Share on Facebook

Main News Page

ਪਿੰਡ ਬੁਲੰਦਾ ਉਰਫ ਬੁਲੰਦਪੁਰੀ ਉਰਫ ਬੁਲੰਦਪੁਰੀ ਸਾਹਿਬ ਉਰਫ ਨਵਾਂ ਨਾਨਕਸਰ ਠਾਠ ??? ਕਿਸ਼ਤ 4
-: ਗੁਰਦੇਵ ਸਿੰਘ ਸੱਧੇਵਾਲੀਆ
sgurdev@hotmail.com

>> ਕਿਸ਼ਤ 1, ਕਿਸ਼ਤ 2ਕਿਸ਼ਤ 3, ਕਿਸ਼ਤ 4, ਕਿਸ਼ਤ ਆਖਰੀ

ਬਲੁੰਦੇ ਪਿੰਡ ਦੀ ਲੰਮੀ ਕਹਾਣੀ ਦੀ ਇਹ ਆਖਰੀ ਕਿਸ਼ਤ ਨਹੀਂ ਹੈ। ਤੁਸੀਂ ਜਾਣ ਚੁੱਕੇ ਹੋ ਕਿ ਪਿੰਡ ਬੁਲੰਦਾ ਬੁਲੰਦਪੁਰੀ ਤੇ ਫਿਰ ਬੁਲੰਦਪੁਰੀ ਸਾਹਿਬ ਕਿਵੇਂ ਬਣਿਆ। ਇੱਕ ਸਾਧ ਉਥੇ ਬੈਠਿਆ, ਉਸ ਡੇਰਾ ਖੜਾ ਕੀਤਾ, ਮਰ ਗਿਆ ਤੇ ਚਲੋ ਬਣ ਗਿਆ ‘ਸਾਹਿਬ’? ਤੁਹਾਡੇ ਇਤਿਹਾਸਕ ਅਸਥਾਨਾਂ ਦੀ ਤਰਜ 'ਤੇ ਮਰੇ ਸਾਧ ਦੀ ਮੜੀ ਨੂੰ ਇਹ ‘ਸਾਹਿਬ’ ਬਣਾ ਕੱਢਦੇ ਹਨ। ਸਾਧ ਬਲਦੇਵ ਸਿੰਘ ਦਾ ਪਿੰਡ ‘ਸਾਹਿਬ’ ਬਣ ਗਿਆ ਤੇ ਖੁਦ ਬਲਦੇਵ ਸਿੰਘ? ਮਹਾਰਜ? ਇਸ ਦੇ ਸ਼ਰਧਾ-ਉੱਲੂ ਇਸ ਨੂੰ ਮਹਾਰਾਜ ਹੀ ਕਹਿੰਦੇ ਹਨ ਤੇ ਜਿਸ ਦੇ ਧੋਤੇ ਝੂਠੇ ਹੱਥਾਂ ਦਾ ਪਾਣੀ ਮੂਰਖ ਲੋਕ ਅੰਮ੍ਰਤਿ ਸਮਝ ਕੇ ਪੀਂਦੇ ਤੇ ਜਿਸ ਦੇ ਖਾਧੇ ਝੂਠੇ ਨੂੰ ‘ਸੀਤ-ਪ੍ਰਸ਼ਾਦ’ ਸਮਝ ਕੇ ਛੱਕਦੇ! ਪੁੱਛੋ ਨਹੀਂ ਛੱਕਦੇ?

