Share on Facebook

Main News Page

ਪਿੰਡ ਬੁਲੰਦਾ ਉਰਫ ਬੁਲੰਦਪੁਰੀ ਉਰਫ ਬੁਲੰਦਪੁਰੀ ਸਾਹਿਬ ਉਰਫ ਨਵਾਂ ਨਾਨਕਸਰ ਠਾਠ ??? ਕਿਸ਼ਤ 3
-: ਗੁਰਦੇਵ ਸਿੰਘ ਸੱਧੇਵਾਲੀਆ
sgurdev@hotmail.com

>> ਕਿਸ਼ਤ 1, ਕਿਸ਼ਤ 2ਕਿਸ਼ਤ 3, ਕਿਸ਼ਤ 4, ਕਿਸ਼ਤ ਆਖਰੀ

ਅਪਣੀਆਂ ਕੱਚ-ਘਰੜ ਕਵਿਤਾਵਾਂ ਵਿੱਚ ਬੁਲੰਦਪਰੀਆਂ ਬਾਬੇ ਜੀਤੇ ਦੀ ਤੁਲਨਾ ਸ੍ਰੀ ਗਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕੀਤੀ??

ਪਿਛਲੀ ਕਿਸ਼ਤ ਵਿੱਚ ਮੈਂ ‘ਸਾਧਾਂ’ ਦੇ ਪਿਛਲੇ ਜਨਮਾਂ ਵਿੱਚ ਜਾਣ ਦੀ ਗੱਲ ਕੀਤੀ ਸੀ। ਪਿਛਲੇ ਜਨਮਾਂ ਵਿੱਚ ਜਾ ਕੇ ਲੁਕਾਈ ਨੂੰ ਮੂਰਖ ਬਣਾਉਂਣਾ ਇਨਾ ਆਸਾਨ ਤੇ ਸੌਖਾ ਹੈ, ਕਿ ਜਿਵੇਂ ਤੁਸੀਂ ਛੋਟੇ ਬੱਚੇ ਨੂੰ ਲਾਲੀ-ਪੌਪ ਦੇ ਕੇ ਵਰ੍ਹਾ ਲੈਂਦੇ ਹੋ। ਤੁਸੀਂ ਬਲੁੰਦਪੁਰੇ ਦੀ ਕਹਾਣੀ ਨੂੰ ਗੌਰ ਨਾਲ ਦੇਖੋ ਬੁਲੰਦਪੁਰੀ ਦਾ ਡੇਰਾ ਬਾਬਾ ਜੀਤ ਸਿੰਘ ਦੀ ਪਿੱਛਲੇ 100 ਜਨਮ ਦੀ ਭਗਤੀ ਵਾਲੀ ਗੱਪ ਦੀ ਨੀਂਹ ਉਪਰ ਖੜਾ ਹੈ। ਯਾਨੀ ਇਸ ਡੇਰੇ ਦੀ ਨੀਂਹ ਹੇਠ ਬਾਬਾ ਜੀਤ ਸਿੰਘ ਦਾ ਪਿੱਛਲਾ 100 ਜਨਮ ਲੱਗਾ ਹੋਇਆ ਹੈ। 100 ਜਨਮ ਤੋਂ ਬਿਨਾ ਇਡਾ ਡੇਰਾ ਬਣਨਾ ਨਹੀਂ ਸੀ। 70-80 ਕਿੱਲੇ ਵਿੱਚ ਫੈਲਿਆ ਡੇਰਾ ਕਿਤੇ ਐਵੈਂ ਫੈਲ ਗਿਆ? ਡਿਉੜੀ ਉਸ ਦੀ ਦਾ ਨਕਸ਼ਾ ਵੇਖਿਆ? ਤਾਜ ਮਹੱਲ ਨਾਲ ਰਲਦਾ ਹੈ। ਬਾਬਾ ਜੀ ਕਹਿੰਦੇ ਤੇਰਾਂ ਵਾਰ ਗਏ ਤਾਜ ਮਹੱਲ ਡਿਉੜੀ ਪਾਉਂਣ ਤੋਂ ਪਹਿਲ਼ਾਂ।

ਤੁਸੀਂ ਪੰਜਾਬ ਵਿੱਚ ਇੱਕ ਕ੍ਰੋੜ ਦੀ ਕੋਠੀ ਪਾ ਕੇ ਨਹੀਂ ਮਿਉਂਦੇ, ਅਗਲਿਆਂ ਦੀ ਡਿਉੜੀ ਉਪਰ ਹੀ ਪਤਾ ਨਹੀਂ ਕਿੰਨਾ ਕ੍ਰੋੜ ਲੱਗ ਗਿਆ ਹੈ। ਤੁਸੀਂ ਦੱਸੋ ਇਨਾ ਵੱਡਾ ਅਡੰਬਰ ਭਗਤੀ ਕਰਨ ਲਈ ਸੀ ਜਾਂ ਰੱਬ ਨਾਲ ਜੁੜਨ ਲਈ? ਕਿਥੇ ਰੱਬ, ਕਿਹੜਾ ਰੱਬ, ਜਿਸਨੂੰ ਇਹ ਇਨੇ ਵੱਡੇ ਡੇਰੇ ਪਾ ਕੇ ਮਿਲਣਾ ਚਾਹੁੰਦੇ ਨੇ? ਸਿਰ ਵਿੱਚ ਤਾਂ ਡੇਰਾ ਫਸਾ ਲਿਆ! ਡੇਰਾ ਵੀ ਛੋਟਾ-ਮੋਟਾ ਨਹੀਂ ਸੱਤ ਮੰਜਲਾ? ਤੁਹਾਡੇ ਸਿਰ ਵਿੱਚ ਛੋਟਾ ਜਿਹਾ ਤਿੰਨ ਜਾਂ ਚਾਰ ਬੈੱਡ-ਰੂਮ ਦਾ ਫਸਿਆ ਘਰ ਹੀ ਤੁਹਾਨੂੰ ਸੌਣ ਨਹੀਂ ਦਿੰਦਾ ਤੇ ਜਿਸ ਦੇ ਸਿਰ ਵਿੱਚ ਸੱਤ ਮੰਜਲਾ ਡੇਰਾ ਫਸ ਗਿਆ? ਰੱਬ ਤਾਂ ਲੱਭਿਆ ਵੀ ਨਹੀਂ ਲੱਭਣਾ ਉਥੇ? ਸਿਰ ਵਿੱਚ ਡੇਰਾ ਤੇ ਗੱਲਾਂ ਰੱਬ ਦੀਆਂ? ਕਹਾਣੀ ਦੇਖੋ ਨਾ ਕੀ ਕਹਿ ਰਹੀ ਹੈ।

ਇਹ ਸਥਾਨ ਸੱਤ ਮੰਜਲਾ ਹੋਵੇਗਾ! ਇਥੇ ਪਹਿਲੀ ਵਾਰ ਗਿਆਰਾਂ ਪਾਤਸ਼ਾਹੀਆਂ ਦੇ ਤਖਤ ਸੱਜਣਗੇ! ਵੱਡੇ ਵੱਡੇ ਲੰਗਰ ਹਾਲ, ਸਰਾਵਾਂ, ਸਕੂਲ, ਕਾਲਜ, ਏਅਰਪੋਰਟ ਬਣਨਗੇ!! ਸਾਰੀਆਂ ਦੁਨੀਆਂ ਚੋਂ ਸੰਗਤ ਇਥੇ ਮਹਾਰਾਜ ਦੇ ਚਰਨਾ ਵਿੱਚ ਝੁਕੇਗੀ”!!

ਤੁਹਾਡੇ ਇਸ ਸਾਧ ਦੇ ਸਿਰ ਵਿੱਚ ਤਾਂ ਏਅਰਪੋਟਾਂ ਘੁੰਮ ਰਹੀਆਂ ਤੇ ਜਹਾਜ ਚਲ ਰਹੇ ਨੇ, ਤੁਸੀਂ ਕਹਿੰਨੇ ਉਹ ਰੱਬ ਨਾਲ ਜੁੜਿਆ? ਅੰਦਰ ਤਾਂ ਜਹਾਜ ਉੱਡ ਰਹੇ ਨੇ, ਅੰਦਰ ਤਾਂ ਜਹਾਜਾਂ ਦਾ ਸ਼ੋਰ ਹੈ, ਇਨ੍ਹਾਂ ਉਤਰਦੇ-ਚੜ੍ਹਦੇ ਜਹਾਜਾਂ ਵਿੱਚ ਰੱਬ ਕਿਥੇ ਹੈ? ਉਹ ਕਿਹੜਾ ਰੱਬ ਹੈ ਜਿਹੜਾ ਏਅਰਪੋਰਟ 'ਤੇ ਮਿਲਦਾ ਹੈ, ਜਿਹੜਾ ਜਹਾਜ ਉਡਾਉਣ ਨਾਲ ਮਿਲਦਾ ਹੈ? ਛੋਟੇ ਬੱਚਿਆਂ ਵਾਂਗ ਸਾਧ ਅੰਦਰੇ ਹੀ ਅੰਦਰ ਜਹਾਜ ਉਡਾਈ ਜਾ ਰਿਹਾ ਤੇ ਲੁਕਾਈ ਉਸ ਕੋਲੋਂ ਰੱਬ ਲੱਭਣ ਤੁਰੀ ਹੋਈ ਹੈ? ਸੱਚ ਜਿਉਣ ਦਾ ਨਾਂ ਹੈ ਡੇਰੇ ਬਣਾਉਣ ਤੇ ਜਹਾਜ ਉਡਾਉਣ ਦਾ ਨਹੀਂ ਹੈ। ਸੱਚ ਸੱਤ-ਸੱਤ ਮੰਜਲੇ ਡੇਰੇ ਖੜੇ ਕਰਨ ਤੋਂ ਬਿਨਾ ਹੀ ਦਿੱਸ ਜਾਂਦਾ ਹੈ। ਅੱਡੀਆਂ ਕੌਣ ਚੁੱਕਦਾ? ਜਿਹੜਾ ਛੋਟਾ ਹੁੰਦਾ! ਛੇ-ਸੱਤ ਫੁੱਟੇ ਨੂੰ ਤਾਂ ਅੱਡੀਆਂ ਚੁੱਕਣ ਦੀ ਲੋੜ ਹੀ ਨਹੀਂ! ਕਿ ਹੈ? ਇਹ ਸਾਧੜੇ ਬਹੁਤ ਛੋਟੇ ਨੇ ਜਿਹੜੇ ਵੱਡੇ ਡੇਰਿਆਂ ਦੀਆਂ ਅੱਡੀਆਂ ਚੁੱਕ ਕੇ ਲੁਕਾਈ ਨੂੰ ਦਿੱਸਣਾ ਚਾਹੁੰਦੇ ਨੇ।

