Share on Facebook

Main News Page

ਪਿੰਡ ਬੁਲੰਦਾ ਉਰਫ ਬੁਲੰਦਪੁਰੀ ਉਰਫ ਬੁਲੰਦਪੁਰੀ ਸਾਹਿਬ ਉਰਫ ਨਵਾਂ ਨਾਨਕਸਰ ਠਾਠ ??? ਕਿਸ਼ਤ 1
-: ਗੁਰਦੇਵ ਸਿੰਘ ਸੱਧੇਵਾਲੀਆ
sgurdev@hotmail.com

>> ਕਿਸ਼ਤ 1, ਕਿਸ਼ਤ 2ਕਿਸ਼ਤ 3, ਕਿਸ਼ਤ 4, ਕਿਸ਼ਤ ਆਖਰੀ

ਬੰਦਾ ਉਨਾ ਚਿਰ ਬੰਦਾ ਹੈ ਜਿੰਨਾ ਚਿਰ ਉਸ ਕੋਲੇ ਸੋਝੀ ਹੈ, ਤੁਸੀਂ ਉਸ ਦੀ ਮੱਤ ਖੋਹ ਲਓ, ਉਸ ਵਿਚ ਤੇ ਪਸ਼ੂ ਵਿਚ ਕੋਈ ਫਰਕ ਨਹੀਂ ਰਹਿੰਦਾ ਕਿ ਰਹਿੰਦਾ? ਤੁਸੀਂ ਪਸ਼ੂ ਨੂੰ ਕਿੱਲੇ ਨਾਲ ਕਿਉਂ ਬੰਨ ਸਕਦੇ ਹੋ? ਤੁਸੀਂ ਬਲਦ ਨੂੰ ਅਪਣੇ ਹਲ ਅਗੇ ਕਿਵੇਂ ਜੋੜ ਲੈਂਦੇ ਹੋ? ਤੁਸੀਂ ਕੀ ਉਸ ਨਾਲੋਂ ਤਗੜੇ ਹੋ? ਨਹੀਂ! ਤੁਹਾਨੂੰ ਉਸ ਨੂੰ ਨੱਥ ਪਾ ਕੇ ਕਾਬੂ ਕਰਨਾ ਆ ਗਿਆ ਤੇ ਉਸ ਨੂੰ ਛੁੱਟਣਾ ਤੇ ਖੁਲ੍ਹਣਾ ਨਹੀਂ ਆਇਆ! ਕਿਉਂਕਿ ਉਹ ਪਸ਼ੂ ਹੈ!

ਉਹ ਸਾਰੀ ਉਮਰ ਖੁਰਲੀ ਉਪਰ ਹੀ ਸੰਗਲ ਖੜਕਾਉਂਦਾ ਤੇ ਤੁਹਾਡੇ ਕੰਮ ਕਰਦਾ ਮਰ ਜਾਂਦਾ ਹੈ, ਪਰ ਉਸ ਦੇ ਸਿਰ ਕਦੇ ਸੰਗਲਾਂ ਤੋਂ ਛੁੱਟ ਜਾਣ ਦਾ ਖਿਆਲ ਹੀ ਨਹੀਂ ਆਉਂਦਾ, ਕਿਉਂਕਿ ਉਹ ਪਸ਼ੂ ਹੈ!

ਤੁਹਾਨੂੰ ਪਤੈ ਜਦ ਪਸ਼ੂ ਖੁਰਲੀ ਢਾਹੁਣਾ ਚਾਹਵੇ ਜਾਂ ਸੰਗਲ ਤੁੜਾਉਂਣਾ ਚਾਹੇ ਤਾਂ ਤੁਸੀਂ ਕੀ ਕਰਦੇ ਹੋ? ਡਾਂਗ ਚੁੱਕਦੇ ਹੋ ਤੇ ਪੁੜੇ ਸੇਕਦੇ ਹੋ ਤੇ ਕਈ ਵਾਰੀ ਖੁਰਲੀ ਤੋਂ ਪਾਸੇ ਬੰਨ ਦਿੰਦੇ ਹੋ। ਤੇ ਕਦੇ ਤੁਸੀਂ ਉਸ ਦੇ ਗਲ ‘ਡਹਿਣਾ’ ਪਾਉਂਦੇ ਹੋ ਤਾਂ ਕਿ ਜਿਆਦਾ ਦੌੜ ਨਾ ਸਕੇ, ਕਦੇ ਨੱਥ ਜਾਂ ਨਕੇਲ ਪਾਉਂਦੇ ਹੋ ਤਾਂ ਕਿ ਤੁਹਾਡੇ ਉਪਰ ਹਮਲਾਵਰ ਨਾ ਹੋਵੇ ਤੇ ਤੁਹਾਡੇ ਵਸੋਂ ਬਾਹਰ ਨਾ ਜਾਵੇ! ਕਦੇ ਤੁਸੀਂ ਉਸ ਦੇ ਗਲ ਟੱਲੀਆਂ, ਹਮੇਲਾਂ ਜਾਂ ਘੁੰਘਰੂ ਬੰਨਦੇ ਹੋ, ਇਸ ਕਰਕੇ ਨਹੀਂ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ, ਬਲਕਿ ਇਹ ਵੀ ਤੁਹਾਡਾ ਇੱਕ ਤਰੀਕਾ ਉਸ ਨੂੰ ਅਪਣੀ ਨਿਗਰਾਨੀ ਹੇਠ ਰੱਖਣ ਦਾ।

ਪੰਡੀਏ ਨੇ ਲੁਕਾਈ ਨੂੰ ਪਸ਼ੂ ਬਣਾਈ ਰੱਖਣ ਲਈ ਇੰਝ ਹੀ ਕੀਤਾ। ਕਦੇ ਨੱਥ, ਕਦੇ ਨਕੇਲ, ਕਦੇ ‘ਡਹਿਣਾ’, ਕਦੇ ਘੁੰਘਰੂ ਅਤੇ ਕਦੇ ਟੱਲੀਆਂ। ਮਾਰ ਖੋਰਿਆਂ ਮਨੁੱਖਾਂ ਨੂੰ ਉਸ ਨਕੇਲਾਂ ਤੇ ਨੱਥਾਂ ਪਾਈਆਂ ਤੇ ਥੋੜੇ ‘ਸਾਊਆਂ’ ਦੇ ਟੱਲੀਆਂ ਅਤੇ ਘੁੰਘਰੂ ਬੰਨ ਦਿੱਤੇ ਯਾਨੀ ‘ਅੱਗਾ ਸੰਵਾਰਨ’ ਦੇ ਨਾਂ ਹੱਥ ਛੈਣੇ ਅਤੇ ਖੜਤਾਲਾਂ ਫੜਾ ਕੇ, ਪੱਥਰਾਂ ਅੱਗੇ ਬੈਠਾ ਦਿੱਤਾ! ਮਸਲਾ ਕੇਵਲ ਪਸ਼ੂ ਬਣਾ ਕੇ ਰੱਖਣਾ ਹੀ ਸੀ।

ਤੇ ਕੁਝ ਲੋਕ ਜਦ ਪਸ਼ੂ ਹੋਣ ਤੋਂ ਇਨਕਾਰੀ ਹੋ ਕੇ, ਮਨੁੱਖ ਬਣਨ ਵਲ ਸੋਚਣ ਲੱਗੇ ਤਾਂ ਸ਼ਬੂੰਕ ਵਰਗੇ ਸਿਆਣੇ ਲੋਕਾਂ ਦਾ ਆਖੇ ਜਾਂਦੇ ਰਾਮ ਭਗਵਾਨ ਨੇ ਖੁਦ ਜੰਗਲ ਵਿਚ ਜਾ ਕੇ ਸਿਰ ਵੱਡ ਸੁੱਟਿਆ! ਭਗਤ ਨਾਮਦੇਵ ਜੀ, ਕਬੀਰ ਜੀ, ਰਵੀਦਾਸ ਜੀ ਆਦਿ ਸਭ ਨੇ ਜਦ ਵੀ ਮਨੁੱਖ ਨੂੰ ਪਸ਼ੂਪੁਣੇ ਤੋਂ ਮਨੁੱਖ ਹੋਣ ਵਲ ਤੋਰਿਆ, ਪੰਡੀਏ ਉਨ੍ਹਾਂ ਦੁਆਲੇ ਵੀ ਡਾਂਗ ਚੁੱਕ ਲਈ।

ਗੁਰੂ ਸਹਿਬਾਨਾ ਬ੍ਰਾਹਮਣ ਵਲੋਂ ਪਸ਼ੂ ਅਤੇ ਢੋਰ ਬਣਾ ਦਿੱਤੇ ਗਏ ਲੋਕਾਂ ਨੂੰ ਕਈ ਸੌ ਸਾਲ ਲਾ ਕੇ ਸਮਝਾਇਆ, ਕਿ ਤੁਸੀਂ ਪਸ਼ੂ ਨਹੀਂ ਕਿ ਸਾਰੀ ਉਮਰ ਬ੍ਰਾਹਮਣ ਹੇਠ ਵਗੀ ਜਾਵੋ, ਬਲਕਿ ਉਸ ਵਰਗੇ ਹੀ ਮਨੁੱਖ ਹੋ ਤੇ ਮਨੁੱਖ ਬਣ ਕੇ ਜਿਉਂਣਾ ਸਿੱਖੋ, ਤਾਂ ਪੰਡੀਆ ਬਾਬਾ ਜੀ ਦੁਆਲੇ ਹੋ ਪਿਆ ਅਤੇ ਗੁਰੂ ਸਾਹਿਬਾਨਾਂ ਦੀਆਂ ਬਾਹਲੀਆਂ ਖੂਨੀ ਜੰਗਾਂ ਪਿੱਛੇ ਕਿਤੇ ਨਾ ਕਿਤੇ ਪੰਡੀਆ ਖੜੋਤਾ ਸਾਫ ਨਜਰ ਆਉਂਦਾ ਹੈ, ਤੇ ਉਨ੍ਹਾਂ ਦੀ ਉਮਤ ਦਾ ਹਾਲੇ ਤੱਕ ਉਸ ਖਹਿੜਾ ਨਹੀਂ ਛੱਡਿਆ!