ਬੁਲੰਦੇ ਪਿੰਡ ਦੀ ਕਹਾਣੀ ਲਿਖਣ ਲੱਗਿਆਂ ਜੋ ਮੈਂ ਪੜਿਆ, ਸੁਣਿਆ ਅਤੇ ਲੋਕਾਂ ਤੋਂ ਪੁੱਛਿਆ ਉਥੇ ਇੱਕ ਗੱਲ ਵਾਰ ਵਾਰ ਤੇ ਹਰੇਕ ਥਾਂ ਮੈਂ ਜਿਹੜੀ ਪਾਈ ਉਹ ਸੀ ਬਾਬੇ ਜੀਤੇ ਦੀ 100 ਜਨਮਾਂ ਵਾਲੀ ਕਹਾਣੀ, ਗੁਰੂ ਸਾਹਿਬ ਦਾ ਹੁਕਮ ਲੈ ਕੇ ਆਉਂਣ ਵਾਲੀ ਕਹਾਣੀ ਤੇ ਬੁਲੰਦੇ ‘ਅਸਥਾਨ’ ਨੂੰ ਪ੍ਰਗਟ ਕਰਨ ਵਾਲੀ ਕਹਾਣੀ। ਚਾਣਕੀਆ ਕਹਿੰਦਾ ਕਿ ਝੂਠ ਨੂੰ ਤੁਸੀਂ ਵਾਰ ਵਾਰ ਬੋਲੋ, ਨਿਧੜਕ ਹੋ ਕੇ ਬੋਲੋ ਤੇ ਬੋਲੀ ਹੀ ਚਲੋ ਲੋਕਾਂ ਆਪੇ ਸੱਚ ਮੰਨ ਲੈਣਾ ਹੈ। ਇਸ ਨਾ ਹਜ਼ਮ ਹੋਣ ਵਾਲੇ ਤਗੜੇ ਝੂਠ ਨੂੰ ਘੱਟੋ-ਘੱਟ ਬੁਲੰਦੇ ਨਾਲ ਜੁੜੇ ਲੋਕਾਂ ਤਾਂ ਇਸ ਕਦਰ ਸੱਚ ਮੰਨ ਲਿਆ ਹੋਇਆ ਕਿ ਉਹ ਇਸ ਝੂਠ ਵਿਚੋਂ ਹੁਣ ਬਾਹਰ ਨਹੀਂ ਨਿਕਲ ਪਾ ਰਹੇ। ਨਹੀਂ ਤਾਂ ਕਿਹੜਾ 100 ਜਨਮ, ਕਿਹੜਾ ਹੁਕਮ ਤੇ ਕਿਹੜਾ ਅਸਥਾਨ? ਮੈਂ ਪਿੱਛੇ ਜ਼ਿਕਰ ਕਰ ਚੁੱਕਾਂ ਕਿ ਗੱਪ ਤੋਂ ਬਿਨਾ ਡੇਰਾ ਬਣਦਾ ਨਹੀਂ ਤੇ ਵੱਡੇ ਡੇਰੇ ਲਈ ਵੱਡੀ ਗੱਪ ਚਾਹੀਦੀ।