ਮੇਰੀ ਮੁਸ਼ਕਲ ਹੀ ਇਹ ਹੈ ਕਿ ਮੈਨੂੰ ਸਾਧ ਦੀਆਂ ਚੁੱਕੀਆਂ ਹੋਈਆਂ ਅੱਡੀਆਂ ਨਹੀਂ ਦਿੱਸ ਰਹੀਆਂ। ਮੈਂ ਉਸ ਦਾ ਭੋਰਾ ਦੇਖ ਧੰਨ ਬਾਬਾ ਜੀ ਧੰਨ ਬਾਬਾ ਜੀ ਕਰੀ ਜਾਨਾ, ਪਰ ਉਪਰ ਉਸ ਦੇ ਵੱਡੇ ਅਸਮਾਨ ਛੂੰਹਦੇ ਗੁੰਬਦ ਮੈਨੂੰ ਦਿੱਸ ਹੀ ਨਹੀਂ ਰਹੇ। ‘ਸੰਤ’ ਦਾ ਹੇਠਾਂ ਨੂੰ ਪੁੱਟਿਆ ਭੋਰਾ ਭੁਲੇਖਾ ਹੈ, ਉਸ ਦੇ ਨਿਮਰ ਹੋਣ ਦਾ ਅਸਲ ਵਿੱਚ ਸੰਤ ਨੂੰ ਡੇਰੇ ਉਪਰਲੇ ਗੁੰਬਦ 'ਤੇ ਰੱਖ ਕੇ ਦੇਖੋ। ‘ਸੰਤ’ ਦੀ ਦੇਹ ਭੋਰੇ ਵਿੱਚ ਹੈ, ਪਰ ‘ਸੰਤ’ ਖੁਦ ਧੁਰ ਉਪਰਲੇ ਗੁੰਬਦ ਉਪਰ ਬੈਠਾ ਹੋਇਆ ਹੈ। ਭੋਰਾ ਤੁਹਾਨੂੰ ਦਿਖਾਉਂਣ ਵਾਸਤੇ ਹੈ, ਕਿ ਮੈਂ ਨਿਮਰ ਹਾਂ, ਕਿਉਂਕਿ ਤੁਸੀਂ ਨਿਮਰ ਦਿੱਸਣ ਨੂੰ ਸੰਤ ਸਮਝਦੇ ਹੋ, ਤੇ ‘ਸੰਤ’ ਤੁਹਾਡੀ ਇਸ ਮਾਨਸਿਤਕਾ ਨੂੰ ਸਮਝਦਾ ਹੈ। ‘ਸੰਤ’ ਦਾ ਅੰਦਰ ਭੋਰੇ ਵਿੱਚ ਨਹੀਂ, ਬਲਕਿ ਸੱਤ ਮੰਜਲੇ ਗੁੰਬਦ ਉਪਰ ਹੈ। ਮੇਰਾ ਭੋਰਿਆਂ ਵਲ ਨੂੰ ਵਗਿਆ ਪੈਸਾ ਉਤਾਂਹ ਅਸਮਾਨ ਵਲ ਨੂੰ ਜਾ ਰਿਹੈ, ਪੈਸਾ ਮੈਂ ਹੇਠਾਂ ਦੇ ਕੇ ਆਉਂਦਾ, ‘ਸੰਤ’ ਉਸ ਨੂੰ ਉਪਰ ਨੂੰ ਉਡਾਈ ਜਾਂਦਾ।

‘ਸੰਤ’ ਕਹਿੰਦਾ ਮੈਂ ਪੈਸਾ ਮੰਗਦਾ ਨਹੀਂ, ‘ਸੰਤ’ ਕਹਿੰਦਾ ਮੈਂ ਤਾਂ ਪੈਸੇ ਨੂੰ ਹੱਥ ਤੱਕ ਨਹੀਂ ਲਾਉਂਦਾ ਤੇ ਤੁਹਾਨੂੰ ਇਹ ਗੱਲ ਚੰਗੀ ਬੜੀ ਲੱਗਦੀ। ਤੁਸੀਂ ਸੋਚਦੇ ਸੰਤ ਸਾਡਾ ਮਾਇਆ ਤੋਂ ਨਿਰਲੇਪ ਹੈ, ਪਰ ਤੁਸੀਂ ਉਸ ਦੇ ਦੁਆਲੇ ਪਸਰੀ ਹੋਈ ਮਾਇਆ ਨੂੰ ਨਹੀਂ ਦੇਖਦੇ। ਸਾਰਾ ਡੇਰਾ ਮਾਇਆ ਹੀ ਮਾਇਆ ਹੈ। ਸੰਤ ਦੇ ਰੇਸ਼ਮੀ ਚੋਲੇ ਕੀ ਹਨ? ਸੰਤ ਹੇਠ ਮਹਿੰਗੀ ਕਾਰ ਕੀ ਹੈ? ਸੰਤ ਦੀ ਕਦੇ ਜੁੱਤੀ ਵਲ ਵੇਖ ਲਿਆ ਕਰੋ, ਜਿਸ ਉਪਰ ਜਾ ਕੇ ਸਿਰ ਰੱਖਦੇ ਹੋਂ ਉਹ ਕੀ ਮਾਇਆ ਨਹੀਂ? ਸੰਤ ਦੇ ਭੋਰੇ ਵਿੱਚ ਚਲਦੇ ਏਅਰਕੰਡੀਸ਼ਨ ਕੀ ਹਨ? ਸੰਤ ਦੀਆਂ ਕੁਲ ਜਮਾਨੇ ਦੀਆਂ ਮਹਿੰਗੀਆਂ ਸਹੂਲਤਾਂ ਕੀ ਹਨ? ‘ਸੰਤ’ ਖੁਦ ਮਾਇਆ ਦੀ ਸ਼ਾਖਯਾਤ ਮੂਰਤ ਹੈ, ਤੁਸੀਂ ਕਹਿੰਨੇ ਉਹ ਮਾਇਆ ਨੂੰ ਹੱਥ ਨਹੀਂ ਲਾਉਂਦਾ? ਉਸ ਦੇ ਧੁਰ ਉਪਰਲੇ ਗੁੰਬਦਾਂ ਉਪਰ ਲਿਸ਼ਕਾਂ ਮਾਰਦਾ ਸੋਨਾ ਕੀ ਮਾਇਆ ਨਹੀਂ? ਮਹਿੰਗੇ ਮਾਰਬਲ ਤੇ ਸੰਗਮਰਮਰ ਡੇਰੇ ਉਪਰ ਥੋਪ ਰਿਹਾ ਉਹ ਕੀ ਮਾਇਆ ਨਹੀਂ? ਹਰੇਕ ਵੱਡੇ ਸ਼ਹਿਰ ਵਿੱਚ ਉਹ ‘ਆਪਣੇ’ ਨਿੱਜੀ ਡੇਰੇ ਖੋਹਲ ਰਿਹੈ, ਉਹ ਕੀ ਮਾਇਆ ਨਹੀਂ? ‘ਸੰਤ’ ਤੁਹਾਨੂੰ ਇਨੇ ਬਰੀਕ ਅਤੇ ਸੂਖਮ ਤਰੀਕੇ ਮੂਰਖ ਬਣਾਉਂਦਾ ਕਿ ਤੁਹਾਡੀਆਂ ਸਭ ਸਮਝਾਂ, ਡਿਗਰੀਆਂ ਤੇ ਪੜ੍ਹਾਈਆਂ ਜਵਾਬ ਦੇ ਜਾਂਦੀਆਂ। ਉਹ ਤੁਹਾਡੇ ਪੰਜ-ਦੱਸ-ਵੀਹ ਦੇ ਨੋਟਾਂ ਨੂੰ ਹੱਥ ਨਹੀਂ ਲਾਉਂਦਾ, ਪਰ ਉਹ ਤੁਹਾਡੀ ਜੇਬ੍ਹ ਵਿੱਚੋਂ ਪੂਰਾ ਬਟੂਆ ਸਮੇਤ ‘ਕਰੈਡਿਟ-ਕਾਰਡ’ ਕੱਢ ਲੈਂਦਾ, ਪਰ ਤੁਹਾਨੂੰ ਪਤਾ ਤੱਕ ਨਹੀਂ ਚਲਦਾ? ਦੱਸ-ਦੱਸ ਵੀਹ-ਵੀਹ ਡਾਲਰ ਇੱਕਠੇ ਕਰਕੇ ਬਾਕੀ ਪ੍ਰਚਾਰਕ ਜਾਂ ਰਾਗੀ ਵਧ ਤੋਂ ਵਧ ਕੁੱਝ ਲੱਖ ਦੀ ਜਾਂ ਕ੍ਰੋੜ ਦੀ ਕੋਠੀ ਪਾ ਲੈਣਗੇ, ਉਹ ਵੀ ਜਿਹੜੇ ਮਸ਼ਹੂਰ ਨੇ, ਪਰ ਇਧਰ ਇਨ੍ਹਾਂ ਪੰਜੀਆਂ-ਦੱਸੀਆਂ ਨੂੰ ਹੱਥ ਨਾ ਲਾਉਂਣ ਵਾਲੇ ਸਾਧ ਦਾ ਡੇਰਾ ਵੇਖਿਆਂ ਪੱਗ ਲਹਿੰਦੀ! ਤੇ ਉਸ ਦੀ ਮਹਾਰਾਜਿਆਂ ਵਾਲੀ ਸ਼ਾਨੋ-ਸ਼ੌਕਤ? ਤੇ ਉਸ ਦੇ ਸਭ ਵੱਡੇ ਸ਼ਹਿਰਾਂ ਵਿੱਚ ਡੇਰੇ? ਕਿਉਂ ਉਹ ਦੁੱਕੀਆਂ-ਪੰਜੀਆਂ ਗਿਣ ਕੇ ਹੱਥ ‘ਮੈਲੇ’ ਕਰੇ?

