ ਦੇ ਦੇਣਾ ਕਿ ਕੀ ਇਹ ਸੱਚ ਨਹੀਂ ਹੈ ਕਿ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣ ਸਮੇਂ ਉਨ੍ਹਾਂ ਨਾਲ ਧੂੰਦਾ ਜੀ ਦਾ ਅੰਦਰਖਾਤੇ ਕੋਈ ਸਮਝੌਤਾ ਹੋਇਆ ਹੈ, ਕਿ ਉਹ ਦਸਮ ਗ੍ਰੰਥ, ਨਾਨਕਸ਼ਾਹੀ ਕੈਲੰਡਰ ਵਿੱਚ ਹੋਈਆਂ ਗੈਰ ਸਿਧਾਂਤਕ ਸੋਧਾਂ ਅਤੇ ਅਖੌਤੀ ਜਥੇਦਾਰਾਂ ਵੱਲੋਂ ਜਾਰੀ ਕੀਤੇ ਗਲਤ ਹੁਕਮਨਾਮਿਆਂ ਵਿਰੁੱਧ ਆਪਣੀ ਜ਼ਬਾਨ ਨਹੀਂ ਖੋਲ੍ਹਣਗੇ?  ਜੇ ਨਹੀਂ ਤਾਂ ਇਨ੍ਹਾਂ ਸਬੰਧੀ ਪਾਸ ਕੀਤੇ ਜਾਣ ਵਾਲੇ ਮਤਿਆਂ ਦਾ ਭਾਗੀਦਾਰ ਬਣਨ ਤੋਂ ਤੁਸੀਂ ਧੂੰਦਾ ਜੀ ਨੂੰ ਭੱਜਣ ਲਈ ਕਿਉਂ ਤਿਆਰ ਕੀਤਾ ਅਤੇ ਇਸ ਸਬੰਧੀ ਸਫਾਈ ਦੇਣ ਲਈ ਤੁਹਾਨੂੰ ਵਾਰ ਵਾਰ ਰੇਡੀਓ 'ਤੇ ਕੁਕੜ-ਖੇਹ ਉਡਾਉਣ ਦੀ ਲੋੜ ਕਿਉਂ ਪੈ ਰਹੀ ਹੈ? ਜੇ ਤੁਸੀਂ ਸਮਝਦੇ ਹੋ ਕਿ ਧੂੰਦਾ ਜੀ ਪਾਖੰਡੀ ਸੰਤਾਂ ਦੀ ਬਰਸੀਆਂ 'ਤੇ ਜਾ ਕੇ ਉਥੇ ਹੋ ਰਹੀਆਂ ਮਨਮਤਾਂ ਦਾ ਪਾਜ ਉਘੇੜ ਸਕਣ ਦੇ ਸਮਰਥ ਹਨ; ਤਾਂ ਜੇ ਤੁਹਾਨੂੰ ਜਾਪਦਾ ਸੀ ਕਿ ਦਲਜੀਤ ਸਿੰਘ ਵਰਗਾ ਕੰਨਵੈਂਨਸ਼ਨ ਦਾ ਕੋਈ ਪ੍ਰਬੰਧਕ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਜਾਂ ੳਸ ਵਿੱਚ ਸ਼ਾਮਲ ਹੋ ਰਿਹਾ ਕੋਈ ਵਿਦਵਾਨ ਸਰਕਾਰ ਦਾ ਏਜੰਟ ਬਣ ਕੇ ਖਾਲਸਤਾਨ ਦਾ ਗਲਤ ਮੁੱਦਾ ਉਠਾ ਕੇ ਕੌਮ ਨੂੰ ਗੁੰਮਰਾਹ ਕਰ ਰਿਹਾ ਹੈ, ਤਾਂ ਕੀ ਧੂੰਦਾ ਜੀ ਆਪਣੀ ਭਾਸ਼ਣ ਕਲਾ ਨਾਲ ਸੰਗਤਾਂ ਦੀ ਹਾਜਰੀ ਵਿੱਚ ਉਨ੍ਹਾਂ ਦਾ ਪ੍ਰਦਾ ਫ਼ਾਸ਼ ਨਹੀਂ ਸੀ ਕਰ ਸਕਦੇ? ਕੰਨਵੈਂਨਸ਼ਨ ਵਿੱਚ ਪਾਸ ਕੀਤੇ ਮਤੇ ਤੁਸੀਂ ਹੇਠ ਲਿਖੇ ਲਿੰਕ 'ਤੇ ਪੜ੍ਹ ਸਕਦੇ ਹੋ। ਕੀ ਤੁਸੀਂ ਜਾਂ ਧੂੰਦਾ ਜੀ ਇਨ੍ਹਾਂ ਮਤਿਆਂ ਨਾਲ ਸਹਿਮਤ ਨਹੀਂ ਹਨ? ਜੇ ਸਹਿਮਤ ਹੋ, ਤਾਂ ਇਸ ਕੰਨਵੈਂਸ਼ਨ ਵਿੱਚ ਸ਼ਾਮਲ ਹੋਣ ਵਿੱਚ ਹੋਣ ਵਿੱਚ ਤੁਹਾਨੂੰ ਹਊਂਮੈ ਅਤੇ ਅਖੌਤੀ ਜਥੇਦਾਰ ਨਾਲ ਹੋਏ ਸਮਝੌਤੇ ਤੋਂ ਬਿਨਾਂ ਹੋਰ ਕੋਈ ਕਾਰਣ ਦੱਸਿਆ ਜਾਵੇ। ਜੇ ਸਹਿਮਤ ਨਹੀਂ ਹੋ, ਤਾਂ ਤੁਸੀਂ ਇਸ ਵਿੱਚ ਕੀ ਸੋਧ ਕਰਨਾ ਚਾਹੁੰਦੇ ਹੋ ਜਿਹੜੀ ਤੁਹਾਡੇ ਮੁਤਾਬਿਕ ਧੂੰਦਾ ਜੀ ਕੰਨਵੈਂਸ਼ਨ ਵਿੱਚ ਸ਼ਾਮਲ ਹੋ ਕੇ ਨਹੀਂ ਕਰਵਾ ਸਕਦੇ ਸਨ।

ਧੰਨਵਾਦ ਜੀ।

Click here to read ਵਿਸ਼ਵ ਸਿੱਖ ਕਾਨਫ਼ਰੰਸ ਇੰਡੀਆਨਾ ਵਿੱਚ ਪਾਸ ਕੀਤੇ ਗੁਰਮਤੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top