Share on Facebook

Main News Page

ਗੁਰਮਤਿ ਦੇ ਧਾਰਣੀ ਸਿੱਖ ਦੀ ਸਭ ਤੋਂ ਵੱਡੀ ਖੱਟੀ ਹੁੰਦੀ ਹੈ, ਗੁਰਮਤਿ ਸਿਧਾਂਤਾਂ 'ਤੇ ਟਿਕਿਆ ਰਹਿਣਾ, ਅਤੇ ਝੂਠੇ ਫਤਵੇ ਜਾਰੀ ਕਰਣ ਵਾਲੇ ਦੰਭੀ ਲੋਕਾਂ ਦੀ, ਝੂਠੀ ਈਨ ਦੇ ਅੱਗੇ ਨਾ ਝੁਕਣਾ

* ਪੱਪੂ ਗੁਰਬਚਨ ਸਿੰਘ ਵਲੋਂ ਗੁਰਮਤਿ ਸਮਾਗਮ ਨਾ ਹੋਣ ਦਾ ਪੂਰਾ ਜ਼ੋਰ ਲਗਾਉਣ ਦੇ ਬਾਵਜ਼ੂਦ, ਭੋਪਾਲ ਦੀਆਂ ਸਿੱਖ ਸੰਗਤਾਂ ਵਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਪਾਸੋਂ 4,5,6 ਨਵੰਬਰ ਨੂੰ ਕੀਰਤਨ ਸਰਵਣ ਕੀਤਾ

ਭੋਪਾਲ, 4-5 ਅਤੇ 6 ਨਵੰਬਰ 2014 (ਇੰਦਰਜੀਤ ਸਿੰਘ, ਕਾਨਪੁਰ): ਪੰਥ ਵਿਰੋਧੀਆਂ ਦੀਆਂ ਧਮਕੀਆਂ ਦੇ ਬਾਵਜੂਦ ਭੋਪਾਲ ਦੇ ਸੁਚੇਤ ਸਿੱਖਾਂ ਨੇ, ਕੌਮ ਦੇ ਮਹਾਨ ਪ੍ਰਚਾਰਕ, ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਦਾ ਮਿਤੀ 4 ਨਵੰਬਰ ਨੂੰ ਭੋਪਾਲ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ। ਪ੍ਰੋ. ਸਾਹਿਬ ਜੀ ਦੀ ਕਾਰ ਦੇ ਨਾਲ ਨਾਲ ਨੌਜਵਾਨ ਸਿੰਘਾਂ ਦਾ ਪੂਰਾ ਕਾਫਿਲਾ ਕਾਰਾਂ ਅਤੇ ਮੋਟਰ ਸਾਇਕਿਲਾਂ 'ਤੇ ਚਲ ਰਿਹਾ ਸੀ ਅਤੇ ਜੈਕਾਰੇ ਛੱਡ ਰਿਹਾ ਸੀ।

4 ਨਵੰਬਰ ਦੇ ਸ਼ਾਮ ਦੇ ਦੀਵਾਨ ਵਿੱਚ ਪ੍ਰੋ. ਸਾਹਿਬ ਨੇ "ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥........." (ਅੰਕ 442) ਗੁਰਬਾਣੀ ਦੇ ਸ਼ਬਦ ਦਾ ਰੱਸ ਭਿੰਨਾਂ ਕਿਰਤਨ ਅਤੇ ਵਿਆਖਿਆ ਕਰਦਿਆਂ ਸੰਗਤ ਨੂੰ ਨਿਹਾਲ ਕਰ ਦਿੱਤਾ।

5 ਨਵੰਬਰ ਦੇ ਸਵੇਰ ਦੇ ਦੀਵਾਨ ਵਿਚ "ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥......" (ਅੰਕ 767) ਸ਼ਬਦ ਦਾ ਕੀਰਤਨ ਕਰਦਿਆਂ ਉਸ ਦੀ ਵਿਆਖਿਆ ਕੀਤੀ।

ਸ਼ਾਮ 5 ਨਵੰਬਰ ਦੇ ਦੀਵਾਨਾਂ ਵਿਚ ਗੁਰਬਾਣੀ ਕੀਰਤਨ ਕਰਦਿਆਂ "ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥......." (ਅੰਕ 773) ਸ਼ਬਦ ਦਾ ਵਿਆਖਿਆ ਸਹਿਤ ਕੀਰਤਨ ਕੀਤਾ।

