ਇਕ
ਵਾਰ ਦੀ ਗੱਲ ਹੈ ਗਿੱਦੜਾਂ ਦੇ ਨੇਤਾ ਮਹਾਂਗਿੱਦੜ ਦੇ ਹੱਥ ਕਾਗਜ਼ ਦਾ ਟੁੱਕੜਾ ਆ ਗਿਆ, ਜਿਹੜਾ
ਕਿ ਲਗਦਾ ਸੀ ਕਿ ਪੜ੍ਹਾਈ ਦਾ ਸਰਟੀਫਿਕੇਟ ਹੋਵੇ। ਮਹਾਂਗਿੱਦੜ ਨੇ ਸੋਚਿਆ ਕਿਉਂ ਨਾ ਦੂਜੇ
ਗਿੱਦੜਾਂ ’ਤੇ ਰੋਅਬ ਵਿਖਾ ਕੇ ਨੇਤਾਗਿਰੀ ਕਾਇਮ ਕੀਤੀ ਜਾਵੇ।
ਉਸਨੇ ਬਾਕੀ ਗਿੱਦੜਾਂ ਨੂੰ ਇਕੱਠੇ
ਕਰਕੇ ਕਿਹਾ ‘‘ਗਿਦੜੋ ਆਓ ਅੱਜ ਆਪਾਂ ਜੱਟ ਜ਼ਿਮੀਦਾਰ ਦੇ ਗੰਨੇ ਚੂਪਣ
ਚੱਲੀਏ, ਮੇਰੇ ਕੋਲ ਸ਼ੁਰਲੀ ਏ, ਜੇ ਕੋਈ ਗੱਲ ਹੋਊ ਤੁਸੀਂ ਦੱਸ ਦਿਉ ਕਿ ਸਾਡੇ ਨੇਤਾ ਕੋਲ ਸ਼ੁਰਲੀ
ਆ।’’ ਗਿੱਦੜ ਫਿਰ ਵੀ ਡਰਦੇ ਸਨ, ਉਨ੍ਹਾਂ ਇਕੋ ਸੁਰ ਕਿਹਾ ‘‘ਨਾ ਬਈ ਆਪਾ ਨਹੀਂ ਜਾਣਾ
ਉਥੇ, ਜੱਟ ਹੋਊਗਾ ਤਾਂ ਡੰਡੇ ਬੜੇ ਪੈਣਗੇ।’’
ਮਹਾਂਗਿੱਦੜ ਨੇ ਫਿਰ ਕਿਹਾ ‘‘ਅ..ਅ..ਅ.. ਐਦਾਂ
ਥੋੜਾ ਹੁੰਦੈ ਜਦੋਂ ਆਪਣੇ ਕੋਲ ਸ਼ੁਰਲੀ ਹੈਗੀ ਆ ਫਿਰ ਤੁਹਾਨੂੰ ਕਾਹਦਾ ਡਰ। ਤੁਸੀਂ ਆਓ ਜੇਕਰ
ਜੱਟ ਆਇਆ ਤਾਂ ਮੈਂ ਸ਼ੁਰਲੀ ਵਿਖਾ ਦਊਂ।’’
ਗਿੱਦੜਾਂ ਨੇ ਭਰੋਸਾ
ਕਰ ਲਿਆ ਤੇ ਗੰਨੇ ਚੂਪਣ ਚਲੇ ਗਏ। ਜਦੋਂ ਗਿੱਦੜ ਕਮਾਦੀ ਦੇ ਖੇਤ ਵਿਚ ਵੜ ਕੇ ਗੰਨੇ ਚੂਪਣ ਲੱਗੇ,
ਤਾਂ ਲਾਗੇ ਘੁੰਮਦੇ ਜੱਟ ਨੇ ਵੇਖ ਲਿਆ ਤੇ ਝੱਟ ਡੰਡਾ ਲੈ ਕੇ ਗਿੱਦੜਾਂ ਦੇ ਮੌਰ ਸੇਕਣ ਲੱਗਾ।
ਗਿੱਦੜ ਕਹਿਣ ‘‘ਸਾਡੇ ਨੇਤਾ ਕੋਲ ਸ਼ੁਰਲੀ ਆ.. ਉਹ ਵੇਖੋ ਅਸੀਂ ਉਸਦੇ
ਕਹੇ ’ਤੇ ਆਏ ਹਾਂ।’’ ਜੱਟ ਆਪਣਾ ਡੰਡਾ ਵਰ੍ਹਾਈ ਜਾਏ ਅਤੇ ਕਹੀ ਜਾਵੇ ‘‘ਮੈਨੂੰ ਸ਼ੁਰਲੀ
ਪੜ੍ਹਨੀ ਨੀ ਆਉਂਦੀ, ਮੈਨੂੰ ਤਾਂ ਗਿੱਦੜ ਭਜਾਉਣੇ ਆਉਂਦੇ ਆ।’’
ਸਾਰੇ ਗਿੱਦੜਾਂ ਨੇ ਦਬੀੜ ਚੁੱਕ
ਲਈ ਅਤੇ ਮਹਾਂ ਗਿੱਦੜ ਨੂੰ ਇਹ ਕਹਿ ਕੇ ਖੇਤਾਂ ਤੋਂ ਭੱਜ ਗਏ ਕਿ ‘‘ਨੇਤਾ
ਜੀ ਤੁਸੀਂ ਤਾਂ ਸਾਡੇ ਵੀ ਡੰਡੇ ਪੁਵਾ ਦਿੱਤੇ, ਆਹ ਜਿਹੜੀ ਸ਼ੁਰਲੀ ਤੁਸੀਂ ਲਈ ਫਿਰਦੇ ਹੋ ਉਹ
ਤਾਂ ਜੱਟ ਨੂੰ ਪੜ੍ਹਨੀ ਹੀ ਨਹੀਂ ਆਉਂਦੀ।’’
ਮਹਾਂਗਿੱਦੜ
ਨੇ ਵੀ ਖਤਰਾ ਭਾਂਪ ਲਿਆ ਅਤੇ ਆਪਣੀ ਨੇਤਾਗਿਰੀ ਨਾ ਚੱਲਦੀ ਵੇਖ ਕੇ ਪਿੰਡ ਵੱਲ ਨੂੰ ਭੱਜ ਲਿਆ।
ਨਾਲੇ ਉਨ੍ਹਾਂ ਦੇ ਮਗਰ-ਮਗਰ ਭੱਜੀ ਜਾਵੇ ਤੇ ਨਾਲੇ ਦੂਜੇ ਕਹੀ ਜਾਵੇ ‘‘ਓਹ
ਇਕ ਮਿੰਟ ਰੁਕ ਤਾਂ ਜਾਓ ਪਹਿਲਾਂ ਮੇਰੀ ਗੱਲ ਤਾਂ ਸੁਣੋ...ਅ...ਅ...ਅ.... ਹੱਦ ਹੋ ਗਈ ਯਾਰ....ਐਦਾਂ
ਥੋੜਾ ਹੁੰਦੈ....’’ ਪਰ ਕਿੱਥੇ ਗਿੱਦੜ ਕਿੱਥੇ ਉਸਦੀ ਗੱਲ ਸੁਨਣ। ਓਧਰ ਜੱਟ ਡੰਡਾ ਲੈ
ਕੇ ਮਗਰ-ਮਗਰ ਤੇ ਗਿੱਦੜ ਮੂਹਰੇ-ਮੂਹਰੇ।
(ਨਿਊਜ਼ੀਲੈਂਡ ਤੋਂ ਵਿਸ਼ੇਸ਼ )