ਸਮਾਂ ਬਦਲ ਗਿਆ ਪੰਡੀਏ ਨੇ ਤਰੀਕੇ ਬਦਲੇ, ਰੂਪ ਬਦਲਿਆ, ਢੰਗ ਬਦਲੇ ਪਰ ਕੰਮ ਨਹੀਂ ਬਦਲੇ! ਕੰਮ ਉਹੀ ਮਨੁੱਖ ਨੂੰ ਪਸ਼ੂ ਬਣਾਈ ਰੱਖਣਾ ਤੇ ਰਾਜ ਕਰਨਾ। ਪੰਡੀਏ ਨੂੰ ਪਤੈ, ਬਦਲੇ ਹਲਾਤਾਂ ਵਿਚ ਹੁਣ ਲੋਕਾਂ ਨੂੰ ਨੱਥ ਅਤੇ ਨਕੇਲ ਨਹੀਂ ਪਾਈ ਜਾ ਸਕਣੀ, ਉਸ ਗਲੀਂ ਘੁੰਘਰੂ ਅਤੇ ਟੱਲੀਆਂ ਬੰਨ ਦਿੱਤੀਆਂ ਤੇ ਅੱਖੀਂ ਖੋਪੇ ਲਾ ਦਿੱਤੇ।

ਪਿੱਛੇ ਜਿਹੇ ਮੈਂ ਡਰਾਮਿਆਂ ਤੇ ਲਿਖਿਆ ਸੀ ਉਹ ਵੀ ਮਨੁੱਖ ਨੂੰ ਖੋਪੇ ਲਾਈ ਰੱਖਣ ਦਾ ਇਕ ਕਾਰਗਰ ਤਰੀਕਾ ਹੈ। ਥਾਂ ਥਾਂ ਰੋਜ਼ਾਨਾ ਰੰਗ-ਬਰੰਗੇ ਵੱਡੇ ਵੱਡੇ ਚੋਲੇ ਅਤੇ ਬਿੰਦੇ ਲਾ ਕੇ ਵੱਡੇ ਵੱਡੇ ਭਾਸ਼ਨ ਅਤੇ ਪ੍ਰਵਚਨ ਦਿੰਦੇ ਸਾਧੜੇ ਲੋਕਾਂ ਗਲ ਟੱਲੀਆਂ ਹੀ ਤਾਂ ਬੰਨ ਰਹੇ ਹਨ, ਕਿ ਕਿਤੇ ਲੋਕ ਖੁਰਲੀਆਂ ਨਾ ਢਾਹੁਣ ਲੱਗ ਜਾਣ। ਤੇ ਉਹੀ ਰਾਹ ਪੰਜਾਬ ਵਿਚ ਪੰਡੀਏ ਦੇ ਯਾਰਾਂ ਯਾਨੀ ਪੰਜਾਬ ਵਾਲੇ ਸਾਧਾਂ ਫੜ ਲਿਆ ਹੈ, ਕਿਉਂਕਿ ਵਿਹਲੀਆਂ ਖਾ ਕੇ ਹਰਾਮਜਾਦੀਆਂ ਕਰਨ ਵਾਲਿਆਂ ਨੂੰ ਪਤੈ, ਕਿ ਜੇ ਲੁਕਾਈ ਨੂੰ ਖੋਪੇ ਨਾ ਲਾਏ ਅਤੇ ਗਲ ਡਹਿਣੇ ਨਾ ਬੱਧੇ, ਤਾਂ ਇਹ ਕਦੇ ਵੀ ਬਗਾਵਤ ਰਾਹ ਤੁਰ ਸਾਡੇ ਡੇਰੇ ਢਾਹ ਸਕਦੇ ਨੇ। ਤੇ ਉਨ੍ਹਾਂ ਦੀ ਹਮੇਸ਼ਾਂ ਮਦਦਗਾਰ ਰਹੀ ਪਿੱਛੇ ਰਾਜ ਕਰ ਰਹੀ ਵਕਤ ਦੀ ਹਕੂਮਤ! ਜਿਵੇਂ ਰਾਜੇ ਦੀ ਅਤੇ ਪੰਡੀਏ ਦੀ ਰਲ ਕੇ ਖਿਚੜੀ ਪੱਕਦੀ ਸੀ ਇੰਨ-ਬਿੰਨ ਉਸੇ ਤਰਜ ਤੇ ਤੁਸੀਂ ਦੇਖੋ ਪੰਜਾਬ ਵਿਚ ਵੀ ਸਾਧਾਂ ਦੀ ਅਤੇ ਰਾਜਿਆਂ ਦੀ ਪੱਕਦੀ ਹੈ। ਕੋਈ ਡੇਰਾ ਦੇਖ ਲਓ ਹਰੇਕ ਤੇ ਰਾਜ ਕਰ ਰਹੇ ਲੋਕ ਜਾਂਦੇ ਅਤੇ ਆਖੇ ਜਾਂਦੇ ਸੰਤ ਉਨ੍ਹਾਂ ਨੂੰ ਸਿਰੋਪੇ ਦਿੰਦੇ। ਆਮ ਮਨੁੱਖ ਨੂੰ ਜਾਪਦਾ ਕਿ ਸੰਤ ਉਨ੍ਹਾਂ ਦਾ ਭਲਾ ਕਰ ਰਿਹੈ, ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਤਾਂ ਉਨ੍ਹਾਂ ਦਾ ਖੂਨ ਚੂਸਣ ਵਾਲੀਆਂ ਜੋਕਾਂ ਨਾਲ ਖੜੋਤਾ ਹੈ।

ਚਲੋ ਗੱਲ ਲੰਮੀ ਨਾ ਕਰੀਏ। ਸਾਧੜਿਆਂ ਦੀਆਂ ਨਿੱਤ ਨਵੇ ਸੂਰਜ ਨਵੀਆਂ ਕਹਾਣੀਆਂ। ਪਾਠਕਾਂ ਨੂੰ ਯਾਦ ਹੋਵੇਗਾ ਥੋੜਾ ਚਿਰ ਪਹਿਲੇ ਮਰ ਚੁੱਕੇ ਤਰਮਾਲੇ ਨੇ ‘ਬ੍ਰਹਮਗਿਆਨੀ’ ਬਣਾਉਂਣ ਦੀ ਯੂਨੀਵਰਸਿਟੀ ਖ੍ਹੋਲ ਰੱਖੀ ਸੀ ਤੇ ਉਸ ਦਾ ‘ਬ੍ਰਗਮਗਿਆਨੀ’ ਬਣਾਉਂਣ ਦਾ ਢੰਗ ਵੀ ਬੜਾ ਨਿਰਾਲਾ ਸੀ। ਲੱਤਾਂ ਚੁੱਕ ਚੁੱਕ ‘ਸਿਮਰਨ’ ਕਰਦੇ ਲੋਕ ਸਭ ਨੇ ਅੱਖੀ ਦੇਖੇ ਜਿਹੜੇ ਪੂਰੀ ਕੌਮ ਨੂੰ ਸ਼ਰਮਸਾਰ ਕਰ ਦੇਣ ਵਾਲੇ ਸਨ। ਉਸ ਦੇ ਚੇਲੇ, ਪਖੰਡੀ ਤਰਮਾਲੇ ਦੀਆਂ ਗੱਲਾਂ ਵਿਚ ਆ ਕੇ ਦਿਨੇ ਤਾਰੇ ਦੇਖੀ ਜਾਂਦੇ ਸਨ, ਕਿ ਸਾਰੀ ਸਿੱਖੀ ਦਾ ਅਸਮਾਨ ਤਰਮਾਲੇ ਹੀ ਚੁੱਕਿਆ ਹੋਇਆ। ਕਾਹਨਾ ਢੇਸੀਆਂ ਦੇ ਸਾਧੜੇ ਜੋ ਧੁਮੱਚੜ ਪਾਇਆ ਉਹ ਵੀ ਲੁਕਾਈ ਨੇ ਵੇਖਿਆਨੀਲਧਾਰੀਆਂ ਵਲੋਂ ਸ੍ਰੀ ਗੁਰੂ ਜੀ ਦੀ ਹਜੂਰੀ ਵਿੱਚ ਗਿੱਧੇ-ਭੰਗੜੇ ਅਤੇ ਜੈ ਸੀਆ ਰਾਮ, ਰਾਧੇ ਰਾਧੇ ਸ਼ਾਮ ਵੀ ਹਾਲੇ ਪੁਰਾਣੇ ਨਹੀਂ ਹੋਏ ਕਿ ਹੁਣ ਇੱਕ ਥੋੜੇ ਦਿਨ ਹੋਏ ਨਵਾਂ ਤਮਾਸ਼ਾ ਲੋਕਾਂ ਦੇਖਿਆ।