ਸਵੇਰ 6 ਨਵੰਬਰ ਨੂੰ ਸੰਗਤਾਂ ਦਾ ਹੜ ਵੇਖ ਕੇ ਲਗ ਰਿਹਾ ਸੀ ਕਿ, ਸਕੱਤਰੇਤ ਵਿੱਚ ਬੈਠੇ ਪੁਜਾਰੀਆਂ ਦੇ ਕੂੜਨਾਮੇ, ਕੌਮ ਨੇ ਮੁੱਢੋਂ ਹੀ ਰੱਦ ਕਰ ਦਿੱਤੇ ਹਨ। ਸੰਗਤਾਂ ਦਾ ਜੋਸ਼ ਅਤੇ ਉਤਸਾਹ ਉਨ੍ਹਾਂ ਲੋਕਾਂ ਨੂੰ ਇਕ ਢੁਕਵਾਂ ਜਵਾਬ ਸੀ, ਜੋ ਇਹ ਕਹਿੰਦੇ ਹਨ ਕਿ, ਪ੍ਰੋ. ਦਰਸ਼ਨ ਸਿੰਘ ਨੇ ਸਕੱਤਰੇਤ ਵਿੱਚ ਨਾ ਜਾ ਕੇ ਕੀ ਖੱਟਿਆ...

ਇਕ ਸੱਚੇ ਅਤੇ ਗੁਰਮਤਿ ਦੇ ਧਾਰਣੀ ਸਿੱਖ ਦੀ ਸਭਤੋਂ ਵੱਡੀ ਖੱਟੀ ਹੁੰਦੀ ਹੈ, ਗੁਰਮਤਿ ਸਿਧਾਂਤਾਂ 'ਤੇ ਟਿਕਿਆ ਰਹਿਣਾਂ ਅਤੇ ਝੂਠੇ ਫਤਵੇ ਜਾਰੀ ਕਰਣ ਵਾਲੇ ਦੰਭੀ ਲੋਕਾਂ ਦੀ ਝੂਠੀ ਈਨ ਦੇ ਅੱਗੇ ਨਾ ਝੁਕਣਾ। ਇਹ ਅੱਜ ਦੇ ਦੀਵਾਨ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਪ੍ਰਤੀ ਸੰਗਤਾਂ ਦੇ ਪਿਆਰ ਅਤੇ ਸਤਿਕਾਰ ਨੂੰ ਵੇਖ ਕੇ ਸਾਬਿਤ ਹੋ ਰਿਹਾ ਸੀ। ਪ੍ਰੋ. ਸਾਹਿਬ ਨੇ ਅੱਜ ਗੁਰਬਾਣੀ ਦੇ ਸ਼ਬਦ "ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥........." (ਅੰਕ 571) ਦਾ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਨਿਹਾਲ ਕੀਤਾ।

ਪ੍ਰੋ. ਦਰਸਨ ਸਿੰਘ ਜੀ ਖਾਲਸਾ ਦੇ ਕੀਰਤਨ ਪ੍ਰੋਗ੍ਰਾਮਾਂ ਦੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ, ਸਰਦਾਰ ਤਰਸੇਮ ਸਿੰਘ ਜੀ ਖ਼ਾਲਸਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸਨ। ਭਾਈ ਤਰਸੇਮ ਸਿੰਘ ਜੀ ਨੇ, ਮੌਜੂਦਾ ਕੌਮੀ ਹਾਲਾਤਾਂ ਅਤੇ ਧਰਮ 'ਤੇ ਵੱਧ ਰਹੇ ਸਿਆਸੀ ਪ੍ਰਭਾਵ ਤੋਂ, ਸੰਗਤਾਂ ਨੂੰ ਸੁਚੇਤ ਕੀਤਾ।