ਤੇ ਇਨ੍ਹਾਂ ਗੱਪਾਂ ਨੂੰ ਬੁਲੰਦਪੁਰੀਏ ਅਖਬਾਰਾਂ ਵਿਚ ਵੀ ਨਿਧੜਕ ਹੋ ਕੇ ਮਰਵਾ ਰਹੇ ਹਨ ਤੇ ਲੋਕਾਂ ਦਾ ਪੈਸਾ ਖਰਚ ਕੇ ਮੁੱਲ ਦੇ ਭੰਡਾਂ ਕੋਲੋਂ ਅਪਣਾ ਭੰਡਪੁਣਾ ਕਰਵਾ ਰਹੇ ਹਨ। ਜਗ-ਬਾਣੀ ਵਿਚ 4 ਫਰਵਰੀ 2014 ਦੀ ਇੱਕ ਗੁਰਪਾਲ ਸਿੰਘ ਪਾਲੀ ਵਲੋਂ ਲਾਈ ਖ਼ਬਰ ਵਿਚ ਉਹੀ ਬਾਬੇ ਜੀਤੇ ਦੀ 100 ਜਨਮ ਦੀ ਭਗਤੀ ਦੀ ਗੱਪ, ਬਾਬਾ ਨੰਦ ਸਿੰਘ ਵਲੋਂ ਬਚਨ ਤੇ ਫਿਰ ਗੁਰੂ ਨਾਨਕ ਸਾਹਿਬ ਵਲੋਂ ਹੁਕਮ? ਹੁਕਮ ਕੀ? ਕਿ ਗੁਰੂ ਸਾਹਿਬ ਨੇ ਖੁਦ ਬਾਬਾ ਜੀਤ ਸਿੰਘ ਨੂੰ ਨਕਸ਼ਾ ਦਿੱਤਾ ਬੁਲੰਦਪੁਰੇ ਦੀ ਧਰਤੀ ਉਪਰ ਇਹ ‘ਮਹਾਨ’ ਅਸਥਾਨ ਯਾਨੀ ਡੇਰਾ ਪ੍ਰਗਟ ਕਰਨ ਦਾ। ਉਸ ਖ਼ਬਰ ਮੁਤਾਬਕ ਗੁਰੂ ਸਾਹਿਬ ਨੇ ਬਾਬਾ ਜੀਤ ਸਿੰਘ ਨੂੰ ਸੱਤ ਮੰਜਲਾ ‘ਅਸਥਾਨ’ ਬਣਾਉਂਣ ਦਾ ਹੁਕਮ ਕੀਤਾ ਸੀ, ਪਰ ਬਾਬਾ ਜੀਤਾ ਹਾਲੇ ਦੋ ਮੰਜਲ ਤੱਕ ਹੀ ਪਹੁੰਚਿਆ ਸੀ ਕਿ ਕਹਾਣੀ ਮੁਤਾਬਕ ਗੁਰੂ ਸਾਹਿਬ ਨੇ ਸਤ ਮੰਜਲਾ ਵਾਲਾ ਅਪਣਾ ਹੁਕਮ ਵਾਪਸ ਲੈ ਲਿਆ ਕਿਉਂਕਿ ਬਾਬਾ ਜੀਤਾ ਇਨਾ ਕਮਜੋਰ ਨਿਕਲਿਆ ਕਿ ਉਹ ਦੋ ਮੰਜਲ ਹੀ ਚੜ ਸਕਿਆ ਤੇ ਮਰ ਗਿਆ। ਬਾਕੀ ਪੰਜ ਮੰਜਲਾਂ ਬਲਦੇਵ ਸਿੰਘ ਪੂਰੀਆਂ ਕੀਤੀਆਂ। ਸੋਚੋ! ਜੇ ਦੋ ਮੰਜਲਾਂ ਬਣਾਉਂਣ ਵਾਲੇ ਬਾਬੇ ਜੀਤੇ ਦੀ ਬਰਸੀ ਦੇ ਇਨੇ ਧੂੜ-ਧੜੱਕੇ ਹੋ ਸਕਦੇ ਹਨ, ਤਾਂ ਬਾਬੇ ਬਲਦੇਵ ਸਿੰਘ ਦੀ ਬਰਸੀ 'ਤੇ ਕੀ ਹੋਇਆ ਕਰੇਗਾ?

