Khalsa News homepage

 

 Share on Facebook

Main News Page

ਸੂਰਜ ਪ੍ਰਕਾਸ਼ ਦੇ ਗਪੌੜੇ - ਭਾਗ 16
ਭਾਈ ਰਾਮ ਰਾਇ ਤੋਂ ਕਰਾਮਾਤਾਂ ਗੁਰੂ ਜੀ ਆਪ ਕਰਵਾਉਂਦੇ ਸਨ !
-: ਪ੍ਰੋ. ਕਸ਼ਮੀਰਾ ਸਿੰਘ USA
08.04.2020

(ਰਾਸ਼ੀ 9 ਅਧਿਆਇ 55)
ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਿੱਚ ਭਾਈ ਰਾਮਰਾਇ ਵਲੋਂ ਕਰਾਮਾਤਾਂ ਕਰਵਾ ਕੇ ਉਸ ਦਾ ਦਾਬਾ ਬਣਾਈ ਰੱਖਣ ਲਈ ਔਰੰਗਜ਼ੇਬ ਵਲੋਂ ਉਸ ਨੂੰ 13,000 ਰੁਪਏ ਸ਼ਾਬਾਸ਼ ਵਜੋਂ ਰੋਜ਼ਾਨਾ ਦੇਣ ਦੀ ਗੱਲ ਕੀਤੀ ਹੈ । ਦੇਖੋ ਕਵੀ ਦੀ ਅਜਿਹੀ ਲਿਖਤ-

ਜਹਾਂ ਜਾਇ ਤਹਿਂ ਰਾਖੈ ਸੰਗ । ਸਨਮਾਨਿਹਿ ਪਿਖਿ ਹਰਖਹਿਂ ਅੰਗ॥
ਦਰਬ ਬ੍ਰਿੰਦ ਦਸ ਤੀਨ ਹਜ਼ਾਰ॥ ਦੇਤਿ ਰੋਜ਼ ਕੋ ਕਰਿ ਕਰਿ ਪਯਾਰ ॥15॥
{ਰਾਸ਼ੀ 9 ਅਧਿਆਇ 44}

ਦੋਹਰਾ॥ ਸਤਿਗੁਰੂ ਪੁੱਤ੍ਰ ਪ੍ਰਸੰਨ ਅਤਿ ਅਜ਼ਮਤਿ ਪਰਮ ਦਿਖਾਇ॥
ਸਭਿ ਕੂਰੇ ਬਹੁ ਬਾਰ ਕੀਯ ਹਾਰੇ ਮੂਢ ਉਪਾਇ॥1॥
{ਅਧਿਆਇ 55}

ਅਰਥ :- ਧੰਨੁ ਗੁਰੂ ਹਰਿ ਰਾਇ ਸਤਿਗੁਰੂ ਜੀ ਦੇ ਪੁੱਤ੍ਰ ਨੇ ਕਰਾਮਾਤਾਂ ਦਿਖਾ ਕੇ ਸਾਰਿਆਂ ਨੂੰ ਝੂਠਾ ਕੀਤਾ ਅਤੇ ਮੂਰਖ ਉਪਾਉ ਕਰ ਕਰ ਕੇ ਹਾਰ ਗਏ ।

ਕਵੀ ਸੰਤੋਖ ਸਿੰਘ ਨੇ ਕਰਾਮਾਤਾਂ ਨੂੰ ਸਤਿਗੁਰੂ ਹਰਿ ਰਾਇ ਜੀ ਦੇ ਬੱਲ ਨਾਲ਼ ਤੁਲਨਾ ਦਿੱਤੀ ਹੈ ਅਤੇ ਲਿਖਿਆ ਹੈ ਕਿ ਤੁਰਕਾਂ ਵਿੱਚ ਗੁਰੂ ਘਰ ਨੂੰ ਜਿੱਤਣ ਵਾਲ਼ਾ ਕੋਈ ਨਹੀਂ ਸੀ । ਇਉਂ ਲਿਖ ਕੇ ਕਵੀ ਨੇ ਭਾਈ ਰਾਮ ਰਾਇ ਦੀਆਂ ਕਰਾਮਾਤਾਂ ਨੂੰ ਗੁਰੂ ਦੀ ਸ਼ਕਤੀ ਹੀ ਬਿਆਨ ਕੀਤਾ ਹੈ । ਦੇਖੋ ਇਸ ਬਾਰੇ ਇਹ ਲਿਖਤ-