ਬਾਬਾ ਬਲਦੇਵ ਸਿੰਘ ਬਲੁੰਦਪੁਰੀਏ ਦਾ ਅਪਣੀ ਪ੍ਰੀਤ ਨੂੰ ਯਾਦ ਕਰਦਿਆਂ ਦੇਖ ਗੋਡੇ ਦੀ ਚੱਪਣੀ ਤੇ ਵੱਜੀ ਸੱਟ ਵਾਂਗ ਸਮਝ ਨਹੀਂ ਸੀ ਆਉਂਦੀ ਕਿ ਤੁਸੀਂ ਹੱਸਣਾ ਚਾਹੁੰਦੇ ਸੀ ਜਾਂ ਰੋਣਾ। ਮੇਰਾ ਇੱਕ ਮਿੱਤਰ ਹੱਸਦਾ ਕਹਿਣ ਲੱਗਾ ਕਿ ‘ਨੈਣ ਪ੍ਰੀਤੋ ਦੇ’ ਤਾਂ ਸੁਣੇ ਸਨ, ਪਰ ਆਹ ਬਾਬੇ ਨੇ ਨਵੀਂ ਹੀ ਪ੍ਰੀਤ ਕੱਢ ਮਾਰੀ? ਉਸ ਦੀ ਪ੍ਰੀਤ ਵਾਲੀ ਕਹਾਣੀ ਸੁਣ ਕਿਸੇ ਟਰੰਟੋ ਰਹਿੰਦੇ ਹੀ ਭਰਾ ਨੇ ਦੱਸਿਆ ਕਿ ਇਹ ਇਥੇ ਹੋਰ ਵੀ ਬੜਾ ਕੁਝ ਕਰਦੇ ਹਨ, ਜਿਸ ਵਿਚ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ‘ਖੋਲ ਕਪਾਟ, ਖੋਲ ਕਪਾਟ’ ਦਾ ‘ਸਿਰਮਨ’ ਵੀ ਹੁੰਦਾ ਹੈ!!!

ਲੁਕਾਈ ਦੇ ਅੱਖੀਂ ਖੋਪੇ ਇਸ ਕਦਰ ਲੱਗ ਚੁੱਕੇ ਹਨ, ਕਿ ਸਾਧ ਇਨ੍ਹਾਂ ਨੂੰ ‘ਖੋਲ ਖੋਤਾ, ਖੋਲ ਗੱਧਾ’ ਦਾ ‘ਭਜਨ’ ਵੀ ਕਰਾਏ ਤਾਂ ਇਨੀ ਸਿਰ ਮਾਰ ਕਰਨ ਲੱਗ ਜਾਣਾ ਹੈ। ਨਹੀਂ ਤਾਂ ਕੋਈ ਸਿੱਖ ਦੱਸੇ ਕਿ ਪ੍ਰੀਤ, ਪ੍ਰੀਤ ਜਾਂ ਖੋਲ ਕਪਾਟ, ਖੋਲ ਕਪਾਟ ਕਿਹੜਾ ਸਿਰਮਨ ਹੈ, ਜਿਹੜਾ ਇਹ ਕਰਦੇ ਹਨ?

ਨਵਾਂ ਨਾਨਕਸਰ ਠਾਠ’ ਪਿੰਡ ਬੁਲੰਦਾ ਉਰਫ ਬੁਲੰਦਪੁਰੀ ਤੇ ਹੁਣ ਬਲੁੰਦਪੁਰੀ ਸਾਹਿਬ! ਇਸ ਪਿੰਡ ਦੀ ਕਹਾਣੀ ਅਤੇ ਨਵੇਂ ਨਾਨਕਸਰ ਠਾਠ ਜਾਂ ਬਲੁੰਦਪੁਰੀ ਦੇ ਮੌਜੂਦਾ ਸਾਧ ਬਾਬਾ ਬਲਦੇਵ ਸਿੰਘ ਦੇ ਜੀਵਨ ਬਾਰੇ ਜਾਣ ਕੇ ‘ਜਨਮ ਸਫਲਾ’ ਕਰਨ ਤੋਂ ਪਹਿਲਾਂ ਇਹ ਜਾਣ ਲਈਏ ਕਿ ਇਸ ਦੇ ਪਿੱਛੇ ਇਕ ਹੋਰ ਕਹਾਣੀ ਕੀ ਹੈ। ਅਤੇ ਇਸ ‘ਹੋਰ ਕਹਾਣੀ’ ਨੂੰ ਜਾਣਨ ਤੋਂ ਪਹਿਲਾਂ ਪਾਠਕਾਂ ਦੀ ਦਿਲਚਪਸੀ ਲਈ ਦੱਸ ਦਿਆਂ ਕਿ ਇਹ ਕਹਾਣੀ ਉਦਾਂ ਕੁ ਦੀ ਹੀ ਹੈ ਜਿਵੇਂ ਦੀ ਨਰਕਧਾਰੀਆਂ, ਰਾਧਾਸੁਆਮੀਆਂ, ਨਾਨਕਸਰੀਆਂ, ਖੁਰਮਨੀਆਂ ਵਾਲੇ ਬਾਬੇ ਕੰਤੇ ਜਾਂ ਇਦਾਂ ਕੁ ਦੇ ਹੋਰਾਂ ਦੀ ਕਹਾਣੀ ਹੈ। ਜਿਉਂਦਾ ਬੰਦਾ ਮਰ ਚੁੱਕੇ ਕਿਸੇ ਨੰਗ ਜਿਹੇ ਬੰਦੇ ਨੂੰ ਫੜਦਾ, ਉਸ ਦੇ ਨਾਂ ਤੇ ਪਰੀ ਕਹਾਣੀਆਂ ਦੇ ਯੱਕੜ ਛੱਡਦਾ ਤੇ ਉਸ ਨੂੰ ਧੁਰ ਸਚਖੰਡ ਨਿਵਾਸੀ ਬਣਾ ਕੇ ਖੁਦ ਧਰਤੀ ਦੇ ‘ਸਚਖੰਡ’ ਦੇ ਬੁੱਲੇ ਲੁੱਟਦਾ।

ਨਰਕਧਾਰੀਆਂ ਦਾ ਸ਼ਰਾਬੀ ਜਿਹਾ ਬੰਦਾ ਸੀ ਬੂਟਾ ਸਿਓਂ ਉਸ ਨੂੰ ਅਧਾਰ ਬਣਾ ਕੇ ਅਵਤਾਰ ਸਿਓਂ ਨੇ ਲੁਕਾਈ ਕੋਲੇ ਰੱਜ ਕੇ ਗੱਪਾਂ ਛੱਡੀਆਂ, ਉਸ ਨੂੰ ਰੱਬ ਬਣਾ ਕੇ ਪੇਸ਼ ਕੀਤਾ ਤੇ ਮੁੜ ਅਪਣੀ ‘ਅਵਤਾਰ ਬਾਣੀ’ ਰੱਚ ਕੇ ਲੁਕਾਈ ਨੂੰ ਮੂਰਖ ਬਣਾਇਆ ਤੇ ਉਸੇ ਅਵਤਾਰ ਦਾ ਮੁੰਡਾ ਹੁਣ ਕਾਹਨ ਬਣਿਆ ਅਯਾਸ਼ੀਆਂ ਮਾਰ ਰਿਹੈ?

ਰਾਧਾ ਸੁਆਮੀਆਂ ਦੀ ਹੁੱਕੇ ਪੀਣੇ ਦਿਆਲ ਆਗਰੇ ਵਾਲੇ ਨਾਲ ਪੂਛ ਜਾ ਲੱਗਦੀ ਹੈ। ਆਮ ਜਿਹਾ ਬੰਦਾ ਸੀ ਪਹਿਲਾਂ ਗੁਰਦੁਆਰੇ ਕਥਾ ਕਰਿਆ ਕਰਦਾ ਸੀ ਆਗਰੇ ਪਰ ਹੁੱਕਾ ਨਾ ਛੱਡ ਸਕਿਆ। ਗੁਰਦੁਆਰੇ ਵਾਲਿਆਂ ਵੜਨਾ ਬੰਦ ਕਰ ਦਿੱਤਾ, ਤਾਂ ਘਰੇ ਦੀਵਾਨ ਲਾ ਕੇ ਬੈਠ ਗਿਆ। ਉਸ ਦੇ ਮਰੇ ਤੇ ਚੇਲਿਆਂ ਨੇ ਅੱਡ ਅੱਡ ਦੁਕਾਨਾਂ ਖੋਲ੍ਹ ਲਈਆਂ ਜਿੰਨਾ ਵਿਚੋਂ ਇੱਕ ਹੱਟੀ ਜੈਮਲ ਸਿੰਘ ਨੇ ਬਿਆਸ ਆ ਖੋਲ੍ਹੀ ਤੇ ਚਲੋ ਬਣ ਗਿਆ ਰਾਧਾ ਸੁਆਮੀ ਧਾਮ! ‘ਰਾਧੀ ਸੁਆਮੀ ਧਾਮ’ ਪਹੁੰਚਣ ਦੀਆਂ ਟਿਕਟਾਂ ਸੇਲ ਤੇ ਜਦ ਚਾਹੋ ਨੱਕ ਫੜੋ ਤੇ ਜਾਵੋ। ਮੂਰਖ ਜੰਤਾ ਦਾ ਅੰਤ ਨਹੀਂ, ਜਿਹੜੀ ਧਰਤੀ ਨੂੰ ਛੱਡ ਹੋਰ ਕਿਤੇ ਵੀ ਜਾਣ ਲਈ ਪੱਭਾਂ-ਭਾਰ ਹੋਈ ਰਹਿੰਦੀ। ਭੱਜ ਭੱਜ ਕੰਨ ਮੂਹਰੇ ਕਰਦੇ ਗੰਦੀਆਂ ਫੂਕਾਂ ਮਰਵਾਉਂਣ ਲਈ! ਫੂਕ ਮਾਰਨ ਤੇ ਕਿਹੜਾ ਜੋਰ ਲੱਗਦਾ! ਲੱਗਦਾ? ਸਰਕਾਰ ਪਿੱਠ ਤੇ। ਤੁਸੀਂ ਮੂਰਖ ਬਣਾਉਣ ਲੱਗ ਜਾਓ, ਤੁਹਾਡੀ ਪਿੱਠ ਤੇ ਆਣ ਖੜੋਵੇਗੀ। ਸਰਕਾਰਾਂ ਨੂੰ ਮੂਰਖ ਤੇ ਪਸ਼ੂ ਚਾਹੀਦੇ ਹੁੰਦੇ ਬੰਦੇ ਨਹੀਂ ਤੇ ਉਨ੍ਹਾਂ ਦਾ ਕੰਮ ਇਹ ਡੇਰੇ ਕਰ ਰਹੇ ਨੇ! ਨਹੀਂ?