ਭਾਈ ਤਰਸੇਮ ਸਿੰਘ ਜੀ ਨੇ ਸੰਗਤਾਂ ਕੋਲੋਂ ਕੁੱਝ ਮਤੇ ਪਾਸ ਕਰਵਾਏ, ਜਿਸਦੇ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਦਲੀਪ ਸਿੰਘ ਜੀ ਨੇ ਸੰਗਤਾਂ ਨੂੰ ਵਿਸਥਾਰ ਨਾਲ ਦਸਿਆ। ਸੰਗਤਾਂ ਨੇ ਹੱਥ ਖੜੇ ਕਰਕੇ, ਇਨ੍ਹਾਂ ਮਤਿਆਂ 'ਤੇ ਸਹਿਮਤੀ ਦੀ ਮੁਹਰ ਲਾ ਦਿੱਤੀ। ਪਹਿਲ ਮਤਾ ਸੀ ਕਿ ਹਰ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਹਿਜ ਪਾਠ ਜ਼ਰੂਰ ਕਰੇ, ਤਾਂਕਿ ਸ਼ਬਦ ਗੁਰੂ ਦਾ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਨਾਲ ਹਮੇਸ਼ਾਂ ਜੁੜਿਆ ਰਹੇ ਅਤੇ ਝੂਠ ਅਤੇ ਸੱਚ ਦੀ ਪਛਾਣ ਸਹਜੇ ਹੀ ਕਰ ਸਕੇ। ਦੂਜਾ ਮਤਾ ਇਹ ਪਾਸ ਕੀਤਾ ਗਿਆ ਕਿ ਧਾਰਮਿਕ ਮਸਲਿਆਂ ਉਤੇ ਪ੍ਰਭਾਵ ਪਾ ਰਹੀ ਸਿਆਸਤ ਅਤੇ ਅੰਮ੍ਰਿਤਸਰ ਦੀ ਕੇਂਦਰੀ ਲੀਡਰ ਸ਼ਿਪ ਕੌਮ ਦੇ ਜਾਗਰੂਕ ਤਬਕੇ ਨਾਲ ਮਿਲ ਕੇ, ਕੌਮੀ ਮਸਲਿਆਂ ਦਾ ਹਲ ਛੇਤੀ ਤੋਂ ਛੇਤੀ ਕੱਢ ਲਵੇ। ਇਸ ਲਈ ਜਾਗਰੂਕ ਤਬਕਾ ਪੂਰੀ ਤਰ੍ਹਾਂ ਤਿਆਰ ਹੈ।

ਇਸ ਪੂਰੇ ਪ੍ਰੋਗ੍ਰਾਮ ਦਾ ਪ੍ਰਬੰਧ ਸ੍ਰੀ ਗੁਰੂ ਸਿੰਘ ਸਭ, ਹਮੀਦੀਆ ਪੁਰ, ਭੋਪਾਲ ਨੇ ਕੀਤਾ ਸੀ। ਕਮੇਟੀ ਦੇ ਅਹੁਦੇਦਾਰਾਂ ਵਿੱਚ ਗਿਆਨੀ ਦਲੀਪ ਸਿੰਘ, ਸਰਦਾਰ ਜੋਗਿੰਦਰ ਸਿੰਘ ਧੀਰ, ਸਰਦਾਰ ਦਵਿੰਦਰ ਸਿੰਘ ਖਾਲਸਾ, ਸਰਦਾਰ ਜਸਵਿੰਦਰ ਸਿੰਘ ਅਤੇ ਵੀਰ ਕੰਵਲ ਜੀਤ ਸਿੰਘ ਜੀ ਪ੍ਰਮੱਖ ਰੂਪ ਵਿਚ ਸ਼ਾਮਿਲ ਸਨ। ਖਬਰ ਲਿਖਣ ਤੱਕ ਅੱਜ 6 ਨਵੰਬਰ 2014 ਦੀ ਸ਼ਾਮ ਦਾ ਦੀਵਾਨ ਪਰਵਾਨ ਚੜ੍ਹ ਰਿਹਾ ਸੀ, ਇਸ ਕਰਕੇ ਉਸ ਬਾਰੇ ਖਬਰ ਕਲ ਦਿੱਤੀ ਜਾਵੇਗੀ।

ਇਸ ਸਮਾਗਮ ਨੂੰ ਰੋਕਣ ਲਈ ਅਖੌਤੀ ਜਥੇਦਾਰ ਪੱਪੂ ਗੁਰਬਚਨ ਸਿੰਘ ਨੇ ਪੂਰਾ ਜ਼ੋਰ ਲਾਇਆ, ਕਈ ਤਰ੍ਹਾਂ ਦੇ ਪੋਸਟਰ ਬਣਵਾਏ, ਇੱਥੋਂ ਤੱਕ ਕੇ ਇਸ ਸਮਾਗਮ 'ਚ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਵੀ ਸ਼ਾਮਿਲ ਹੋਣਾ ਸੀ, ਜੋ ਕਿ ਪੱਪੂ ਗੁਰਬਚਨ ਸਿੰਘ ਦੀ ਧਮਕੀ ਦੇ ਡਰੋਂ ਮੁਨਕਰ ਹੋ ਗਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top