ਨਹਿ ਬਸ ਚਲਿਓ ਉਪਾਇ ਨਿਫਲਤੇ॥ ਪਚ ਪਚ ਹਾਰੇ ਸਤਿਗੁਰ ਬਲ ਤੇ॥
ਤੀਨ ਲੋਕ ਮਹਿਂ ਅਸ ਨਹਿਂ ਕੋਈ॥ ਜੀਤ ਸਕੈ ਗੁਰ ਘਰ ਕਹੁ ਜੋਈ॥3॥

ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਜਿਵੇਂ ਜਿਵੇਂ ਸਤਿਗੁਰੂ ਹਰਿ ਰਾਇ ਸਾਹਿਬ ਦੇ ਦਿੱਲ ਨੂੰ ਭਾਉਂਦਾ ਹੈ, ਉਸ ਪ੍ਰਕਾਰ ਹੀ ਭਾਈ ਰਾਮ ਰਾਇ ਰਾਹੀਂ ਆਪਣੀ ਕਰਾਮਾਤ ਦਿਖਾਉਂਦੇ ਹਨ । ਜਿਵੇਂ ਗੁਰੂ ਜੀ ਚੌਦਾਂ ਲੋਕਾਂ ਵਿੱਚ ਕਰਨਾ ਲੋਚਦੇ ਹਨ ਤਿਵੇਂ ਹੀ ਕਰਦੇ ਹਨ । ਦੇਖੋ ਇਸ ਬਾਰੇ ਇਹ ਪ੍ਰਮਾਣ-

ਜਿਮ ਸਤਿਗੁਰ ਕੈ ਉਰ ਕਹੁ ਭਾਵੈ॥ ਤਿਸੁ ਪ੍ਰਕਾਰ ਨਿਜ ਚਲਿਤ ਦਿਖਾਵੈਂ॥
ਚੌਦਹਿ ਲੋਕ ਬਿਖੈ ਚਹਿਂ ਜੈਸੇ॥ ਉਚਿਤਾਨੁਚਿਤ ਰਚਿਤ ਤਬ ਤੈਸੇ॥5॥

ਕਵੀ ਸੰਤੋਖ ਸਿੰਘ ਅੱਗੇ ਲਿਖਦਾ ਹੈ ਕਿ ਧੰਨੁ ਗੁਰੂ ਹਰਿ ਰਾਇ ਸਾਹਿਬ ਆਪਣੇ ਪੁੱਤ੍ਰ ਦੀ ਰਸਨਾ ਉੱਤੇ ਬੈਠ ਕੇ ਉਸ ਕੋਲ਼ੋਂ ਆਪ ਹੀ ਕਰਾਮਾਤਾਂ ਕਰਵਾਉਂਦੇ ਸਨ । ਕਰਾਮਾਤ ਕਰਦਿਆਂ ਕੁੱਝ ਵੀ ਦੇਰੀ ਨਹੀਂ ਲੱਗਦੀ ਸੀ ਅਤੇ ਭਾਈ ਰਾਮ ਰਾਇ ਦੀ ਇਉਂ ਤਿੰਨਾਂ ਲੋਕਾਂ ਵਿੱਚ ਆਗਿਆ ਚੱਲਦੀ ਸੀ । ਦੇਖੋ ਇਸ ਦਾ ਪ੍ਰਮਾਣ-

ਨਿਜ ਸੁਤ ਕੀ ਰਸਨਾ ਪਰ ਬਾਸੇ॥ ਜਿਮ ਬੋਲਹਿਂ ਤਿਮ ਕਰਤਿ ਪ੍ਰਕਾਸ਼ੇ॥
ਬਿਲਮ ਨਾ ਲਗਹਿਂ ਬਨਹਿਂ ਤਤਕਾਲਹਿਂ॥ ਤੀਨ ਲੋਕ ਪਰ ਆਯਸੁ ਚਾਲਹਿਂ॥7॥