ਬਾਬਾ ਬਲਦੇਵ ਸਿੰਘ ਨੂੰ ਮੈਂ ਸੁਣ ਰਿਹਾ ਸੀ। ਉਹ ‘ਸੰਗਤ’ ਨੂੰ ਸੰਬੋਧਨ ਹਨ ਕਿ ਆਪਾਂ ਬਹੁਤਾ ਚਿਰ ਇਸ ਧਰਤੀ ਪੁਰ ਨਹੀਂ ਹਾਂ। ਅਸੀਂ ਪ੍ਰਹਾਣੇ ਹਾਂ। ਅਸੀਂ ਥੋੜੇ ਚਿਰ ਨੂੰ ਤੁਰ ਜਾਣਾ ਹੈ। ਸਾਨੂੰ ਪਤਾ ਨਹੀਂ ਕਦ ਸੱਦਾ ਆ ਜਾਣਾ ਹੈ। ਸਾਨੂੰ ਤਿਆਰ ਰਹਿਣਾ ਚਾਹੀਦਾ। ਅਸਾਂ ਸਭ ਇਥੇ ਹੀ ਛੱਡ ਜਾਣਾ ਹੈ। ਇਹ ਜੱਗ ਸੁਪਨਾ ਹੈ। ਇਹ ਮਾਇਆ ਛੱਲ ਹੈ। ਇਹ ਸੰਸਾਰ ਰੈਣ-ਬਸੇਰਾ ਹੈ। ਇਹ ਸਭ ਕੁਝ ਤਾਂ ਠੀਕ ਹੈ ਪਰ ਕੋਈ ਤਾਂ ਪੁੱਛੇ ਕਿ ‘ਬਾਬਾ ਜੀ’ ਇਹ ਸਭ ਤੁਹਾਡੇ ਲਈ ਨਹੀਂ? ਤੁਸੀਂ ਇਡੇ ਮਹੱਲ ਉਸਾਰ ਰਹੇ ਹੋਂ ਤੁਹਾਨੂੰ ‘ਉਪਰੋਂ’ ਖੁਲ੍ਹੀ ਤੇ ਲੰਮੀ ਛੁੱਟੀ ਮਿਲੀ ਹੋਈ? 65 ਦੇ ਨੇੜੇ ਜਾਂ ਉਪਰ ਹੋਵੋਂਗੇ ਖੁਦ ਤੁਸੀਂ ਪੈਰ ਪਸਾਰੀ ਜਾ ਰਹੇ ਹੋਂ। ਡੇਰਾ ਹਾਲੇ ਤੱਕ ਬੱਸ ਨਹੀਂ ਕੀਤਾ। ਹਾਲੇ ਤੱਕ ਅੰਦਰ ਜਹਾਜ ਉੱਡੀ ਜਾਂਦੇ ਨੇ। ਅੰਦਰ ਹਾਲੇ ਸਰਾਵਾਂ ਬਣੀ ਜਾਂਦੀਆਂ। ਵੱਡੇ ਲੰਗਰ ਬਣੀ ਜਾਂਦੇ ਤੇ ਸਕੂਲ ਬਣੀ ਜਾਂਦੇ। ਸਮਾਂ ਕਿਹੜਾ ਰਹਿ ਗਿਆ। ਜੇ ਸੰਸਾਰ ਸੁਪਨਾ ਹੈ ਤਾਂ ਤੁਸੀਂ ਇਹ ਇੱਟਾਂ-ਵੱਟੇ ਕਿਉਂ ਖਲਾਰ ਰੱਖੇ ਨੇ? ਭਲਾਈ ਲਈ? ਏਅਰਪੋਟਾਂ ਤਾਂ ਮੁਲਕ ਵਿੱਚ ਹਰੇਕ ਸ਼ਹਿਰ ਹਨ, ਕਿਹੜੀ ਭਲਾਈ ਹੈ ਜਿਹੜੀ ਏਅਰਪੋਟ ਬਣਾ ਕੇ ਜਾਂ ਜਹਾਜ ਉੱਡਾ ਕੇ ਹੁੰਦੀ, ਡੇਰਾ ਵੱਡਾ ਕਰਕੇ ਹੁੰਦੀ ਜਾਂ ਸੱਤ ਮੰਜਲੇ ਗੁੰਬਦ ਪਾ ਕੇ ਹੁੰਦੀ? ਇਹ ਕਿੱਦਾਂ ਦੀ ਭਲਾਈ ਹੈ ਜਿਹੜੀ ਇਕ ਰੋਟੀ ਖਾ ਰਹੇ ਕਿਸਾਨ ਨੂੰ ਉਜਾੜ ਕੇ ਹੁੰਦੀ?

ਇਹ ਕਿਹੜੀ ਭਲਾਈ ਹੈ ਜਿਹੜੀ ਇੱਕ ਨੂੰ ਤਾਂ ਪੀਜ਼ੇ ਬਰਗਰ ਮੁਹਈਆ ਕਰਦੀ ਤੇ ਦੂਜੇ ਦੀ ਜਮੀਨ ਵੀ ‘ਐਕਵਾਇਰ’ ਕਰਾਈ ਜਾਂਦੀ? ਕਿਸਾਨ ਇਨ੍ਹਾਂ ਵਿਰੁਧ ਸੜਕਾਂ 'ਤੇ ਕਿਉਂ ਆਏ? ਕਿਸਾਨ ਯੂਨੀਆਨ ਨੂੰ ਕਿਸਾਨਾਂ ਦੇ ਮਦਦ ਲਈ ਦਖਲ ਦੇਣਾ ਪਿਆ! ਕੋਰਟ ਵਿੱਚੋਂ ਜਾ ਕੇ ‘ਸਟੇਅ’ ਲਿਆ, ਵਿੱਚਾਰੇ ਗਰੀਬਾਂ ਨਹੀਂ ਤਾਂ ਬਾਦਲਾਂ ਨਾਲ ਰਲ ਕੇ ਉਨ੍ਹਾਂ ਮੂੰਹੋਂ ਤਾਂ ਰੋਟੀ ਲੈ ਗਏ ਸੀ ਨਾ ਖੋਹ ਕੇ! ਹਾਲੇ ਪਤਾ ਨਹੀਂ ਕੀ ਬਣਨਾ ਕਿਉਂਕਿ ‘ਬਾਬੇ’ ਅੰਦਰ ਤਾਂ ਜਹਾਜ਼ ਉੱਡੀ ਜਾਂਦੇ, ਤੇ ਜਹਾਜ਼ ਗਰੀਬ ਕਿਸਾਨਾਂ ਦੀ ਹਿੱਕ 'ਤੇ ਹੀ ਉੱਡਣਗੇ, ਪਾਕਿਸਤਾਨ ਤਾਂ ਜਾ ਕੇ ਉੱਡਣੋਂ ਰਹੇ! ਨਹੀਂ?

ਇੱਕ ਚੇਲੇ ਨੂੰ ਜਦ ਮੈਂ ਇੱਕ-ਦੋ ਸਵਾਲ ਕੀਤੇ ਤਾਂ ਉਹ ਖਿੱਝ ਕੇ ਕਹਿੰਦਾ ਤੈਨੂੰ ਪਤੈ ਬਾਬਾ ਜੀ ਗਿਆਰਾਂ ਪਾਤਸ਼ਾਹੀਆਂ ਦੇ ਤਖਤ ਬਣਾ ਰਹੇ ਨੇ ਬੁਲੰਦਪੁਰੀ ਸਾਹਿਬ? ਤੇ ਇਹ ਪਹਿਲੀ ਵਾਰ ਹੈ ਗਿਆਰਾਂ ਪਾਤਸ਼ਾਹੀਆਂ ਦੇ ਇਕੱਠਿਆਂ ਤਖਤ ਬਣ ਰਹੇ ਨੇ! ਹਾਂਅ!

ਤਖਤ? ਗਿਆਰਾਂ ਪਾਤਸ਼ਾਹੀਆਂ ਦੇ? ਤੁਸੀਂ ਕਦੇ ਇਨ੍ਹਾਂ ਸਾਧਾਂ ਦੇ ਤਰੀਕਿਆਂ ਤੇ ਹੈਰਾਨ ਨਹੀਂ ਹੁੰਦੇ? ਕਿਥੋਂ ਨਵੀਂ ਤੋਂ ਨਵੀਂ ਮਾਡਰਨ ਕੁੰਡੀ ਦੀ ਕਾਢ ਕੱਢਦੇ ਮੱਛੀਆਂ ਫੜਨ ਲਈ। ਨਹੀਂ ਤਾਂ ਜਿਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਉਥੇ ਅੱਡ ਅੱਡ ਤਖਤ ਬਣਾਉਂਣ ਦੀ ਕੋਈ ਲੋੜ ਹੈ? ਯਾਨੀ ਗੱਲ ਨੂੰ ‘ਕੰਪਲੀਕੇਡਿਟ’ ਕਰੋ, ਵਲ ਪਾਕੇ, ਜਲੇਬੀ ਵਰਗੀ! ਸਮਝ ਤੋਂ ਪਰ੍ਹੇ ਜਿਹੇ ਦੀ। ਨਵੀਂ ਜਿਹੀ! ਅਜੀਬ ਜਿਹੀ! ਸਿੱਧੀ ਗੱਲ ਤੁਹਾਨੂੰ ਅਚੰਭਕ ਕਿਵੇਂ ਕਰੇਗੀ? ਤੁਸੀਂ ਅਚੰਭੇ ਵਿੱਚ ਕਿਵੇਂ ਪਵੋਂਗੇ? ਗਿਆਰਾਂ ਪਾਤਸ਼ਾਹੀਆਂ ਦੇ ਤਖਤ? ਨਵੀਂ ਜਿਹੀ ਲੱਗਦੀ ਨਾ? ਮਨ ਨੂੰ ਟੁੰਬਦੀ ਜਿਹੀ! ਤਖਤ ਕੀ ਹੈ? ਉਥੇ ਗੁਰੂ ਸਹਿਬਾਨਾਂ ਦੀਆਂ ਲਾਈਨਾ ਵਿੱਚ ਮੂਰਤੀਆਂ ਲਾ ਕੇ ਨਾਲ ਗਿਆਰਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਹਨ! ਪਾਲਕੀ ਉਪਰ ਸ੍ਰੀ ਗੁਰੂ ਜੀ ਦਾ ਪ੍ਰਕਾਸ਼ ਹੈ, ਮਗਰ ਮੂਰਤੀਆਂ ਲਾਈਆਂ ਹੋਈਆਂ ਤੇ ਚਲੋ ਬਣ ਗਏ ਗਿਆਰਾਂ ਤਖਤ? ਗੱਲ ਵਿੱਚੋਂ ਕੀ ਸੀ, ਪਰ ਗਿਆਰਾਂ ਤਖਤ ਕਿੳਕਿ ਕਹਿਣ ਨੂੰ ਬੜੇ ਵੱਡੇ ਅਤੇ ਅਜੀਬ ਲੱਗਦੇ, ਜਿੰਨੀ ਮਰਜੀ ‘ਮਾਰਕੀਟਿੰਗ’ ਕਰੋ!