ਨਾਨਕਸਰੀਆਂ ਦਾ ਬਾਬਾ ਨੰਦ ਸਿੰਘ, ਮਿਸਤਰੀ ਸਿੰਘ ਸੀ। ਕੰਮ ਹੁੰਦਾ ਨਹੀਂ ਸੀ ਸ਼ਤੀਰ ਕਿਤੇ ਕਹਿੰਦੇ ਛੱਤ ਨੂੰ ਵਿੰਗਾ ਲੱਗ ਗਿਆ। ਅਗੋਂ ਜਿਸ ਦੇ ਲੱਗਾ ਉਹੀ ਜਾਣੇ ਜਾਂ ਬਾਬਾ ਜੀ? ਤੇ ਚਲੋ ਹੋ ਗਿਆ ਬੈਰਾਗ? ਤੁਸੀਂ ਦੇਖੋ ਨਾ ਹਿੰਦੋਸਤਾਨ ਦੇ ਸਾਰੇ ਨਿਕੰਮੇ ਬੈਰਾਗੀ ਹੋਈ ਫਿਰਦੇ ਨੇ। ਦੁਨੀਆਂ ਤੇ ਸਭ ਤੋਂ ਜਿਆਦਾ ਬੈਰਾਗ ਹਿੰਦੋਸਤਾਨ ਵਿੱਚ ਹੈ। ਸੜਕਾਂ ਤੇ ਡੁੱਲੀ ਜਾਂਦਾ ਇਨਾ ਬੈਰਾਗ ਹੈ। ਲੋਕ ਉਦੋਂ ਕਿਸੇ ਨੂੰ ਵੀ ਸਾਧੂ ਜਾਣ ਰੋਟੀਆਂ ਖਵਾ ਛੱਡਦੇ ਸਨ ਤੇ ਇੰਝ ਜਗਾਰਾਉਂ ਨੇੜੇ ਛੋਟਾ ਜਿਹਾ ਡੇਰਾ ਬਣ ਗਿਆ, ਜਿਸ ਨੂੰ ਪਿੱਛੋਂ ਬਾਬਾ ਈਸ਼ਰ ਸਿੰਘ ਨੇ ਪੂਰਾ ਸ਼ਾਹੀ ਠਾਠ ਬਣਾ ਧਰਿਆ ਤੇ ਬਾਬੇ ਨੰਦ ਸਿੰਘ ਨੂੰ ਗੁਰੂ ਨਾਨਕ ਸਾਹਿਬ ਦਾ ਅਵਤਾਰ ਦੱਸ ਕੇ ਪੂਰੀ ਕੌਮ ਦਾ ਤਮਾਸ਼ਾ ਕੀਤਾ! ਕਹਾਣੀਆਂ ਲਿਖਣ ਵਾਲੇ ਟੁੱਕੜਬੋਚ ਵਾਧੂ ਮਿਲ ਜਾਂਦੇ ਭਾੜੇ ਤੇ ਜਿੰਨੀਆਂ ਮਰਜੀ ਲਿਖਵਾਉ। ਹਰੇਕ ਸਾਧ ਦੇ ਗਰੰਥ ਭਰੇ ਪਏ ਨੇ, ਜਿਵੇਂ ਨਾਨਕਸਰੀਆਂ ਦੇ ਸ੍ਰੀ ਗੁਰੂ ਜੀ ਨੂੰ ਪ੍ਰਤਖ ਕਰਕੇ ਪ੍ਰਸ਼ਾਦੇ ਛਕਾਉਂਣ ਦੇ!

ਖੁਰਮਨੀਆਂ ਵਾਲਾ ‘ਬਾਬਾ ਕੰਤਾ’ ਵੀ ਇੰਝ ਹੀ ‘ਨੇਹਕਲੰਕ’ ਬਣਿਆ! ਪਿੰਡ ਦਾ ਗਰੰਥੀ ਹੁੰਦਾ ਸੀ ਲਾਲ ਸਿੰਘ। ਗਰੀਬੜਾ ਜਿਹਾ ਬੰਦਾ ਸੀ ਵਿਚਾਰਾ। ਭੁੱਖ ਨਾਲ ਘੁੱਲਦਾ। ਜਿਉਂਦੇ ਨੂੰ ਰੋਟੀ ਨਹੀਂ ਚੱਜ ਨਾ ਨਸੀਬ ਹੋਈ ਮਰੇ ਤੇ ਦੇਸੀ ਘਿਉ ਦੇ ਜਲੇਬਾਂ ਦਾ ਲੰਗਰ ਲਾਉਂਦਾ ਕੰਤਾ। ਉਸ ਨੇ ਉਸ ਨੂੰ ਮਰੇ ਨੂੰ ਪਤਾ ਨਹੀਂ ਕੀਹਦਾ ਕੀਹਦਾ ਅਵਤਾਰ ਦੱਸਿਆ ਤੇ ਕਿਹੜੇ ਕਿਹੜੇ ਸਚਖੰਡ ਦਾ ਵਾਸੀ ਬਣਾਇਆ, ਕਿ ਹੁਣ ਕੰਤੇ ਦੇ ਹੱਥ ਸੋਨੇ ਦੇ ਸਿਮਰਨੇ ਘੁੱਕਦੇ ਨੇ ਤੇ ਹੇਠਾਂ ਮਹਿੰਗੀਆਂ ਗੱਡੀਆਂ!!

ਇਹ ਤੁਹਾਨੂੰ ‘ਸ਼ਾਟ’ ਵਿਚ ਮਿਸਾਲਾਂ ਦਿੱਤੀਆਂ ਤਾਂ ਕਿ ਤੁਹਾਨੂੰ ਬਲੁੰਦੇ ਪਿੰਡ ਦੀ ਕਹਾਣੀ ਸਮਝ ਆ ਜਾਏ ਕਿ ਕਿਵੇਂ ਕਿਸੇ ਆਮ ਜਿਹੇ ਭੁੱਖ ਨਾਲ ਘੁਲਦੇ ਰਹੇ ਬੰਦੇ ਨੂੰ ਇਹ ਰੱਬ ਕੇ ਬਣਾ ਕੇ ਸਚਖੰਡ ਪਹੁੰਚਾਉਂਦੇ ਤੇ ਮੁੜ ਉਸ ਦੇ ਨਾਂ ਤੇ ਡੇਰੇ ਬਣਾ ਕੇ ਐਸ਼ਾਂ ਕਰਦੇ ਤੇ ਲੁਕਾਈ ਨੂੰ ਦੋਹੀਂ ਹੱਥੀਂ ਲੁੱਟਦੇ ਨੇ।

‘108, ਸੰਤ, ਬ੍ਰਹਮਗਿਆਨੀ ਬਾਬਾ’ ਜੀਤ ਸਿੰਘ ਜੀ ਉਰਫ ਜੀਤਾ ਮਿਸਤਰੀ (ਉਸ ਦਾ ਪਿੰਡ ਵਿਚ ਪ੍ਰਚਲਤ ਨਾਮ) ਪਿੰਡ ਪ੍ਰਤਾਪਪੁਰੇ ਦਾ ਮਿਸਤਰੀ ਸੀ ਤੇ ਲੋਕਾਂ ਦੀਆਂ ਖੂਹੀਆਂ ਪੁੱਟਿਆ ਕਰਦਾ ਸੀ। ਘਰਵਾਲੀ ਉਸ ਦੀ ਤਿੰਨ ਨਿਆਣੇ ਛੱਡ ਮਰ ਚੁੱਕੀ ਸੀ। ਦੋ ਉਸ ਦੇ ਮੁੰਡੇ ਅਤੇ ਇੱਕ ਕੁੜੀ ਸੀ। ਇੱਕ ਮੁੰਡਾ ਨਾਨਕੇ ਲੈ ਗਏ ਸਨ, ਇਕ ਕੁੜੀ ਤੇ ਮੁੰਡਾ ਜੀਤ ਸਿੰਘ ਕੋਲੇ ਹੀ ਰਿਹਾ। ਤੰਗੀ ਜਿਆਦਾ ਸੀ ਜੀਤਾ ਵਿਚਾਰਾ ਕਦੇ ਕਿਤੇ ਤੇ ਕਦੇ ਕਿਸੇ ਡੇਰੇ ਘੁੰਮਦਾ ਰਿਹਾ। ਕਹਿੰਦੇ ਉਹ ਢਿਲਵਾਂ ਅਤੇ ਇਤਿਹਾਸਕ ਗੁਰਦੁਆਰੇ ‘ਮੌ-ਸਾਹਬ, ਵੀ ਕੋਈ ਤਿੰਨ ਸਾਲ ਰਿਹਾ। ਉਥੇ ਦੇ ਪ੍ਰਧਾਨ ਨੇ ਇਹ ਕਹਿ ਕੇ ਚਲਦਾ ਕੀਤਾ ਕਿ ਭਾਈ ਤੇਰੀ ਕੁੜੀ ਜਵਾਨ ਹੈ, ਇਥੇ ਠੀਕ ਨਹੀਂ ਤੂੰ ਅਪਣਾ ਪ੍ਰਬੰਧ ਕਰ।