ਵਿਚਾਰ:

ਕਵੀ ਸੰਤੋਖ ਨੇ ਭਾਈ ਰਾਮ ਰਾਇ ਦੀ ਥਾਂ ਗੁਰੂ ਹਰਿ ਰਾਇ ਜੀ ਨੂੰ ਦੋਸ਼ੀ ਠਹਿਰਾਇਆ ਹੈ ਕਿਉਂਕਿ ਕਵੀ ਅਨੁਸਾਰ ਆਪਣੇ ਪੁੱਤ੍ਰ ਦੀ ਰਸਨਾ ਉੱਪਰ ਬੈਠ ਕੇ ਉਸ ਤੋਂ ਆਪ ਹੀ ਕਰਾਮਾਤਾਂ ਕਰਵਾਉਂਦੇ ਸਨ । ਗੁਰਮਤਿ ਵਿੱਚ ਕਰਾਮਾਤਾਂ ਰਾਹੀਂ ਸ਼ਕਤੀ ਦਾ ਵਿਖਾਵਾ ਕਰ ਕੇ ਰੱਬੀ ਭਾਣੇ ਵਿੱਚ ਦਖ਼ਲ ਦੇਣਾ ਮੰਨਿਆਂ ਗਿਆ ਹੈ । ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਿੱਧਾਂ ਵਲੋਂ ਕੋਈ ਕਰਾਮਾਤ ਦਿਖਾਉਣ ਦੇ ਉੱਤਰ ਵਿੱਚ ਜੋ ਕਿਹਾ ਸੀ ਭਾਈ ਗੁਰਦਾਸ ਨੇ ਪਹਿਲੀ ਵਾਰ ਦੀ ਪਉੜੀ ਨੰਬਰ 42 ਅਤੇ 43 ਇਉਂ ਲਿਖਿਆ ਹੈ-

ਸਿਧ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਾਈ॥ ਕੁਝ ਵਿਖਾਲੇਂ ਅਸਾ ਨੋ ਤੁਹਿ ਕਉਂ ਢਿਲ ਅਵੇਹੀ ਲਾਈ॥
ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ॥ ਗੁਰੁ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥
ਸਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ॥ ਸਿਧ ਤੰਤ੍ਰ ਮੰਤ੍ਰ ਕਰ ਝੜ ਪਏ ਸ਼ਬਦ ਗੁਰੂ ਕੈ ਕਲਾ ਛਪਾਈ॥
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ॥ ਸੋ ਦੀਨ ਨਾਨਕ ਸਤਿਗੁਰ ਸਰਣਾਈ ॥
42॥

ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚੁ ਮੁਖਹੁ ਅਲਾਈ॥ ਬਾਝੋ ਸਚੇ ਨਾਮ ਦੇ ਹੋਰ ਕਰਾਮਾਤਿ ਅਸਾਂ ਤੇ ਨਾਹੀ॥
ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ॥ ਕਰੌ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ॥
ਏਵਡੁ ਕਰੀ ਵਿਥਾਰ ਕਉ ਸਗਲੀ ਧਰਤੀ ਹਕੀ ਜਾਈ॥ ਤੋਲੀਂ ਧਰਤਿ ਆਕਾਸ਼ ਦੁਇ ਪਿਛੇ ਛਾਬੇ ਟੰਕੁ ਚੜਾਈ॥
ਇਹਿ ਬਲੁ ਰਖਾਂ ਆਪਿ ਵਿਚਿ ਜਿਸ ਆਖਾਂ ਤਿਸ ਪਾਸਿ ਕਰਾਈ॥ ਸਤਿਨਾਮ ਬਿਨੁ ਬਾਦਰ ਛਾਈ ॥
43॥