ਤੇ ਇਨ੍ਹਾਂ ਗਿਆਰਾਂ ਤਖਤਾਂ ਦੇ ਨਾਂ ਉਪਰ ਮੈਂ ਬਾਬੇ ਬਲਦੇਵ ਸਿੰਘ ਨੂੰ ਉਸ ਦੀ ‘ਕਥਾ’ ਵਿੱਚ ਕਈ ਥਾਈਂ ‘ਮਾਰਕੀਟਿੰਗ’ ਕਰਦੇ ਸੁਣਿਆ ਕਿ ‘ਸੰਗਤ ਜੀ ਤੁਸੀਂ ਬਾਬਾ ਜੀ ਦੀ ਬਰਸੀ 'ਤੇ ਜਰੂਰ ਪਹੁੰਚਣਾ। ਉਹ ਬੜਾ ਇਤਿਹਾਸਕ ਦਿਹਾੜਾ ਹੋਵੇਗਾ। ਉਥੇ ਉਸ ਦਿਨ ਗਿਆਰਾਂ ਪਾਤਸ਼ਾਹੀਆਂ ਦੇ ਤਖਤ ਸਜਾਏ ਜਾਣਗੇ’। ਤਹਾਨੂੰ ਉਚੇਚਾ ਸੱਦਣ ਲਈ ਅਤੇ ਤੁਹਾਨੂੰ ‘ਅਚੰਭਕ’ ਕਰਨ ਲਈ ਕਿੰਨੀ ਵਧੀਆ ਕਹਾਣੀ ਘੜੀ ਬਾਬੇ ਨੇ! ਪਰ ਉਥੇ ਕਿਸੇ ਨਹੀਂ ਪੁੱਛਣਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਕਲੀ ਮੂਰਤੀਆਂ ਦਾ ਕੀ ਕੰਮ? ਮੂਰਤੀ ਪੂਜਕ ਤਾਂ ਗੁਰਬਾਣੀ ਨੇ ਅੰਧੇ, ਗੁੰਗੇ, ਅੰਧ ਅੰਧਾਰ ਯਾਨੀ ਅੰਨਿਆਂ ਦੇ ਵੀ ਅੰਨੇ ਕਹੇ ਤਾਂ ਇਹ ਮੂਰਤੀਆਂ ਸਜਾਉਣ ਵਾਲੇ ਕੌਣ ਹਨ?

ਮਾਰਕੀਟਿੰਗ’ ਲਈ ਇਹ ਲੋਕ ਨਵੀਂ ਤੋਂ ਨਵੀਂ ਗੱਲ ਕੱਢਦੇ। ਮਾਰਕੀਟਿੰਗ ਲਈ ਸਕੂਲ ਚਲਾਉਂਦੇ, ‘ਮਾਰਕੀਟਿੰਗ’ ਲਈ ਹੌਸਪੀਟਲ ਖੋਹਲਦੇ। ਰਾਧਾ-ਸਵਾਮੀਆਂ ਹੌਸਪੀਟਲਾਂ ਦੇ ਨਾਂ 'ਤੇ ਇਨੀ ਮਾਰਕੀਟਿੰਗ ਕੀਤੀ, ਕਿ ਉਨ੍ਹਾਂ ਦੇ ਚੇਲਿਆਂ ਕੋਲੇ ਕਹਿਣ ਨੂੰ ਬੱਸ ਇਹੀ ਗੱਲ ਬਚੀ ਕਿ ‘ਬਾਬਾ ਜੀ’ ਲੋਕਾਂ ਦਾ ਭਲਾ ਹੀ ਤਾਂ ਕਰਦੇ! ਪਰ ਲੁਕਾਈ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਭਲਾਈ ਉਨ੍ਹਾਂ ਦੇ ਕਿੰਨੀ ਮਹਿੰਗੀ ਪੈ ਰਹੀ ਹੈ, ਕਿਉਂਕਿ ਜਿਸ ਖੂਨ ਪੀਣੀਆਂ ਜੋਕਾਂ ਅਤੇ ਰਾਜਨੀਤਕ ਭੇੜੀਆਂ ਨੂੰ ਇਹ ਸਿਰੋਪੇ ਦਿੰਦੇ ਅਤੇ ਸਨਮਾਨਤ ਕਰਦੇ ਨੇ, ਉਹ ਇਨ੍ਹਾਂ ਦੀਆਂ ਪੀਹੜੀਆਂ ਤੱਕ ਦਾ ਵਿਨਾਸ਼ ਕਰ ਰਹੇ ਨੇ। ਇਸ ਵਿਨਾਸ਼ਕਾਰੀ ਰਾਜਨੀਤੀ ਦੀ ਪੈੜ ਦੱਬੋ, ਇਸ ਦੇ ਨਿਸ਼ਾਨ ਡੇਰਿਆਂ ਵਲ ਜਾਂਦੇ ਸਪੱਸ਼ਟ ਦਿਖਾਂਈ ਦਿੰਦੇ ਹਨ। ਕਿਹੜਾ ਡੇਰਾ ਜਿਸ ਇਨ੍ਹਾਂ ਲਹੂ ਪੀਣੇ ਕਸਾਈ ਰਾਜਿਆਂ ਨੂੰ ਲਾਹਨਤਾਂ ਪਾ ਕੇ ਡੇਰੇ ਤੋਂ ਦੁੜਾਇਆ ਹੋਵੇ। ਕਿਹੜਾ ਸਾਧ ਮਾਂ ਨੇ ਜੰਮਿਆਂ ਜਿਸ ਅੱਜ ਦੇ ਬਾਬਰਾਂ ਨੂੰ ਜਾਬਰ ਕਹਿਣ ਦੀ ਜੁਅਰਤ ਕੀਤੀ ਹੋਵੇ! ਇਹ ਕਹਿੰਦੇ ਅਸੀਂ ਲੋਕਾਂ ਦੇ ਨਸ਼ੇ ਛੁਡਾਉਂਡੇ, ਪਰ ਨਸ਼ਿਆਂ ਦੇ ਦਰਿਆ ਵਗਾਉਂਣ ਵਾਲੇ ਇਨ੍ਹਾਂ ਤੋਂ ਹਾਰ ਪਵਾ ਕੇ ਨਹੀਂ ਜਾਂਦੇ? ਭੋਲੇ ਨੇ ਮਜੀਠੀਏ ਬਾਰੇ ਕੀ ਕੀ ਖੁਲਾਸੇ ਨਹੀਂ ਕੀਤੇ, ਪਰ ਕਿਸੇ ਸਾਧ ਦੀ ਬੋਦੀ ਹੇਠ ਖੁਰਕ ਹੋਈ ਕਿ ਉਹ ਬੋਲ ਸਕੇ? ਬੋਲਿਆ ਕੋਈ? ਤਾਂ ਫਿਰ ਇਹ ਕਿਹੜੇ ਨਛੇ ਛੁੱਡਾ ਰਹੇ ਨੇ ਵਿੱਚੇ ਰਾਧਾ-ਸੁਵਾਮੀਏ?

ਡੇਰੇ ਗੁਰਬਾਣੀ ਦਾ ਉਹ ਸਾਰਾ ਸੱਚ ‘ਸਕਿੱਪ’ ਕਰ ਜਾਂਦੇ ਨੇ ਜਿਸ ਵਿੱਚ ਲਹੂ ਪੀਣੇ ਕਸਾਈ ਰਾਜਿਆਂ ਨੂੰ ਗੁਰੂ ਸਾਹਿਬਾਨਾ ਆੜੇ ਹੱਥੀਂ ਲਿਆ ਅਤੇ ‘ਰਾਜੇ ਸ਼ੀਹ ਮੁਕਦਮ ਕੁਤੇ’ ਕਹਿ ਇਨ੍ਹਾਂ ਦੇ ਖੂਨੀ ਚਿਹਰਿਆਂ ਦੀ ਤਸਵੀਰ ਲੁਕਾਈ ਨੂੰ ਦਿਖਾਈ! ਜਿਸ ਵਿੱਚ ਡੇਰਿਆਂ ਵਾਲੇ ਸਵਾਹਾਂ ਪਾਈ ਫਿਰਦੇ ਵਿਹਲੜ ਜੋਗੀਆਂ ਨੂੰ ਲਾਹਨਤਾਂ ਪਾਈਆਂ ਹੋਈਆਂ। ਜਿਸ ਵਿੱਚ ਧਰਮ ਦੇ ਨਾਂ 'ਤੇ ਠੱਗੀਆਂ ਮਾਰਦੇ ਪੰਡਤਾਂ-ਮੁਲਾਣਿਆਂ ਦੀ ਬਾਬਾ ਜੀ ਨੇ ਧੌੜੀ ਲਾਹੀ।