ਪਿੰਡੋਂ ਪਤਾ ਲੱਗਿਆ ਕਿ ਛੋਟਾ ਮੁੰਡਾ ਕਿਸੇ ਜਿੰਮੀਦਾਰ ਦੇ ਮੁੰਡੇ ਨਾਲ ਰਲ ਕੇ ਮੱਝਾਂ ਚੋਰੀ ਕਰਦਾ ਫੜਿਆ ਗਿਆ, ਬੇਸ਼ਕ ਕਸੂਰ ਮੁੰਡੇ ਦਾ ਨਾ ਵੀ ਹੋਵੇ, ਪਰ ਉਹ ਨਾਲ ਗਿਆ ਕਰਕੇ ਪੁਲਿਸ ਨੇ ਉਸ ਦੇ ਵੀ ਪਟਾ ਚਾੜਿਆ। ਕੁੜੀ ਸ਼ਾਦੀ ਪਿੰਡ ਵਿਆਹੀ ਹੋਈ ਸੀ ਉਸ ਉਪਰ ਵੀ ਸਹੁਰਿਆਂ ਨੇ ਟੂੰਬਾਂ ਚੋਰੀ ਕਰਨ ਦਾ ਝੂਠਾ ਜਾਂ ਸੱਚਾ ਇਲਜਾਮ ਲਾਇਆ ਪੰਚਾਇਤ ਬੈਠੀ। ਕਹਿੰਦੇ ਦੇਵ ਸਰਪੰਚ ਜੀਤੇ ਬਾਬੇ ਨੂੰ ਔਖਾ ਬੋਲਿਆ ਬਾਬੇ ਨੇ ਮੁੜਦੇ ਨੇ ਰਾਹ ਵਿਚ ਹੀ ਸਰਪੰਚ ਨੂੰ ਸਰਾਪ ਦੇ ਦਿੱਤਾ ਅਤੇ ਉਹ ਅਗਲੇ ਦਿਨ ਹੀ ਮਰ ਗਿਆ। ਇਹ ਪਿੰਡੋਂ ਉਸ ਦੇ ਇਕ ਚੇਲੇ ਤੋਂ ਸੁਣੀ ਕਹਾਣੀ ਹੈ ਜਿਹੜੀ ਉਸ ਸ਼ਰਧਾ ਵਿਚ ਦੱਸੀ ਸੀ। ਯਾਦ ਰਹੇ ਕਿ ਬਾਬਾ ਜੀਤ ਸਿੰਘ ਦੀ ਜਾਤ ਬਾਰੇ ਜਾਂ ਨਾਂ ਵਿਗਾੜ ਕੇ ਲੈਣਾ ਮੇਰਾ ਉੱਕਾ ਮਕਸਦ ਨਹੀਂ ਬਲਕਿ ਮੈਂ ਤਾਂ ਉਹ ਕਹਿ ਰਿਹਾ ਜਿਹੜਾ ਉਸ ਬਾਰੇ ਪਿੰਡ ਵਿਚ ਪ੍ਰਚਲਤ ਸੀ।

ਬਾਬਾ ਜੀਤ ਸਿੰਘ ਦੇ ਇੱਕ ਚੇਲੇ ਨੇ ਮੈਨੂੰ ਦੱਸਿਆ ਕਿ ਪ੍ਰਤਾਪ-ਪੁਰੇ ਭਗਤ ਸੈਣ ਜੀ ਦੀ ਕੋਈ ਥਾਂ ਹੈ। ਉਸ ਮੁਤਾਬਕ ਭਗਤ ਸੈਣ ਜੀ ਨੇ ਇੱਕ ਵਾਰ ਪ੍ਰਗਟ ਹੋ ਕੇ ਜੀਤ ਸਿੰਘ ਨੂੰ ਇੱਕ ਗੁਥਲੀ ਦਿੱਤੀ, ਉਸ ਗੁਥਲੀ ਵਿਚ ਪਤਾ ਨਹੀਂ ਕੀ ਸੀ, ਪਰ ਉਸ ਤੋਂ ਬਾਅਦ ‘ਬਾਬਾ ਜੀ’ ਦੀਆਂ ਸਿੱਧੀਆਂ ਰੱਬ ਨਾਲ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ।

ਘਰ-ਬਾਰ ਵੇਚ ਕੇ ਜਾਂ ਛੱਡ ਕੇ ਜੀਤ ਸਿੰਘ ਜਗਰਾਉਂ ਨੇੜੇ ਵੱਡੇ ਨਾਨਕਸਰ ਜਾਕੇ ਕੁੱਟੀਆ ਪਾ ਕੇ ਬੈਠ ਗਿਆ। ਵੈਸੇ ਨਾਨਕਸਰੀਏ ਕਿਸੇ ਹੋਰ ਦੀ ਕੁੱਟੀਆ ਪੈਣ ਨਹੀਂ ਦਿੰਦੇ, ਪਰ ਚਲੋ! ਜੀਤ ਸਿੰਘ ਕੋਈ ਤਿੰਨ ਕੁ ਸਾਲ ਨਾਨਕਸਰ ਰਿਹਾ, ਪਰ ਉਥੇ ਉਸ ਨਾਲੋਂ ਜਿਆਦਾ ‘ਪਹੁੰਚੇ’ ਹੋਏ ‘ਸੰਤ’ ਸਨ, ਉਥੇ ਉਸ ਦੀ ਦਾਲ ਨਹੀਂ ਗਲੀ ਤੇ ਉਹ ਉਥੋਂ ਕਛਹਿਰਾ-ਪਰਨਾ ਚੁੱਕ ਪਿੰਡ ਬੁਲੰਦੇ ਆਣ ਬੈਠਾ।

ਕੁਝ ਮਰਲੇ ਜਾਂ ਕੁਨਾਲਾਂ ਥਾਂ ਖਾਲੀ ਪਈ ਸੀ, ਉਹ ਕਿਸੇ ਦੇ ਦਿੱਤੀ ਕੁਟੀਆ ਪਾਉਂਣ ਲਈ ਤੇ ਉਥੇ ਬਾਬਾ ਜੀ ਕਹਿੰਦੇ ਭਜਨ ਬੰਦਗੀ ਕਰਨ ਲੱਗ ਪਏ।

ਮੈਂ ਪਿੱਛੇ ਪਾਠਕਾਂ ਨੂੰ ਦੱਸ ਆਇਆਂ ਹਾਂ ਕਿ ਕਹਾਣੀਆਂ ਬਣਾਉਂਣ ਵਾਲਿਆਂ ਦਾ ਅੰਤ ਨਹੀਂ। ਕਹਾਣੀ ਹੀ ਵਿੱਕਦੀ ਬੰਦਾ ਤਾਂ ਬੰਦਾ ਹੀ ਹੁੰਦਾ। ਬਾਬਾ ਜੀਤ ਸਿੰਘ ਦੀ ਪਿੱਛਲੇ 100 ਜਨਮ ਦੀ ਤਪੱਸਿਆ ਕਰਨ ਵਾਲੀ ਕਹਾਣੀ ਬਲੁੰਦਪੁਰੀਆਂ ਦੇ ਚੇਲੇ ਗਰਮ ਪਕੌੜਿਆਂ ਵਾਂਗ ਵੇਚ ਰਹੇ ਹਨ

ਜਿੰਨਾ ਝੁੱਡੂਆਂ ਨੂੰ ਅਪਣੇ ਹੁਣ ਦੇ ਜਨਮ ਦੀ ਤਾਂ ਸਾਰ ਨਹੀਂ ਕਿ ਕਿਵੇਂ ਨੰਗਾਂ ਮਗਰ ਪਾਗਲ ਹੋਏ ਫਿਰਦੇ ਹਨ, ਉਹ ਜੀਤ ਸਿੰਘ ਦਾ ਵਕੀਲਾਂ ਵਾਂਗ ਪਿੱਛਲੇ 100 ਜਨਮ ਦਾ ਚਿੱਠਾ ਚੁੱਕੀ ਫਿਰਦੇ ਹਨ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਬਾਬੇ ਜੀਤੇ ਦਾ ਸਾਰਾ ਜੀਵਨ ਤਾਂ ਭੁੱਖ ਨਾਲ ਘੁਲਦਿਆਂ ਨਿਕਲ ਗਿਆ, ਪਰ ਬੁੱਢੇ-ਵਾਰੇ ਉਸ ਨੂੰ ਜਾ ਕੇ ਪਤਾ ਲੱਗਾ ਕਿ ਉਸ ਦੀ ਤਾਂ 100 ਜਨਮ ਦੀ ਭਗਤੀ ਹਾਲੇ ਬਿਨਾ ਵਰਤਿਆਂ ਪਈ ਹੈ?