ਜਪੁ ਜੀ ਬਾਣੀ ਵਿੱਚ ਲਿਖਿਆ ਹੈ ਕਿ ਰਿੱਧੀਆਂ ਸਿੱਧੀਆਂ ਰੱਬ ਨਾਲ਼ ਨਹੀਂ ਜੋੜਦੀਆਂ ਸਗੋਂ ਹੋਰ ਹੋਰ ਪਾਸੇ ਭਟਕਣਾਂ ਵਿੱਚ ਲੈ ਜਾਂਦੀਆਂ ਹਨ । ਸਿੱਧਾ ਨਾਥਾਂ ਨਾਲ਼ ਸੰਵਾਦ ਰਚਾਉਂਦਿਆਂ ਗੁਰੂ ਜੀ ਨੇ ਕਰਾਮਾਤੀ ਸ਼ਕਤੀਆਂ ਦੇ ਵਿਖਾਵੇ ਬਾਰੇ ਹੇਠ ਲਿਖੀ ਪਉੜੀ ਵਿੱਚ ਬੜਾ ਸੁੰਦਰ ਬਿਆਨ ਕੀਤਾ ਹੈ-

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥ 7 ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥29॥

ਅਰਥ: - (ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਈ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ, ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ। ਅਕਾਲ ਪੁਰਖ ਦੀ “ਸੰਜੋਗ” ਸੱਤਾ ਤੇ “ਵਿਜੋਗ” ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)

(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ ।29।

ਪਉੜੀ ਦਾ ਸਮੁੱਚਾ ਭਾਵ:- ਸਿਮਰਨ ਦੀ ਬਰਕਤਿ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ, ਉਸ ਦੀ ਰਜ਼ਾ ਵਿਚ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਤੇ ਰਜ਼ਾ ਵਿਚ ਹੀ ਇਥੋਂ ਤੁਰ ਪੈਂਦੇ ਹਨ। ਇਹ ਗਿਆਨ ਪੈਦਾ ਹੋਇਆ ਖਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਜੋਗ-ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। (ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਉ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ)।29।

ਇਤਿਹਾਸ ਗਵਾਹ ਹੈ ਕਿ ਗੁਰੂ ਪਾਤਿਸ਼ਾਹਾਂ ਨੇ ਸ਼ਹੀਦ ਹੋਣਾ ਤਾਂ ਪਰਵਾਨ ਕੀਤਾ, ਅੱਖਾਂ ਸਾਮਹਣੇ ਭਾਈ ਦਿਆਲਾ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤਿ ਦੇ ਤਸੀਹੇ ਝੱਲ ਕੇ ਸ਼ਹੀਦ ਹੁੰਦੇ ਜਰ ਲਏ, ਪਰਿਵਾਰ ਦਾ ਖੇਰੂੰ ਖੇਰੂੰ ਹੋਣਾ ਝੱਲਿਆ, ਦੋ ਸਾਹਿਬਜ਼ਾਦੇ ਅਤੇ ਅਨੇਕਾਂ ਪਿਆਰੇ ਸਿੱਖ ਅੱਖਾਂ ਸਾਮ੍ਹਣੇ ਜੰਗ ਦੇ ਮੈਦਾਨ ਵਿੱਚ ਫੱਟ ਖਾਂਦੇ ਹੋਏ ਸ਼ਹੀਦ ਹੁੰਦੇ ਦੇਖ ਕੇ ਜਰ ਲਏ, ਦੋ ਨੀਹਾਂ ਵਿੱਚ ਚਿਣ ਗਏ ਜਰ ਲਏ, ਮਾਂ ਗੁਜਰ ਕੌਰ ਦੀ ਸ਼ਹੀਦੀ ਜਰ ਲਈ--- ਪਰ ਕਿਸੇ ਕਰਾਮਾਤ ਦਾ ਕੋਈ ਸਹਾਰਾ ਨਹੀਂ ਤੱਕਿਆ ਭਾਵੇਂ ਕਿ ਗੁਰੂ ਜੀ ਸਰਬ ਸਮਰੱਥ ਸਨ ।