ਸਕੂਲ ਦੀ ਸੁਣ ਲਓ। ਬੁਲੰਦਪਰੇ ਸਕੂਲ ਚਲਦਾ ਪਰ 10 ਹਜਾਰ ਤੋਂ ਘੱਟ ਫੀਸ ਨਹੀਂ। ਗਰੀਬ ਸਿੱਖ ਦਾ ਨਿਆਣਾ ਉਥੇ ਕੋਈ ਪੜ ਨਹੀਂ ਸਕਦਾ। ਡੀ.ਜੇ. ਲਾ ਕੇ ਨਿਆਣਿਆਂ ਤੋਂ ਭੰਗੜੇ ਪਵਾਉਂਦੇ। ਸਕੂਲ ਵਿੱਚ ਇਹ ਕਿਹੜੀ ਪੜਾਈ ਤੇ ਕਿਹੜੀ ਸਿੱਖੀ ਪੜਾਉਂਦੇ ਇਸ ਦਾ ਅੰਦਾਜਾ ਤੁਸੀਂ ਆਪ ਲਾ ਲੈਣਾ। ਪਰ ਜਦ ‘ਬਾਬਾ ਜੀ’ ਖੁਦ ਭੰਗੜੇ ਪਾਉਂਦੇ ਸਕੂਲ ਕੀ ਕਰੂ। ਕੋਈ ਚਾਰ ਕੁ ਸਾਲ ਪਹਿਲਾਂ ‘ਬਾਬਾ ਜੀ ਦੀ ਸੰਗਤ’ ਬਾਬੇ ਦੁਆਲੇ ਭੰਗੜੇ ਗਿੱਧੇ ਪਾਉਂਦੀ ਰਹੀ। ਜੀਤ ਸਿੰਘ ਦੀ ਬਰਸੀ ਉਪਰ ਇਹ ਸਾਰਾ ਢਾਣਾ ਰਲਕੇ ਜਾਗੋ ਕੱਢਦਾ ਤੇ ਨੱਚਦਾ ਗਾਉਂਦਾ। ਉਥੇ ਬਕਾਇਦਾ ਕਵਾਲੀਆਂ ਦਾ ਅਖਾੜਾ ਲਾਇਆ ਜਾਂਦਾ ਆਖਰ ਲੋਕ ਇਨੀ ਦੂਰੋਂ ਟਿਕਟਾਂ ਲਾ ਕੇ ਗਏ ‘ਇੰਨਟਰਟੇਨਮਿੰਟ’ ਵੀ ਤਾਂ ਚਾਹੀਦੀ! ਨਹੀਂ? ਤੇ ‘ਬਾਬਾ ਜੀ’ ਖੁਦ ਜਦ ਬਾਬਾ ਜੀਤ ਸਿੰਘ ਮਰਿਆ ਇਥੋਂ ਕਨੇਡਾ ਤੋਂ ਜਾ ਕੇ ਨੱਚਣ ਲੱਗ ਪਏ ਕਿ ਮੈਨੂੰ ਬਾਬਾ ਜੀ ਦਾ ਹੁਕਮ ਹੋਇਆ ਕਿ ਇਸ ਅਸਥਾਨ ਦੀ ਸੇਵਾ ਸੰਭਾਲ ਤੁਸੀਂ ਕਰਨੀ ਹੈ। ਬਾਬਾ ਬਲਦੇਵ ਸਿੰਘ ਖੁਦ ਇੱਕ ਅਪਣੀ ‘ਕਥਾ’ ਵਿੱਚ ਗੱਲ ਸੁਣਾਉਦੇ ਹਨ ਕਿ ਕੱਲ ਮੈਨੂੰ ਟਰੰਟੋ ਤੋਂ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਕਿ ਜਦ ਦਾ ਮੈਂ ਬੁਲੰਦਪੁਰੇ ਤੋਂ ਬਾਬਾ ਜੀ ਦੀ ਬਰਸੀ ਤੋਂ ਗਿਆ ਹਾਂ, ਮੇਰੇ ਅੰਦਰ ‘ਅਨਹਦ ਨਾਦ’ ਵੱਜਣ ਲੱਗ ਗਿਆ ਹੈ ਤੇ ਮੇਰਾ ਦਿੱਲ ਕਰਦਾ ਮੈਂ ਨੱਚਾਂ। ਮੈਂ ਹੁਣੇ ਗੁਰਦੁਆਰਿਓਂ ਆਇਆਂ ਹਾਂ ਤੇ ਮੇਰਾ ਦਿੱਲ ਕਰੀ ਜਾਂਦਾ ਕਿ ਮੈਂ ਨੱਚਾਂ। ਪਰ ਸੋਚਦਾ ਹਾਂ ਘਰ ਦੇ ਕੀ ਕਹਿਣਗੇ ਕਿ ਗੁਰੂ ਘਰੋਂ ਆ ਕੇ ਨੱਚਣ ਲੱਗ ਪਿਆ? ਇਹ ਗੱਲ ਸੁਣਾ ਕੇ ਸਾਧ ਹੱਸਦਾ ਹੈ, ਖੂਭ ਹੱਸਦਾ ਤੇ ਮੁੜ ‘ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥’ ਦੀ ਗਲਤ ਵਿਆਖਿਆ ਕਰਕੇ ਨੱਚਣ ਦੀ ਪ੍ਰੋੜਤਾ ਕਰਦਾ ਹੈ।

ਚਲੋ ਫਿਰ ਮਾਇਆ ਵਲ ਮੁੜਦੇ ਹਾਂ। ਮਾਇਆ ਛਲ ਹੈ। ਬਲਦੇਵ ਸਿੰਘ ਜੀ ਥਾਂ ਥਾਂ ਕਹਿੰਦੇ ਮਾਇਆ ਛਲ ਹੈ। ਪਰ ਅਖੰਡ ਪਾਠ ਦੀ ਭੇਟਾ ਇਨ੍ਹਾਂ ਦੇ ਡੇਰੇ ਪਤਾ ਕਿੰਨੀ? 28 ਹਜਾਰ? ਤੇ ਸੰਪਟ ਦੀ? 51 ਹਜਾਰ? ਤੇ ਅਗੋਂ ਹੋਰ ਸੁਣੋ! ਪਾਠੀਆਂ ਨੂੰ ਅੱਗੋਂ ਪਤਾ ਕਿੰਨਾ ਦਿੰਦੇ ਪਾਠ ਦਾ? ਢਾਈ ਹਜਾਰ ਰੁਪਈਆ? ਹਾਲੇ ਮਾਇਆ ਛਲ ਹੈ? ਮੈ ਇਨ੍ਹਾਂ ਦੇ ਇੱਕ ਚੇਲੇ ਨੂੰ ਫੋਨ ਕਰਕੇ ਪੁੱਛਿਆ ਕਿ ਮੈਂ ਪਾਠ ਕਰਾਉਂਣਾ ਬੁਲੰਦਪੁਰ ਤੇ ਮੈਨੂੰ ਕੀ ਕਰਨਾ ਚਾਹੀਦਾ ਮੈਂ ਨਵਾਂ ਬੰਦਾ ਤੇ ਪਹਿਲੀ ਵਾਰ ਕਰਾਉਂਣਾ। ਉਹ ਮੈਨੂੰ ਕਹਿੰਦਾ ਕਿ ਅੱਜ ਜਾਂ ਕੱਲ ਹੀ ਟਿਕਟ ਲੈ ਕੇ ਜਹਾਜੇ ਚੜ ਜਾਹ। ਵੱਡੇ ਬਾਬਾ ਜੀ ਦੀ ਬਰਸੀ ਆਉਂਣ ਵਾਲੀ ਤੂੰ ਜਾ ਕੇ ਬਾਬਾ ਜੀ ਨੂੰ ਬੇਨਤੀ ਕਰੀਂ ਉਹ ਨਵੇਂ ਬੰਦੇ ਨੂੰ ਪਹਿਲ ਦਿੰਦੇ?

ਮੱਤਲਬ ਸਮਝੇਂ ਤੁਸੀਂ? ਨਵੇ ਨੂੰ ਪਹਿਲ? ਤੇ ਮੈਨੂੰ ਉਸ ਤੋਂ ਪਤਾ ਲੱਗਾ ਕਿ ਉਥੇ ਇੱਕੇ ਵਾਰ 26 ਅਖੰਡ-ਪਾਠ ਅਰੰਭ ਕੀਤੇ ਜਾਂਦੇ ਤੇ ਇਕੱਠੇ ਹੀ ਭੋਗ ਪੈਂਦੇ। 28 ਹਜਾਰ ਨੂੰ 26 ਨਾਲ ਮਲਟੀਪਲਾਈ ਕਰੋ ਕਿੰਨਾ ਬਣਿਆ? ਤੇ ਹਾਲੇ ਮਾਇਆ ਛਲ ਹੈ। ਮੈਂ ਉਸੇ ਨੂੰ ਪੁੱਛਿਆ ਕਿ ਜੇ ਮੈਂ ਇਥੇ ਕਰਾਉਣਾ ਹੋਵੇ ਤਾਂ ਉਹ ਕਹਿੰਦਾ ਪੰਜ ਹਜਾਰ ਤੇ ਮੈਂ ਕਿਹਾ ਜੇ ਸੰਪਟ? ਤਾਂ ਕਹਿੰਦਾ ਕਿ ਇਥੇ ਇੱਕ ਕਰਾਉਂਣ ਨਾਲ ਤਾਂ ਉਥੇ ਪੰਜ ਹੋ ਜਾਂਦੇ? ਮੱਤਲਬ ਕੀ ਕਢਿਆ ਕਿ ਇਥੇ ਸੰਪਟ ਪਾਠ ਦਾ 12 ਹਜਾਰ ਡਾਲਰ? ਉਹੀ ਭਾਈ ਕਹਿੰਦਾ ਦਰਅਸਲ ਇਥੇ ਪਾਠੀ ਬੜੀ ਮੁਸ਼ਕਲ ਮਿਲਦੇ ਨਾ ਮਰਿਯਾਦਾ ਵਾਲੇ!! ਤੇ ਜਿਹੜੇ ਉਥੇ ਮਰਿਯਾਦਾ ਵਾਲੇ ਮਿਲਦੇ ਉਨ੍ਹਾਂ ਗਰੀਬਾਂ ਨੂੰ ਦਿੰਦੇ ਢਾਈ ਹਜਾਰ ਅਖੰਡ ਪਾਠ ਦਾ!!