ਹਿੰਦੋਸਤਾਨ ਵਿਚ ਪਿੱਛਲੇ-ਅਗਲੇ ਜਨਮਾਂ ਦੀਆਂ ਕਹਾਣੀਆਂ ਤਾਂ ਇਨੀਆਂ ਮਹਿੰਗੀਆਂ ਵਿੱਕਦੀਆਂ ਕਿ ਬਾਹਲੇ ਡੇਰੇ ਪਲ ਹੀ ਇਨ੍ਹਾਂ ਸਿਰ ਰਹੇ ਹਨ। ਇਸ ਜਨਮ ਦਾ ‘ਬਾਇਓ-ਡਾਟਾ’ ਤਾਂ ਹੁਣ ਕੰਪਿਊਟਰ ਵਿਚ ਹੀ ਪਿਆ ਹੈ, ਕਿ ਮੈਂ ਕਿੰਨੀਆਂ ਕੁ ਕਰਤੂਤਾਂ ਦਾ ਮਾਲਕ ਹਾਂ, ਪਰ ਹੁਣ ਪਿੱਛਲੇ ਜਨਮ ਕਿਹੜਾ ਜਾਵੇ? ਨਾ ਇਦਾਂ ਦਾ ਕੰਪਿਊਟਰ ਹਾਲੇ ਬਣਿਆ ਤੇ ਕਦੇ ਬਣੂ ਵੀ ਨਾ। ਇਥੇ ਬਾਬਿਆਂ ਦੇਖ ਲਓ ਸਾਰੀ ਦੁਨੀਆਂ ਦੀ ਸਾਇੰਸ ਫੇਹਲ ਕਰ ਛੱਡੀ! ਹੈ ਸਾਇੰਸ ਕੋਲੇ ਪਿੱਛਲੇ ਇੱਕ ਵੀ ਜਨਮ ਵਿਚ ਜਾਣ ਦੀ ਸੱਤਿਆ? ਪਰ ਅਸੀਂ ਤੁਹਾਨੂੰ 100 ਜਨਮ ਤੱਕ ਦੀ ਕਹਾਣੀ ਦੱਸ ਦਿੰਦੇ ਹਾਂ। ਕਿਥੇ ਤੁਰੀ ਫਿਰਦੀ ਸਾਇੰਸ?

ਬੁਲੰਦਪੁਰੀਆਂ ਦਾ ਇੱਕ ਮਹੀਨਾ ਵਾਰ ਮੈਗਜੀਨ ਨਿਕਲਦਾ ‘ਮੇਰਾ ਸਹੁ ਤੇ ਰੰਗ ਰੱਤੜੇ’ ਉਸ ਵਿਚ ਬਾਬਾ ਜੀਤ ਸਿੰਘ ਵਲੋਂ ਬੜੇ ‘ਅਨਮੋਲ ਗੱਪ’ ਛੱਡੇ ਗਏ ਹਨ, ਜਿੰਨਾ ਦੇ ਲੇਖਕ ਹਨ ਕੈਲਗਰੀ ਤੋਂ ਸਰਬਜੀਤ ਸਿੰਘ ਬਾਸੀ ਅਤੇ ਦੂਜਾ ਪਲਵਿੰਦਰ ਸਿੰਘ ਬੁਲੰਦਪੁਰੀ ਸਾਹਿਬ????

ਉਸ ਵਿਚ ਇਨ-ਬਿਨ ਨਾਨਕਸਰੀਆਂ ਦੀਆਂ ‘ਬਾਬਾ’ ਨੰਦ ਸਿੰਘ ਨਾਲ ਸਬੰਧਤ ਕਹਾਣੀਆਂ ਤੋੜ-ਮਰੋੜ ਕੇ ਜੀਤ ਸਿੰਘ ਨਾਲ ਜੋੜੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਵਿਚ ਜੀਤ ਸਿੰਘ ਨੇ ਭਵਿੱਖ ਬੱਚਨ ਅਤੇ ਨਵੀਂ ਜਗ੍ਹਾ ਪ੍ਰਗਟ ਹੋਣ ਬਾਰੇ ਯੱਕੜ ਛੱਡੇ ਹਨ। ਹੁਣ ਇਹ ਤਾਂ ਲਿਖਣ ਵਾਲਿਆਂ ਨੂੰ ਪਤਾ ਹੋਵੇਗਾ ਕਿ ਇਹ ਗੱਲਾਂ ਜੀਤ ਸਿੰਘ ਨੇ ਕੀਤੀਆਂ ਜਾਂ ਮਗਰੋਂ ਚੇਲਿਆਂ ਗੱਪਾਂ ਛੱਡੀਆਂ। ਫਰਵਰੀ 2013 ਦੇ ਮੈਗਜੀਨ ਵਿਚ ਲੜੀ ਨੰਬਰ 27 ਅਤੇ ‘ਦਰਿ ਦਰਵੇਸ ਸੇ’ ਹੇਠ ਉਹ ਲਿਖਦੇ ਹਨ, ਕਿ ਬਾਬਾ ਜੀ ਨੇ ਬਚਨ ਕੀਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਦਰਸ਼ਨ ਦਿੱਤੇ ਤੇ ਬਚਨ ਕੀਤਾ 100 ਜਨਮ ਤੋਂ ਤੁਸੀਂ ਸਾਨੂੰ ਪੁਕਾਰ ਰਹੇ ਹੋ ਤੁਹਾਡੀ ਭਗਤੀ ਪ੍ਰਵਾਨ ਹੋਈ ਦੱਸੋ ਤੁਹਡੀ ਕੀ ਇਛਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ਾਂ ਕਰਕੇ ਦਰਗਾਹੀ ਨਕਸ਼ਾ ਸਾਨੂੰ ਦਿੱਤਾ ਤੇ ਹੁਕਮ ਕੀਤਾ ਕਿ ਮਾਤਲੋਕ ਵਿਚ ਇਹ ਸਥਾਨ (ਬਲੁੰਦਪੁਰੀ) ਪ੍ਰਗਟ ਕਰੋ। ਇਥੋਂ ਸਾਰੇ ਸੰਸਾਰ ਵਿਚ ਠੰਡ ਵਰਤੇਗੀ।

ਅੱਗੇ ਜਾ ਕੇ ਗੱਪਾਂ ਤਾਂ ਬਹੁਤ ਹਨ ਗੱਲ ਲੰਮੀ ਹੋ ਜਾਵੇਗੀ, ਪਰ ਪਾਠਕ ਇਨੀ ਕੁ ਗੱਲ ਨੂੰ ਸਮਝ ਲੈਣ ਕਿ ਇਨਾ ਮੁਤਾਬਕ ਹੋਰ ਥਾਂਵੋਂ ਹੁਣ ਠੰਡ ਵਰਤਣੋ ਹਟ ਗਈ ਸੀ ਤੇ ਇਥੇ ਹੁਣ ਇਨ੍ਹਾਂ ਸਾਧੜਿਆਂ ਨੇ ਵੱਡਾ ਫਰੀਜ਼ਰ ਲਿਆ ਲਾਇਆ ਲੋਕਾਂ ਨੂੰ ਠੰਡ ਵਰਤਾਉਂਣ ਦਾ? ਸਰੀਕ ਨਹੀਂ ਇਹ ਗੁਰੂ ਘਰ ਦੇ? ਇਹ ਬੜਾ ਬਰੀਕ ਤਰੀਕਾ ਲੁਕਾਈ ਨੂੰ ਇਤਿਹਾਸਕ ਗੁਰੂ ਘਰਾਂ ਨਾਲੋਂ ਤੋੜਨ ਦਾ। ਇਹ ਦਰਿਆ ਦੇ ਪਾਣੀਆਂ ਨੂੰ ਖਾਲਿਆ ਵਿਚ ਰੋਹੜ ਰੋਹੜ ਸੁਕਾ ਰਹੇ ਨੇ। ਸ਼੍ਰੋਮਣੀ ਕਮੇਟੀ ਤਾਂ ਹੀ ਤਾਂ ਗੰਦ ਪਾ ਰਹੀ। ਹਰੇਕ ਸਾਧੜਾ ਅਪਣੇ ਅਪਣੇ ਡੇਰੇ ਵਿਚੋਂ ਬਰਫਾਂ ਚੁੱਕੀ ਫਿਰਦਾ ਲੁਕਾਈ ਮਗਰ ਠੰਡਿਆਂ ਕਰਨ ਲਈ ਅਤੇ ਇਸ ਠੰਡ ਮਗਰ ਦੌੜਿਆ ਸਿੱਖ ਇਨਾ ਠੰਡਾ ਹੋ ਚੁੱਕਾ, ਕਿ ਉਹ ਅਪਣੇ ਇਤਿਹਾਸਕ ਗੁਰੂ ਘਰਾਂ ਨੂੰ ਭੁੱਲ ਹੀ ਬੈਠਾ ਹੈ ਤੇ ਉਸ ਦੇ ਸਾਹਵੇਂ ਸ਼੍ਰੋਮਣੀ ਕਮੇਟੀ ਭੁੱਕੀਆਂ-ਡੋਡੇ ਵੰਡ ਵੰਡ ਗੰਦ ਪਾ ਰਹੀ, ਪਰ ਇਨ੍ਹਾਂ ਠੰਡੇ ਹੋ ਚੁੱਕੇ ਸਿੱਖਾਂ ਨੂੰ ਅਪਣੇ ਗੁਰ ਅਸਥਾਨਾ ਦੀ ਪ੍ਰਵਾਹ ਹੀ ਕੋਈ ਨਹੀਂ। ਤੇ ਹਿੰਦੂ ਠੰਡੇ ਹੀ ਤਾਂ ਕਰਨਾ ਚਾਹੁੰਦਾ ਸੀ ਸਿੱਖਾਂ ਨੂੰ ਉਹ ਇਨ੍ਹਾਂ ਸਾਧੜਿਆਂ ਰਾਹੀਂ ਕਰ ਦਿੱਤੇ। ਮਿੱਠਾ ਮਹੁਰਾ ਦਿੱਤਾ ਇਨ੍ਹਾਂ ਕੌਮ ਨੂੰ।

ਅੱਗੇ ਜਾ ਕੇ ਗੱਪੀ ਲਿਖਦਾ ਹੈ ਕਿ ਇਹ ਅਸਥਾਨ ਦਰਗਾਹ ਵਿਚ ਤਾਂ ਬਣਿਆ ਹੀ ਹੋਇਆ, ਅਸੀਂ ਤਾਂ ਹੁਣ ਪਰਦਾ ਹੀ ਚੁੱਕਣਾ ਹੈ। ਮਹਾਰਾਜ ਨੇ ਇਹ ਜਗ੍ਹਾ ਇਕੱਲੀ ਧਰਤੀ ਚੋਂ ਨਹੀਂ ਸਾਰੀ ਸ੍ਰਿਸ਼ਟੀ ਚੋਂ ਚੁਣੀ ਹੈ! ਇਹ ਸੰਤਾਂ ਦੀ ਟਕਸਾਲ ਹੋਵੇਗੀ! ਇਥੇ ਸੰਤ ਹੀ ਸੰਤ ਪੈਦਾ ਹੋਣਗੇ! ਇਥੇ ਪੰਛੀ ਵੀ ਲੰਘਿਆ ਕਰੇਗਾ ਉਸ ਦੀ ਜੋਨ ਕਟੀ ਜਾਵੇਗੀ!