ਹੈ ਨਾ ਕਵੀ ਸੰਤੋਖ ਸਿੰਘ ਦਾ ਗਪੌੜ! ਭਾਈ ਰਾਮ ਰਾਇ ਨੂੰ ਕਰਾਮਾਤਾਂ ਦਿਖਾਉਣ ਦਾ ਦੋਸ਼ੀ ਮੰਨਣ ਦੇ ਥਾਂ ਕਵੀ ਸੰਤੋਖ ਸਿੰਘ ਨੇ ਲਿਖ ਮਾਰਿਆ ਹੈ ਕਿ ਗੁਰੂ ਹਰਿ ਰਾਇ ਸਾਹਿਬ ਆਪ ਹੀ ਭਾਈ ਰਾਮ ਰਾਇ ਨੂੰ ਆਪਣੀ ਸ਼ਕਤੀ ਦੇ ਕੇ ਉਸ ਤੋਂ ਕਰਾਮਾਤਾਂ ਕਰਵਾਉਂਦੇ ਰਹੇ ਸਨ ਜਿਸ ਦੇ ਬਦਲੇ ਰੋਜ਼ਾਨਾ ਚੰਗੀ ਚੋਖੀ ਮਾਇਆ ਭਾਈ ਰਾਮ ਰਾਇ ਨੂੰ ਮਿਲ਼ਦੀ ਸੀ । ਅਜਿਹੇ ਗੰਧਲ਼ੇ ਇਤਿਹਾਸ ਨੂੰ ਸੋਧਣ ਲਈ ਕੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਕਦੇ ਤਿਆਰ ਹੋਵੇਗੀ?


ਗਪੌੜ 1 - ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ !
ਗਪੌੜ 2 - ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 - ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ !
ਗਪੌੜ 4 - ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ !
ਗਪੌੜ 5 - ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
ਗਪੌੜ 6 - ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ
ਗਪੌੜ 7 - ਦੇਵਤੇ ਦਰਸ਼ਨ ਕਰਨ ਆਏ ਪਰ ਚੋਰ ਸਮਝੇ ਗਏ
ਗਪੌੜ 8 - ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਗੁਰੂ ਜੀ ਰੋਕ ਨਾ ਸਕੇ
ਗਪੌੜ 9 - ਮਾਤਾ ਗੰਗਾ ਜੀ ਤੋਂ ਦੁਰਗਿਆਣੇ ਮੰਦਰ ਵਿੱਚ ਪੂਜਾ ਬੇਨਤੀ ਕਰਾਈ ਅਤੇ ਦੁਰਗਾ ਦਾ ਪਾਠ ਪੜ੍ਹਾਇਆ ਗਿਆ
ਗਪੌੜ 10 - ਬਾਲ ਹਰਿਗੋਬਿੰਦ ਨੂੰ ਜ਼ਹਿਰ ਦੇ ਕੇ ਮਾਰਨ ਗਏ ਪੰਡਿਤ ਨੂੰ ਫਿਰ ਜੀਉਂਦਾ ਕਰ ਦਿੱਤਾ !
ਗਪੌੜ 11 - ਦੂਜੇ ਗੁਰੂ ਜੀ ਤੋਂ ਵਰੁਣ ਦੇਵਤੇ ਦੀ ਪੂਜਾ ਕਰਨ ਦਾ ਹੁਕਮ ਕਰਾਇਆ !
ਗਪੌੜ 12 - ਭਾਈ ਅਮਰਦਾਸ ਜੀ ਤੋਂ ਖਡੂਰ ਸਾਹਿਬ ਦੇ ਤਪੇ ਦੀ ਮੌਤ ਕਰਵਾਈ ਅਤੇ ਕਰਾਮਤ ਰਾਹੀਂ ਮੀਂਹ ਪਵਾਇਆ 
ਗਪੌੜ 13 - ਪੰਜਵੇਂ ਗੁਰੂ ਜੀ ਤੋਂ ਲੰਗਰ ਵਿੱਚ ਜਾਤੀ ਭੇਦ-ਭਾਵ ਕਰਾਇਆ
ਗਪੌੜ 14 - ਭਾਈ ਮੋਹਨ ਕੋਲ਼ੋਂ ਪੋਥੀਆਂ ਲਿਆਉਣ ਦੀ ਮਨਘੜਤ ਕਹਾਣੀ
ਗਪੌੜ 15 - ਕਵੀ ਸੰਤੋਖ ਸਿੰਘ ਗੁਰਬਾਣੀ ਦੇ ਸ਼ਬਦਾਂ ਦੀ ਦੁਰਵਰਤੋਂ ਕੀਤੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top