ਪ੍ਰਤਾਪਪੁਰ ਵਾਲੇ ਡੇਰੇ ਇਨ੍ਹਾਂ ਇਕ ਕਮਰਾ ਬਣਾਇਆ, ਜਿਥੇ ਬਾਬਾ ਜੀਤ ਸਿੰਘ ਦੀ ਮੂਰਤੀ ਲਾਈ ਹੋਈ ਤੇ ੳਸ ਮੂਰਤੀ ਉਪਰ ਬਕਾਇਦਾ ਚੰਦੋਏ-ਚਾਨਣੀਆਂ ਲਾਕੇ ਲੋਕਾਂ ਤੋਂ ਮੱਥੇ ਟਿਕਾਉਂਦੇ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਾਂਗ ਚੌਰ ਕਰਵਾਉਦੇ ਹਨ। ਇਹ ਅਪਣੇ ਮਰਿਆਂ ਸਾਧਾਂ ਨੂੰ ਸ੍ਰੀ ਗੁਰੂ ਜੀ ਤੋਂ ਵੀ ਉਪਰ ਸਮਝਦੇ, ਪਰ ਮੂਰਖ ਲੋਕ ਇਨ੍ਹਾਂ ਨੂੰ ਸ੍ਰੀ ਗੁਰੂ ਜੀ ਦੀ ਬਾਣੀ ਦੇ ਮਹਾਨ ਪ੍ਰਚਾਰਕ ਸਮਝੀ ਬੈਠੇ ਹਨ। ਪਹਿਲੇ ਮਰਿਆਂ ਸਾਧਾਂ ਦੇ ਸਰਾਧਾਂ ਤੇ ਲੁਕਾਈ ਨੂੰ ਇਕੱਠਿਆਂ ਕਰਕੇ ਅਪਣੇ ਡੇਰਿਆਂ ਦੀਆਂ ਭੀੜਾਂ ਬਣਾ ਰਹੇ ਅਤੇ ਸਾਂਝੀ ਖਾਲਸਾ ਜਥੇਬੰਦਕ ਏਕਤਾ ਨੂੰ ਖੇਰੂੰ ਖੇਰੂੰ ਕਰ ਰਹੇ ਹਨ!

ਪਰ ਅਗਲਾ ਦੁਖਾਂਤ ਹੈ, ਕਿ ਤਖਤਾਂ ਦੇ ‘ਜਥੇਦਾਰ’ ਜਾ ਜਾ ਕੇ ਇਨ੍ਹਾਂ ਦਾ ਭੰਡ-ਪੁਣਾ ਕਰਕੇ ਲੁਕਾਈ ਨੂੰ ਡੇਰਿਆਂ ਦੀਆਂ ਭੇਡਾਂ ਬਣਾਉਂਣ ਵਿੱਚ ਹੋਰ ਅਹਿਮ ‘ਸੇਵਾ’ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਅਤੇ ਡੇਰਿਆਂ ਦੀ ਅੰਦਰੋਂ ਰਲ ਕੇ ਖਿੱਚੜੀ ਪੱਕਦੀ ਕਿ ਤੁਸੀਂ ਸਾਡੀ ਲੁੱਟ ਵਲ ਉਂਗਲ ਨਹੀਂ ਕਰਨੀ ਤੇ ਅਸੀਂ ਤੁਹਾਡੇ ਧੰਦੇ ਵਿੱਚ ਦਖਲ ਨਹੀਂ ਦਿੰਦੇ। ਡੇਰੇ ਦੱਬੀ-ਘੁੱਟੀ ਅਵਾਜ ਦਰਬਾਰ ਸਾਹਿਬ ਦੀ ਵਡਿਆਈ ਕਰ ਦਿੰਦੇ ਅਤੇ ਵੇਲੇ-ਕੁਵੇਲੇ ਉਥੇ ਹਾਜਰੀ ਭਰ ਆਉਂਦੇ ਅਤੇ ਸ਼੍ਰੋਮਣੀ ਕਮੇਟੀ ਅਪਣੇ ਨੌਕਰਾਂ, ਯਾਨੀ ‘ਜਥੇਦਾਰਾਂ’ ਨੂੰ ਡੇਰਿਆਂ ਵਿੱਚ ਭੰਡਪੁਣਾ ਕਰਨ ਭੇਜ ਦਿੰਦੀ। ਸ਼੍ਰੋਮਣੀ ਕਮੇਟੀ ਸਮਝਦੀ ਕਿ ਡੇਰਿਆਂ ਦੀਆਂ ਬਣ ਚੁੱਕੀਆਂ ਭੀੜਾਂ ਤੋਂ ਸਾਨੂੰ ਕੋਈ ਖਤਰਾ ਨਹੀਂ ਅਤੇ ਡੇਰਾ ਸਮਝਦਾ ਕਿ ਸ਼੍ਰੋਮਣੀ ਕਮੇਟੀ ਜਿੰਨਾ ਚਿਰ ਭੁੱਕੀਆਂ-ਡੋਡੇ ਵੰਡਦੀ ਹੈ ਸਾਡੇ ਡੇਰਿਆਂ ਦੀਆਂ ਭੀੜਾਂ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਡੇਰੇ ਅਤੇ ਕਮੇਟੀ ਦੀ ਇਸ ਲੁੱਟ ਵਿੱਚ ਹਿੰਦੂ, ਸਿੱਖ ਕੌਮ ਦਾ ਕਾਫਲਾ ਤੰਗ ਕਰੀ ਆ ਰਿਹਾ ਹੈ ਅਤੇ ਜੇ ਕੁਝ ਚਿਰ ਹੋਰ ਇਦਾਂ ਹੀ ਰਿਹਾ ਹੈ ਪੂਰੀ ਕੌਮ ਦਾ ਦਮ ਘੁੱਟ ਕੇ ਰਹਿ ਜਾਵੇਗਾ।

ਮੈਨੂੰ ਇੱਕ ਵੱਡਾ ਭੁਲੇਖਾ ਪੈ ਗਿਆ ਕਿ ਡੇਰੇ ਵਾਲੇ ਮੈਨੂੰ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਜੋੜਦੇ ਤੇ ਸਿੱਖੀ ਦੀ ਗੱਲ ਦੱਸਦੇ ਨੇ । ਪਰ ਇਨ੍ਹਾਂ ਨੂੰ ਬਰੀਕੀ ਨਾਲ ਦੋਖੋ ਇਹ ਘੁਮਾ ਕੇ ਬੰਦੇ ਨੂੰ ਸੁੱਟਦੇ ਅਪਣੇ ਹੀ ਪੈਰਾਂ ਵਿੱਚ ਹਨ। ਨਾਨਕਸਰੀਆਂ ਦੇ ਚਲੇ ਜਾਵੋ ਉਥੇ ਉਨ੍ਹਾਂ ਦੇ ਵੱਡੇ ਮਰਿਆਂ ਸਾਧਾਂ ਦੇ ਹੀ ਥਾਂ ਥਾਂ ਗੁਣ ਗਾਇਨ ਕੀਤੇ ਤੁਹਾਨੂੰ ਮਿਲਣਗੇ। ਸ੍ਰੀ ਗੁਰੂ ਜੀ ਦੀ ਹਜੂਰੀ ਵਿੱਚ ਉਨ੍ਹਾਂ ਦੇ ਵੱਡੇ ਵੱਡੇ ਮੂਰਤੇ ਲਾਏ ਹੋਏ ਮਿਲਣਗੇ। ਗੇਟਾਂ ਤੇ ‘ਬਾਬਿਆਂ’ ਦੀ ਮੂਰਤੀਆਂ ਉਪਰ ‘ਹੋ ਰਹੀ ਏ ਤੇਰੀ ਜੈ ਜੈ ਕਾਰ’ ਲਿਖਿਆ ਮਿਲੇਗਾ। ਮੂਰਤੀਆਂ ਉਪਰ ਗੁਰਬਾਣੀ ਦੀਆਂ ਤੁੱਕਾਂ ਮਿਲਣਗੀਆਂ ਜਿਹੜੀਆਂ ਇਨਹੀਂ ਸਾਧਾਂ ਨੂੰ ਸੰਬੋਧਨ ਹੋ ਲਿਖੀਆਂ ਹੋਈਆਂ ਹਨ। ਕਿਤੇ ਉਨ੍ਹਾਂ ਦੀਆਂ ਕੁਰਸੀਆਂ ਪਈਆਂ, ਕਿਤੇ ਜੁੱਤੀਆਂ, ਕਿਤੇ ਉਨ੍ਹਾਂ ਦੇ ਆਸਣ ਲਗੇ ਹੋਏ, ਕਿਤੇ ਕਾਰਾਂ ਸ਼ੀਸਿਆਂ ਵਿੱਚ ਮੜਾ ਕੇ ਖੜੀਆਂ ਕੀਤੀਆਂ, ਇਥੇ ਤੱਕ ਕਿ ਪਿੱਛਾ ਧੋਣ ਵਾਲੇ ਨਲਕੇ ਤੱਕ ਸ਼ਿਗਾਰ ਕੇ ਰੱਖੇ ਹੋਏ ਤੇ ਭੀੜਾਂ ਹਰੇਕ ਥਾਂ ਮੱਥੇ ਟੇਕੀ ਜਾਂਦੀਆਂ। ‘ਸੱਚਖੰਡ’ ਜੁੱਤੀਆਂ ਨਾਲ ਭਰੇ ਪਏ, ਰਾੜੇ ਵਾਲਿਆਂ ਤਾਂ ਸਾਧੀ ਦੀ ਟਾਇਲਟ ਵੀ ਰੱਖੀ ਹੋਈ। ਇਹ ਕਹਿੰਦੇ ‘ਨਾਨਕਸਰ ਭਗਤੀ ਦਾ ਘਰ’, ਪਰ ਕਹਿਣਾ ਤਾਂ ਇਹ ਚਾਹੀਦਾ ਸੀ ਕਿ ‘ਨਾਨਕਸਰ ਮੂਰਤੀਆਂ ਅਤੇ ਜੁੱਤੀਆਂ ਦਾ ਘਰ’? ਇਨ੍ਹਾਂ ਦੇ ਗਰੰਥ ਚੁੱਕ ਲਓ ਉਨ੍ਹਾਂ ਵਿੱਚ ਇਨ੍ਹਾਂ ਨੂੰ ਰੱਬ ਬਣਾ ਕੇ ਪੇਸ਼ ਕੀਤਾ ਜਾਂਦਾ, ਜਿਵੇਂ ਸਾਰੀ ਸ਼੍ਰਿਸਟੀ ਚਲਦੀ ਹੀ ਇਨ੍ਹਾਂ ਦੇ ਸਿਰ 'ਤੇ ਰਹੀ ਹੋਵੇ।