ਪੰਛੀ ਲੰਘਣ ਵਾਲੀਆਂ ਗੱਪਾਂ ਪਹਿਲਾਂ ਨਾਨਕਸਰੀਆਂ ਦੇ ਗਰੰਥਾਂ ਵਿਚ ਵੀ ਪਈਆਂ ਹਨ ਸ਼ਾਇਦ ਪੰਜਾਬ ਦੇ ਅਸਮਾਨਾਂ 'ਤੇ ਪੰਛੀ ਤਾਂ ਹੀ ਕੋਈ ਨਹੀਂ ਰਿਹਾ ਸਾਰੇ ਤਾਂ ਦਰਗਾਹ ਚਲੇ ਗਏ? ਇਨ੍ਹਾਂ ਦਾ ਵੱਡਾ ਸਾਧੜਾ ਭੁੱਚੋ ਵਾਲਾ ਕੁੱਤੇ-ਕੁੱਤੀਆਂ ਪਾਲਦਾ ਸੀ ਦਰਾਗਾਹ ਘੱਲਣ ਨੂੰ, ਇਹ ਪੰਛੀ ਤੋਰੀ ਜਾਂਦੇ ਨੇ ਦਰਗਾਹ ਨੂੰ! ਛੱਡਿਆ ਕੋਈ ਨਹੀਂ ਮਾਂ ਦਿਆਂ ਪੁੱਤਾਂ ਧਰਤੀ ਤੇ ਦਰਗਾਹ ਭੇਜਣੋ! ਦਰਗਾਹ ਨਾ ਹੋਈ ਚਿੜੀਆ-ਘਰ ਹੋਇਆ! ਤੇ ਸੰਤ? ਇਥੇ ਸੰਤ ਹੀ ਸੰਤ ਪੈਦਾ ਹੋਣਗੇ। ਸ਼ਾਬਾਸ਼! ਬੰਦਾ ਨਾ ਕੋਈ ਪੈਦਾ ਹੋਣ ਦਿਓ! ਹਾਲੇ ਪਹਿਲੇ ਹੀ ‘ਸੰਤਾਂ’ ਵਲੋਂ ਕੌਮ ਦੀਆਂ ਬੇੜੀਆਂ ਵਿਚ ਪਾਏ ਵੱਟੇ ਨਹੀਂ ਨਿਕਲੇ, ਹੁਣ ਹੋਰ ਪੈਦਾ ਕਰੋ!

ਅੱਗੇ ਹੋਰ ਗੱਪਾਂ ਸੁਣੋ। ਇਹ ਨਵਾਂ ਨਾਨਕਸਰ ਠਾਠ ਹੋਵੇਗਾ ਕਿਉਂਕਿ ਇਹ ਨਵੀਂ ਚੀਜ ਆਈ ਹੈ ਦਰਗਾਹ ਵਿਚੋਂ! ਇਥੋਂ ਸਾਰੀ ਦੁਨੀਆਂ ਵਿਚ ਠੰਡ ਵਰੇਤਗੀ। ਸਿੱਖੀ ਦਾ ਬਹੁਤ ਨੁਕਸਾਨ ਹੋਇਆ ਹੈ, ਹੁਣ ਹੋਰ ਨਹੀਂ ਹੋਵੇਗਾ ਤੇ ਸਿੱਖੀ ਸਾਰੇ ਸੰਸਾਰ ਵਿਚ ਫੈਲੇਗੀ!!! ਬਾਬਾ ਨੰਦ ਸਿੰਘ ਜੀ ਨੇ ਭਗਤੀ ਦਾ ਘਰ ਬਣਾਇਆ ਸੀ ਇਥੇ ਭਗਤੀ ਤੇ ਸ਼ਕਤੀ ਦੋਹਾਂ ਦਾ ਸੋਮਾ ਹੋਵੇਗਾ। 31 ਸ਼ਕਤੀਆਂ ਇਥੇ ਹਰ ਸਮੇਂ ਅਪਣੀ ਮਿਹਰ ਦੀ ਵਰਖਾ ਕਰਨਗੀਆਂ! 99 ਕ੍ਰੌੜ ਸ਼ਹੀਦਾਂ ਦਾ ਇਥੇ ਪਹਿਰਾ ਹੋਵੇਗਾ! ਸੰਤ ਬਾਬਾ ਮਹਾਂਹਰਨਾਮ ਸਿੰਘ ਦਾ ਟਿੱਲਾ ਵੀ ਇਸ ਅਸਥਾਨ ਤੇ ਬਣੇਗਾ। 100 ਜਨਮ ਦੀ ਭਗਤੀ ਅਸੀਂ ਇਥੇ ਰੱਖ ਦਿੱਤੀ ਹੈ। ਨਾਮ ਦੇ ਟਿੱਲੇ ਲਾ ਦਿੱਤੇ ਹਨ। ਮਹਾਰਾਜ ਨੇ ਅਪਣੇ ਮਿਲਾਪ ਦਾ ਇਹ ਪਹਿਲਾ ਸਬੱਬ ਬਖਸ਼ਿਆ ਹੈ ਇਥੇ ਵੱਡੀ ਗਿਣਤੀ ਵਿਚ ਰੂਹਾਂ ਨੇ ਤਰਨਾ ਹੈ!

ਗੱਪ ਕੀ ਹੋਈ ਜਿਹੜੀ ਵੱਜ ਕੇ ਮੂੰਹ ਭਾਰ ਨਾ ਡਿੱਗ ਜਾਵੇ। ਪੰਜਾਬ ਦਾ ਹਾਲ ਇਨ੍ਹਾਂ ਅੰਨਿਆਂ ਨੂੰ ਦਿੱਸਦਾ ਨਹੀਂ? ਠਾਕੁਰ ਸਿੰਘ ਦੇ 20 20 ਫੁੱਟੇ ਸ਼ਹੀਦਾਂ ਦੀਆਂ ਗੱਪਾਂ ਵਾਂਗ ਇਨ੍ਹਾਂ ਦੇ 99 ਕ੍ਰੋੜ ਸ਼ਹੀਦ ਪ੍ਰਗਟ ਕਦੋਂ ਹੋਣੇ ਜਦ ਸਾਰਾ ਪੰਜਾਬ ਮਰ ਮੁੱਕ ਗਿਆ? ਤੇ 31 ਸ਼ਕਤੀਆਂ? ਇਹ ਤਾਂ ਨਿਰਮਲ ਬਾਬੇ ਤੋਂ ਚੋਰੀ ਕੀਤੀਆਂ ਜਾਪਦੀਆਂ! ਨਹੀਂ?

ਇਹ ਕਹਿੰਦੇ ਸਿੱਖੀ ਦਾ ਹੋਰ ਨੁਕਸਾਨ ਨਹੀਂ ਹੋਵੇਗਾ। ਪਰ ਇਹ ਸਾਧੜੇ ਨਿੱਤ ਬਾਦਲਾਂ ਨੂੰ ਇਥੋਂ ਸਿਰੋਪੇ ਦਿੰਦੇ ਨੇ ਜਿਸ ਸਿੱਖੀ ਦੀਆਂ ਜੜ੍ਹਾਂ ਵਿਚ ਦਾਤੀ ਫੇਰੀ ਹੈ? ਨੁਕਸਾਨ ਹੋਰ ਕੋਠੇ ਚੜ੍ਹ ਕੇ ਹੋਣਾ? ਇੱਕ ਹੋਰ ਡੇਰਾ ਬਣਨ ਨਾਲ ਸਿੱਖੀ ਦਾ ਨੁਕਸਾਨ ਹੋਣੋਂ ਕਿਵੇਂ ਬੱਚ ਜਾਵੇਗਾ? ਕਿਸੇ ਚੇਲੇ ਇਸ ਦੇ ਇਨ੍ਹਾਂ ਨੂੰ ਪੁੱਛਿਆ?