ਸਾਡੀ ਮੁਸ਼ਕਲ ਕੀ ਹੈ ਸਾਨੂੰ ਹਾਲੇ ਤੱਕ ਗੁਰੂ-ਡੰਮ ਦੇ ਅਰਥਾਂ ਦਾ ਹੀ ਪਤਾ ਨਹੀਂ ਲੱਗਾ। ਅਸੀਂ ਗੁਰੂ-ਡੰਮ ਕੇਵਲ ਨਰਕਧਾਰੀਆਂ, ਰਾਧਾ ਸੁਵਾਮੀਆਂ, ਆਸ਼ੂਤੋਸ਼ ਜਾਂ ਭਨਿਆਰੇ ਨੂੰ ਹੀ ਸਮਝੀ ਜਾਂਦੇ ਹਾਂ, ਪਰ ਸਾਡੇ ਘਰ ਵਿੱਚ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਾਂ 'ਤੇ ਜਿਹੜਾ ਗੁਰੂ ਡੰਮ ਚਲ ਰਿਹਾ ਹੈ ਉਹ ਦੂਜਿਆਂ ਤੋਂ ਵੀ ਜਿਆਦਾ ਖਤਰਨਾਕ ਹੈ। ਉਹ ਤਾਂ ਸਾਹਵੇਂ ਦਿੱਸ ਰਹੇ ਹਨ, ਕਿ ਸਾਡੇ ਦੁਸ਼ਮਣ ਹਨ, ਪਰ ਇਹ ਅੰਦਰਲੇ ਦੁਸ਼ਮਣ ਤਾਂ ਸਾਡੇ ਅਪਣੇ ਹੋਣ ਦਾ ਭੁਲੇਖਾ ਪਾ ਕੇ ਸਾਡੀ ਜੜ੍ਹੀਂ ਤੇਲ ਦੇ ਰਹੇ ਹਨ।

ਚਲੋ ਤੁਹਾਡੀ ਬੁਲੰਦਪੁਰੀਆਂ ਦੇ ਗੁਰੂ ਡੰਮ ਵਲ ਇੱਕ ਤਰਦੀ ਜਿਹੀ ਨਿਗਾਹ ਮਰਵਾਉਂਦੇ ਹਾਂ, ਬਾਕੀ ਗੱਲ ਤੁਹਾਨੂੰ ਆਪੇ ਸਮਝ ਆ ਜਾਣੀ। ਤੁਹਾਨੂੰ ਸਾਨੂੰ ਉਪਰੋਂ ਜਿਹੇ ਜਾਪਦਾ ਕਿ ਉਥੇ ਜਾਂਦੇ ਲੋਕਾਂ ਨੂੰ ‘ਸੰਤ’ ਗੁਰੂ ਨਾਲ ਜੋੜਦੇ ਹਨ, ਪਰ ਆਹ ਕੁਝ ਕਵਿਤਾਵਾਂ ਇਨ੍ਹਾਂ ਦੀ ‘ਫੇਸ-ਬੁੱਕ’ ਅਤੇ ‘ਮੇਰਾ ਸਹੁ ਅਤੇ ਰੰਤੜੇ’ ਮੈਗਜੀਨ ਵਿੱਚੋਂ ਮੈਂ ਲਈਆਂ ਹਨ। ਕਈ ਕਵਿਤਾਵਾਂ ਲੰਮੀਆਂ ਹਨ ਪਰ ਪਾਠਕਾਂ ਦੇ ਸਮੇ ਨੂੰ ਮੁੱਖ ਰੱਖ ਕੇ ਇਨ੍ਹਾਂ ਵਿੱਚੋਂ ਕੁਝ ਵੰਨਗੀਆਂ ਪੇਸ਼ ਹਨ।

ਲੱਜਾ ਰੱਖ ਲਈਂ ਬਲੁੰਦਪੁਰ ਵਾਲਿਆ, ਲੋਕ ਮੈਨੂੰ ਤੇਰਾ ਕਹਿੰਦੇ ਨੇ
ਹੋਰ
ਸੋਹਣੇ ਮੁੱਖੜੇ ਦਾ ਲੈਣ ਦੇ ਨਜਾਰਾ ਜੀ ਤੇਰੇ ਵਿੱਚੋਂ ਰੱਬ ਦਿੱਸਦਾ

‘ਮੇਰਾ ਸਹੁ ਤੇ ਰੰਗ ਰਤੜੇ’ ਵਿੱਚ ਬੁਲੰਦਪੁਰੀਏ ਨੂੰ ਸੰਬੋਧਨ ਹੋ ਕੇ ਕੈਲੇਫੋਰਨੀਆਂ ਤੋਂ ਇੱਕ ਬੀਬੀ ਨੇ ਕਵਿਤਾ ਲਿਖੀ ਹੈ ਜਿਹੜੀ ਲੰਮੀ ਹੈ, ਪਰ ਮੈਂ ਦੋ ਕੁ ਲਾਇਨਾਂ ਮਿਸਾਲ ਵਜੋਂ ਦਿੰਦਾ ਹਾਂ।
ਮਾਏ ਨੀ ਮਾਏ ਉਹਦੇ ਬੋਲਾਂ ਦੇ ਸਾਹਾਂ ਵਿੱਚ, ਇਸ਼ਕੇ ਦੀ ਝਲਕ ਪਵੇ। ਬੋਲ ਉਹਦੇ ਪੀਵੀ ਜਾਵਾਂ, ਦਰਸ ਮੈਂ ਉਹਦਾ ਪਾਵਾਂ, ਨੀ ਮਾਏਂ ਮੇਰਾ ਜੀਅ ਨਾ ਭਰੇ।

ਅੱਜ ਸਤਿਗੁਰਾਂ ਨੇ ਟੱਪਾ ਲਾਇਆ’ ਦੇ ਟਾਈਟਲ ਹੇਠ ਇਕ 16 ਦਸੰਬਰ 2012 ਦੀ ਪਰ ਫਰਵਰੀ 2013 ਦੇ ਅੰਕ ਵਿੱਚ ਇਕ ਲੰਮੀ ਕਵਿਤਾ ਹੈ ਉਸ ਵਿੱਚੋਂ ਕੁਝ ਵੰਨਗੀਆਂ ਹਨ, ਜਿਸ ਨੂੰ ਪੜ ਕੇ ਤੁਸੀਂ ਸੋਚ ਸਕਦੇ ਕਿ ਬੁਲੰਦਪਰੀਆਂ ਦਾ ਸਤਿਗੁਰੂ ਕੌਣ ਹੈ ਤੇ ਕਿਵੇਂ ਇਹ ਮਰੇ ਸਾਧੜਿਆਂ ਨੂੰ ਗੁਰੂ ਸਾਹਿਬਾਨਾਂ ਨਾਲ ਤੁਲਨਾ ਕਰਦੇ ਨੇ।

ਮੈਨੂੰ ਲੱਗਿਆ ਮੇਰਾ ਗੁਰੂ ਸੂਰਜ ਬਣ ਆਇਆ। ਸਗਨਾਂ ਭਰਿਆਂ ਦਿਨ ਚੜਿਆ ਅੱਜ ਸਤਿਗੁਰਾਂ ਨੇ ਟੱਪ ਲਾਇਆ। ਵਿੱਚ ਕਿਆਰੀ ਕੇਸਰ ਮੇਰਾ ਸਤਿਗੁਰ ਬੈਠਾ, ਚੰਦ ਦਰਸ਼ਨ ਨੂੰ ਆਇਆ। ਕੇਸਰ ਕਿਆਰੀ ਵਿੱਚ ਚੰਦਨ ਦੀ ਚੌਕੀ, ਨਾਨਕ ਗੁਰੂ ਜੀ ਸੁਹਾਇਆ। ਧੰਨ ਬਾਬਾ ਜੀਤ ਸਿੰਘ ਨੇ ਬੋਰੀ 'ਤੇ ਤਪ ਕਰ ਬੋਰੀ ਨੂੰ ਤਖਤ ਸਜਾਇਆ। 84 ਲੱਖ ਕਲੀਆਂ ਵਾਪਾ ਚੋਲਾ ਪਾ ਕੇ, ਅੱਜ ਧਰਤੀ ਤੇ ਗੁਰੂ ਹਰਿਗੋਬਿੰਦ ਜੀ ਆਇਆ। ਸਭ ਜੀਵਾਂ ਨੂੰ ਤਾਰਨ ਖਾਤਰ, ਬੰਦੀ ਛੋੜ ਬਣ ਆਇਆ।

ਮੈਂ ਪਿੱਛੈ ਵੀ ਲਿਖਿਆ ਸੀ ਗਲ ਨੂੰ ਅਜੀਬ ਜਿਹੀ ਬਣਾ ਕੇ ਕਰੋ ਤਾਂ ਕਿ ਲੋਕਾਂ ਨੂੰ ਮੂਰਖ ਬਣਨ ਵਿੱਚ ਸੌਖ ਰਹੇ। 52 ਕਲੀਆਂ ਵਾਲਾ ਚੋਲਾ ਤਾਂ ਸੁਣਿਆਂ ਸੀ ਇਤਿਹਾਸ ਵਿੱਚ ਇਨ੍ਹਾਂ 84 ਲੱਖ ਕਲੀਆਂ ਵਾਲਾ ਕੱਢ ਮਾਰਿਆ। ਯਾਨੀ ਬਾਬੇ ਜੀਤੇ ਅਗੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੀ ਕੀ ਸਨ। ਇਨ੍ਹਾਂ ਦਾ ‘ਰਿਟਨ’ ਵਿੱਚ ਹੈ, ਜੇ ਕਿਸੇ ਨੂੰ ਭੁਲੇਖਾ ਹੋਵੇ ਤਾਂ ਮੈਗਜੀਨ ਮੇਰੇ ਕੋਲੇ ਪਏ ਨੇ। ਇਨ੍ਹਾਂ ਰਿਟਨ ਯਾਨੀ ਐਲਾਨੀਆ ਲਿਖ ਕੇ ਦਿੱਤਾ ਕਿ ਸਾਡਾ ਬਾਬਾ ਜੀਤਾ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਨ ਬਲਕਿ ਉਨ੍ਹਾਂ ਤੋਂ ਵਧ ਕੇ! ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਚੋਲਾ ਪਾਇਆ ਸੀ ਇਨ੍ਹਾਂ ਦੇ ਬਾਬੇ ਜੀਤੇ ਨੇ 84 ਲੱਖ ਕਲੀਆਂ ਵਾਲਾ?? ਕਰੋ ਸਾਡੀ ਰੀਸ? ਯਾਦ ਰਹੇ ਕਿ ਤੁਹਾਡੇ ਇਹ ਲੂੰਗੀਆਂ ਵਾਲੇ ਤਖਤਾਂ ਦੇ ‘ਜਥੇਦਾਰ’ ਇਥੇ ਵੀ ਜਾਂਦੇ ਹਨ ਮਰੇ ਸਾਧ ਦੇ ਵੈਣ ਪਾਉਂਣ। 2012 ਦਾ ਮੇਰੇ ਕੋਲੇ ਇਸਤਿਹਾਰ ਪਿਆ ਹੈ, ਜਿਸ ਵਿੱਚ ਇਨ੍ਹਾਂ ਸਾਰੀਆਂ ਮਰੀਆਂ-ਸੜੀਆਂ ਲਾਸ਼ਾਂ ਦਾ ਨਾਮ ਹੈ ਜਿਹੜੇ ਜੀਤੇ ਬਾਬੇ ਦੇ ਸਰਾਧਾਂ ਤੇ ਭੰਡਪੁਣਾ ਕਰਨ ਗਏ ਨੇ।

ਤੁਸੀਂ ਸੌਦੇ ਸਾਧ ਦਾ ਸਿਆਪਾ ਕਰਦੇ ਸੀ ਕਿ ਉਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ। ਨਰਕਧਾਰੀਆਂ ਨੂੰ ਆਪਾਂ ਰੋ ਹਟੇ ਕਿ ਉਨ੍ਹਾਂ ‘ਅਵਤਾਰ ਬਾਣੀ’ ਵਿੱਚ ਗੁਰੂ ਸਾਹਿਬਾਨਾਂ ਦੀ ਨਕਲ ਤੇ ਕਵਿਤਾਵਾਂ ਰਚੀਆਂ। ਪਰ ਆਹ ਕੀ ਹੈ। ਬਾਬੇ ਜੀਤੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਤੁਲਨਾ ਕਰਕੇ ਉਸ ਨੂੰ ਬੰਦੀ-ਛੋੜ ਕਹਿਣ ਦੀ ਇਨ੍ਹਾਂ ਸਾਧੜਿਆਂ ਵਿੱਚ ਜੁਅਰਤ ਕਿਵੇਂ ਹੋਈ? ਪਤਾ ਕਿਵੇਂ ਹੋਈ? ਕਿਉਂਕਿ ਸ਼੍ਰੋਮਣੀ ਕਮੇਟੀ ਦੇ ਝਾੜੂ ਬਰਦਾਰ ਡੇਰੇ ਦੀ ਬੁਰਕੀ ਖਾ ਕੇ ਖੁਦ ਉਥੇ ਭੰਡਪੁਣਾ ਕਰ ਕੇ ਆਏ ਕਿ’ ‘ਬਾਬਾ ਜੀਤ ਸਿੰਘ ਜੀ ਤਾਂ ਪਹੁੰਚੇ ਹੋਏ ਬ੍ਰਹਮਗਿਆਨੀ ਸਨ, ਉਹ ਤਾਂ ਧਰਤੀ ਤੇ ਆਏ ਹੀ ਪਰਉਪਕਾਰ ਕਰਨ ਸਨ, ਸੰਤ ਤਾਂ ਆਉਂਦੇ ਹੀ ਦੁਨੀਆਂ ਦਾ ਭਲਾ ਕਰਨ ਹਨ, ਸੰਤਾਂ ਨੇ ਹੀ ਸੰਸਾਰ ਥੰਮਿਆ ਹੈ, ਸੰਤਾਂ ਤੋਂ ਬਿਨਾ ਦੁਨੀਆਂ ਮਰ ਜਾਣੀ ਸੀ, ਸੰਸਾਰ ਡੁੱਬ ਜਾਣਾ ਸੀ, ਤੁਹਾਡੇ ਧੰਨਭਾਗ ਹਨ ਜੀ ਜਿਨਾਂ ਨੂੰ ਅਜਿਹੇ ਮਹਾਂਪੁਰਖਾਂ ਦਾ ਸੰਗ ਮਿਲਿਆ, ਤੁਸੀਂ ਕਰਮਾ ਵਾਲੇ ਹੋ, ਤੁਸੀਂ ਭਾਗਾਂ ਵਾਲੇ ਹੋ, ਤੁਹਾਡੇ ਪਿੱਛਲੇ ਜਨਮਾ ਕਰਮਾਂ ਦੀਆਂ ਪੰਡਾਂ ਖੁਲ੍ਹ ਆਈਆ ਹਨ, ਭਾਗ ਜਾਗ ਪਏ ਹਨ, ਧੰਨ ਹੋ ਤੁਸੀਂ ਸੰਗਤੇ ਧੰਨ ਹੋ ਜਿਨਾਂ ਨੂੰ ਅਜਿਹੇ ਸੰਤਾਂ ਦੀ ਸੰਗਤ ਦਾ ਸੁਭਾਗ ਪ੍ਰਪਾਤ ਹੋਇਆ! ਵਿਆਹਾਂ ਤੇ ਆਏ ਭੰਡ ਕਦੇ ਤੁਸਾਂ ਸੁਣੇ ਹਨ। ਉਹ ਇੰਝ ਹੀ ਅਸਮਾਨ ਤੋਂ ਤਾਰੇ ਤੋੜ ਤੋੜ ਤੁਹਾਡੀਆਂ ਝੋਲੀਆਂ ਭਰੀ ਜਾਂਦੇ ਹਨ ਜਿਵੇਂ ਇਹ!

ਹੋਰ ਅੱਗੇ ਚਲੋ...

ਪੁਰੀਆਂ ਵਿੱਚੋਂ ਇਕ ਪੁਰੀ ਹੈ, ਨਾਮ ਜਿਹਦਾ ਬੁਲੰਦਪੁਰੀ। ਜਿਥੇ ਸਭ ਦਾ ਮਾਲਕ ਵੱਸਦਾ ਹੈ ਕਰਤਾਰ ਪਿਆ।
ਕਰ ਕਮਲਾ ਨਾਲ ਰੱਖੀ ਜਿਸਦੀ ਨੀਂਹ ਬਾਬਾ ਜੀਤ ਸਿੰਘ ਜੀ, ਅੱਜ ਉਹ ਕੁੱਲ ਲੁਕਾਈ ਤਾਂਈ ਵੰਡਦਾ ਪਿਆਰ ਪਿਆ।
ਇਹ ਸਤਿਗੁਰ ਦਾ ਘਰ ਰਤਾ ਗੱਲ ਝੂਠ ਨਹੀਂ, ਅੱਜ ਤੱਕ ਜਿਸਦਾ ਕਿਸੇ ਨਹੀਂ ਪਾਰਾਵਾਰ ਲਿਆ।

ਹੋਰ

ਦੂਰ ਦੂਰ ਤਾਂਈ ਇਹਨੇ ਰਿਸ਼ਮਾ ਖਿਲਾਰੀਆਂ, ਨਾਮ ਦੇ ਵਪਾਰੀ ਆਉਂਦੇ ਮਾਰ ਕੇ ਉਡਾਰੀਆਂ।
ਜਿਹਨੂੰ ਤੱਕਣੇ ਦਾ ਹਰ ਮਨ ਚਾਅ। ਜੀ ਠਾਠ ਤੇਰਾ ਚੰਨ ਵਰਗਾ ਜਿਹਨੂੰ ਦੇਖਣ ਦਾ ਹਰ ਮਨ ਚਾਅ।
ਪਾਰ ਕਰਨੇ ਨੂੰ ਆਇਆ ਏ ਮਲਾਹ ਜੀ ਠਾਠ ਤੇਰਾ…

ਹੋਰ

ਕਿਧਰੇ ਦਿੱਲ ਨਹੀਂ ਲੱਗਦਾ ਹੋਰ, ਚੱਲੀਏ ਠਾਠ ਬੁਲੰਦਪੁਰ ਨੂੰ।
ਛੱਡ ਕੇ ਕੁੱਲ ਦੁਨੀਆਂ ਦਾ ਸ਼ੋਰ, ਚੱਲੀਏ ਠਾਠ ਬੁਲੰਦਪੁਰ ਨੂੰ।
ਹਿੰਮਤ ਦੇ ਇਸ ਦਰ, ਹਰ ਪਲ ਰਹਿਮਤ ਵਰ੍ਹਦੀ ਏ।
ਸੱਜਣ ਬਲੁੰਦਪੁਰੀ ਵਾਲਾ, ਦਰਦਮੰਦਾ ਦਾ ਦਰਦੀ ਏ।
ਉਹਦੇ ਹੱਥ ਰੂਹਾਂ ਦੀ ਡੋਰ, ਕਿਧਰੇ ਦਿਲ ਨਹੀਂ ਲੱਗਦਾ ਹੋਰ


ਗੁਰੂ ਡੰਮ ਦੇ ਅਰਥ ਜਿਸ ਦਿਨ ਸਾਡੇ ਸਮਝ ਆ ਗਏ ਸਾਰੀ ਕਹਾਣੀ ਸਾਡੇ ਸਮਝ ਆ ਜਾਣੀ ਹੈ ਤੇ ਉਸ ਦਿਨ ਤੋਂ ਤੁਸੀਂ ਇਨ੍ਹਾਂ ਸਾਧੜਿਆਂ ਦੀ ਮਕਾਣ ਵੀ ਨਹੀਂ ਜਾਵੋਂਗੇ, ਨਹੀਂ ਤਾਂ ਮੇਰੇ ਵਰਗਾ ‘ਮਹਾਂ ਨਿੰਦਕ’ ਤੁਹਾਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਰਹੇਗਾ! ਨਹੀਂ ?

ਚਲਦਾ - ਬਾਕੀ ਅਗਲੇ ਐਤਵਾਰ...


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top