ਇਨ੍ਹਾਂ ਦੇ ਚੇਲਿਆਂ ਦੀ ਵੱਡੀ ਦਲੀਲ ਵੇਖੋ ਕੀ ਹੈ! ਅਖੇ ਬਾਬਾ ਜੀ ਸਕੂਲ ਚਲਾ ਰਹੇ ਨੇ! ਸਕੂਲ-ਅਸਪਤਾਲ ਤਾਂ ਰਾਧਾ ਸੁਆਮੀ ਵੀ ਚਲਾਈ ਜਾਂਦੇ, ਨਰਕਧਾਰੀਏ ਵੀ ਚਲਾਈ ਜਾਂਦੇ, ਪਰ ਉਨ੍ਹਾਂ ਸਕੂਲਾਂ ਵਿਚ ਬਣਾਇਆ ਕੀ ਜਾ ਰਿਹੈ ਕੌਮ ਦੇ ਬੱਚਿਆਂ ਨੂੰ? ਇਹ ਕਿਸੇ ਕਦੇ ਸੋਚਿਆ? ਭਰਾਵੋ ਜੋਗੀ ਦੀ ਪਟਾਰੀ ਵਿਚ ਪਿਆ ਸੱਪ, ਸੱਪ ਨਹੀਂ ਹੁੰਦਾ, ਕੇਵਲ ਰਬੜ ਦੀ ਰੱਸੀ ਹੀ ਹੁੰਦਾ? ਤੇ ਰੱਸੀ ਕੋਲੋਂ ਕੋਈ ਨਹੀਂ ਡਰਦਾ। ਨਿਆਣੇ ਵੀ ਉਸ ਦੀ ਫਨ ਤੇ ਪਟੋਕੀਆਂ ਮਾਰ ਜਾਂਦੇ ਹਨ। ਤੇ ਹੁਣ ਨਿੱਤ ਆਹ ਲੂੰਗੀਆਂ ਵਾਲੇ ਪੰਜਾਬ ਨੂੰ ਵੰਗਾਰਦੇ ਹਨ, ਪਰ ਇਨ੍ਹਾਂ ਦੀਆਂ 99 ਕ੍ਰੋੜ ਫੌਜਾਂ ਪਤਾ ਨਹੀਂ ਕਿਥੇ ਘਾਹ ਚਰਨ ਚਲੇ ਗਈਆਂ। ਇਨ੍ਹਾਂ ਵਿਚ ਤਾਂ ਇਨੀ ਜੁਅਰਤ ਨਹੀਂ ਕਿ ਇਹ ਅਪਣੇ ਡੇਰਿਆਂ ਵਿਚ ‘ਰਾਜ ਕਰੇਗਾ ਖਾਲਸੇ’ ਹੀ ਪੜ ਜਾਣ। ਜਿਹੜੇ ਗੁਰੂ ਜੀ ਦੀ ਹਜੂਰੀ ਵਿਚ ਫਤਿਹ ਨਹੀਂ ਬੁਲਾ ਸਕਦੇ, ਉਨ੍ਹਾਂ ਤੋਂ ਤੁਸੀਂ ਕਿਹੜੀ ਸਿੱਖੀ ਭਾਲਦੇ ਹੋ?

ਚਿਰ ਦੀ ਗੱਲ ਹੈ ਕੈਲਗਰੀ ਵਿਖੇ ਸਾਧ ਬਲਦੇਵ ਸਿੰਘ ਨੇ ਪ੍ਰੋਗਰਾਮ ਨਾ ਕਰਨਾ ਮਨਜੂਰ ਕਰ ਲਿਆ ਸੀ, ਪਰ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਫਤਿਹ ਬੁਲਾਉਂਣੀ ਨਹੀਂ ਸੀ ਮੰਨਿਆ? ਇੱਕ ਵਾਰ ਇੱਕ ਨਵੇਂ ਚੇਲੇ ਇਸ ਦੇ ਇਸ ਨੂੰ ਕ੍ਰਿਪਾਨ ਪਾਉਂਣ ਬਾਰੇ ਪੁੱਛਿਆ ਤਾਂ ਜਵਾਬ ਸੀ ਕਿ ਮੇਰੀ ਕਿਹੜੀ ਕਿਸੇ ਨਾਲ ਦੁਸ਼ਮਣੀ ਹੈ ਕਿ ਮੈਂ ਕ੍ਰਿਪਾਨ ਪਾਵਾਂ!! ਕੀ ਅਰਥ ਹੋਇਆ ਇਸ ਦਾ? ਫਿਰ ਇਹ ਕਿਹੜਾ ਅੰਮ੍ਰਿਤ ਛਕਾ ਰਹੇ ਨੇ ਲੋਕਾਂ ਨੂੰ ਜਦ ਖੁਦ ਇਹ ਰਹਿਤ ਵਿਚ ਨਹੀਂ ਹਨ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਪਹਿਲਾਂ ਲੋਕਾਂ ਦੀਆਂ ਦੁਸ਼ਮਣੀਆਂ ਪਵਾਈਆਂ ਸਨ ਤੇ ਫਿਰ ਕ੍ਰਿਪਾਨਾਂ?

ਯਾਦ ਰਹੇ ਕਿ ਇਨ੍ਹਾਂ ਦੇ ਵੱਡੇ ਵੀ ਕ੍ਰਿਪਾਨ ਨਹੀਂ ਸਨ ਪਾਉਂਦੇ, ਇਸ ਦਾ ਸਬੂਤ ਹੈ, ਕਿ ਜਦ ਮੈਂ ਬ੍ਰੈਪਟਨ ਇਕ ਨਾਨਕਸਰੀਏ ਨਾਲ ਕ੍ਰਿਪਾਨ ਬਾਰੇ ਗੱਲ ਕੀਤੀ, ਤਾਂ ਉਸ ਦੱਸਿਆ ਕਿ ਬਾਬਾ ਈਸਰ ਸਿੰਘ ਵੀ ਨਹੀਂ ਸਨ ਪਾਉਂਦੇ!

ਪਰ ਈਸਰ ਸਿੰਘ ਦੀਆਂ ਲਿਸਟਾਂ ਇਹ ਚੁੱਕੀ ਫਿਰਦੇ ਕਿ ਸੱਤ ਲੱਖ ਨੂੰ ਅੰਮ੍ਰਿਤ ਛਕਾਇਆ ਬਾਬਾ ਜੀ ਨੇ? ਇਹ ਝੂਠ ਨਹੀਂ ਲੋਕਾਂ ਨਾਲ? ਧੋਖਾ ਨਹੀਂ? ਕਿ ਜਿਸ ਅਸੂਲ ਦੇ ਇਹ ਖੁਦ ਧਾਰਨੀ ਨਹੀਂ ਉਹ ਲੋਕਾਂ ਨੂੰ ਧਾਰਨ ਨੂੰ ਕਹਿੰਦੇ?

ਮੇਰੇ ਬੇਟੇ ਗੁਰਦੁਆਰੇ ਕੀਰਤਨ ਸਿੱਖਦੇ ਸਨ। ਉਥੇ ਇੱਕ ਬੁਲੰਦਪੁਰੀਏ ਦੀ ਚੇਲੀ ਵੀ ਅਪਣੇ ਬੱਚੇ ਲੈ ਕੇ ਆਉਂਦੀ ਹੁੰਦੀ ਸੀ, ਜਦ ਸਿਖਾਉਣ ਵਾਲਾ ਉਸ ਦੇ ਬੱਚਿਆਂ ਨੂੰ ‘ਰਾਜ ਕਰੇਗਾ ਖਾਲਸਾ’ ਸਿਖਾਉਂਣ ਲੱਗਾ, ਤਾਂ ਉਹ ਵਿਚੋਂ ਬੋਲ ਪਈ ਕਿ ਅਸੀਂ ਨਹੀਂ ਇੱਹ ਸਿੱਖਣਾ! ਸਿਖਾਉਂਣ ਵਾਲੇ ਪੁੱਛ ਲਿਆ ਕਿ ਕਾਰਨ? ਤਾਂ ਅਗੋਂ ਕਹਿਣ ਲੱਗੀ ਸਾਡੇ ਬਾਬਾ ਜੀ ਕਹਿੰਦੇ ਇਸ ਵਿਚ ਖੁਆਰ ਹੋਏ ਲਿਖਿਆ!!!

ਇਹ ਤਾਂ ਕਹਿੰਦੇ ਨਹੀਂ ਕਿ ਹਿੰਦੂ ਤੋਂ ਡਰਦੇ ਸਾਡੀ ਲੂੰਗੀ ਭਿੱਜਦੀ, ਜਿਹੜਾ ਰਾਜ ਕਰੇਗਾ ਖਾਲਸਾ ਪੜਨ ਤੋਂ ਚਿੜਦਾ, ਪਰ ਚੇਲਿਆਂ ਨੂੰ ਮੂਰਖ ਬਣਾਉਂਣ ਦਾ ਤਰੀਕਾ ਦੇਖੋ ਕਿੰਨਾ ਕਾਰਗਰ ਹੈ।

ਚਲਦਾ - ਬਾਕੀ ਅਗਲੇ ਐਤਵਾਰ...

ਖਾਸ ਨੋਟ - ਬੁਲੰਦੇ ਪਿੰਡ ਦਾ ਕੋਈ ਬੰਦਾ ਡੇਰੇ ਬਾਰੇ ਹੋਰ ਜਾਣਕਾਰੀ ਦੇ ਸਕਦਾ ਹੋਵੇ, ਤਾਂ ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰੇ। ਤੇ ਯਾਦ ਰਹੇ ਕਿ ਡੇਰੇਦਾਰਾਂ ਸ੍ਰੀ ਗੁਰੂ ਜੀ ਦੇ ਨਾਂ ਤੇ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਨਾਂ 'ਤੇ ਸਿੱਖ ਕੌਮ ਨੂੰ ਕਿਵੇਂ ਅਪਣੇ ਡੇਰਿਆਂ ਦੀ ਵਲਗਣ ਵਿਚ ਕੈਦ ਕਰਕੇ ਰੱਖ ਦਿੱਤਾ ਹੈ, ਇਸ ਦੀਆਂ ਮਿਸਾਲਾਂ ਤੁਸੀਂ ਅਗਲੀਆਂ ਕਿਸ਼ਤਾਂ ਵਿਚ ਪੜੋਂਗੇ। ਇਹ ਲੇਖ ਹਾਲੇ ਹੋਰ ਦੋ ਕਿਸ਼ਤਾਂ ਵਿਚ ਛਪੇਗਾ, ਪਰ ਜੇ ਜਾਣਕਾਰੀ ਹੋਰ ਹੋ ਗਈ ਤਾਂ ਵਧ ਵੀ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top