ਜਗ-ਬਾਣੀ ਵਾਲੇ ਦੀ ਰਿਪੋਟ ਤੋਂ ਹੀ ਪਤਾ ਲੱਗਾ ਕਿ ਬੁਲੰਦਪੁਰੇ ਦੀਆਂ ਬਾਹਰਲੇ ਮੁਲਖਾਂ ਵਿਚ 13 ‘ਫ੍ਰੈਂਚਆਈਜ’ ਹੋਰ ਵੀ ਹਨ। ਤੇ ਇਹ ਵੀ ਕਿ ਬੁਲੰਦਪੁਰੇ ਬਾਬਾ ਬਲਦੇਵ ਸਿੰਘ ਜੀ ਇੱਕ ‘ਅਧਿਆਤਮਕ ਯੂਨੀਵਰਸਿਟੀ’ ਵੀ ਬਣਾ ਰਹੇ ਹਨ। ਵੈਸੇ ਚਲੋ ਯੂਨੀਵਰਸਿਟੀ ਬਣਾਉਂਣੀ ਮਾੜੀ ਗੱਲ ਨਹੀਂ, ਪਰ ‘ਅਧਿਆਤਮਕ ਯੂਨੀਵਰਸਿਟੀ’ ਗੱਲ ਨੂੰ ਸ਼ੱਕੀ ਕਰਦੀ ਹੈ, ਕਿਉਂਕਿ ਸਿੱਖ ਕੌਮ ਨੇ ਪਖੰਡੀ ਤਰਮਾਲੇ ਦੀ ਬ੍ਰਹਮਗਿਆਨੀ ਬਣਾਉਣ ਵਾਲੀ ਯੂਨੀਵਰਸਿਟੀ ਦਾ ਤਜਰਬਾ ਦੇਖ ਲਿਆ ਹੋਇਆ ਹੈ ਅਤੇ ਅਸੀਂ ਸ਼ੁਰੂ ਵਿਚ ਦੱਸ ਆਏ ਹਾਂ, ਜਿਥੇ ਬੁਲੰਦਪੁਰੀਏ ਇੱਕ ਥਾਂ ਕਹਿੰਦੇ ਕਿ ‘ਇਥੇ ਸੰਤ ਹੀ ਸੰਤ ਬਣਨਗੇ’ ਤੋਂ ਸ਼ੱਕ ਜਿਹਾ ਹੋਣ ਲੱਗਦਾ ਕਿ ਅੱਗੇ ਇੱਕ ਯੂਨੀਵਰਸਿਟੀ ਬ੍ਰਹਮਗਿਆਨੀ ਬਣਾਉਂਣ ਵਾਲੀ ਸੀ ਤੇ ਹੁਣ ਇਹ ਨਾ ਹੋਵੇ ਦੂਜੀ ਸੰਤ ਬਣਾਉਂਣ ਵਾਲੀ ਬਣ ਜਾਵੇ। ਜਗਬਾਣੀ ਦੇ ਰਿਪੋਟਰ ਨੇ ਪਤਾ ਨਹੀਂ ‘ਬਾਬਿਆਂ’ ਕੋਲੋਂ ਭੰਡਪੁਣਾ ਕਰਨ ਦਾ ਕਿੰਨਾ ‘ਪ੍ਰਸ਼ਾਦ’ ਲਿਆ ਤੇ ਉਹ ਲਿਖਦਾ ਹੈ, ਕਿ ਇਸ ਅਸਥਾਨ ਦੀਆਂ ਸੱਤ ਮੰਜਲਾਂ ਰੁਹਾਨੀ ਮਾਰਗ ਦੀਆਂ ਸੱਤ ਅਵਸਥਾਵਾਂ ਹਨ। ਕੀ ਹਨ? ਇਹ ਨਹੀਂ ਦੱਸਿਆ!

ਬਾਬਾ ਜੀ ਅਪਣਿਆਂ ਜਪੁਜੀ ਸਾਹਿਬ ਵਿਚ ਬੜੇ ਪਿਆਰੇ ਬਚਨ ਕਹੇ ਕਿ,
ਅਸੰਖ ਮੂਰਖ ਅੰਧ ਘੋਰ

ਯਾਨੀ ਕ੍ਰੋੜਾਂ-ਅਸੰਖਾਂ ਲੋਕ ਜਿਹੜੇ ਅੰਨਿਆਂ ਦੇ ਵੀ ਅੰਨੇ ਯਾਨੀ ਘੋਰ ਅੰਨੇ! ਅੰਨੇ ਕਿਵੇਂ ਲਓ ਇਹ ਵੀ ਸੁਣ ਲਓ! ਗੰਗਾ ਨਾਂ ਦੀ ਨਦੀ ਸਭ ਨੂੰ ਪਤੈ ਕਿ ਪਹਾੜਾਂ ਵਿਚੋਂ ਨਿਕਲਦੀ ਤੇ ਇਕੱਠਾ ਹੋਇਆ ਪਾਣੀ ਹੇਠਾਂ ਮੈਦਾਨਾ ਵਿਚ ਆ ਕੇ ਵੱਗਦਾ ਪਰ ਹਿੰਦੂ ਸਦੀਆਂ ਤੋਂ ਇਹੀ ਮੰਨੀ ਚਲਾ ਗਿਆ ਕਿ ਨਹੀਂ! ਇਹ ਤਾਂ ਸ਼ਿਵ ਜੀ ਦੀਆਂ ਲਿਟਾਂ ਵਿਚੋਂ ਨਿਕਲੀ ਹੈ। ਸਭ ਕੁਝ ਅੱਖੀਂ ਦਿਸਦਾ ਹੋਵੇ ਪਰ ਬੰਦਾ ਮੰਨੇ ਨਾ ਤਾਂ ਉਸ ਨੂੰ ਕੀ ਕਹਿੰਦੇ ਅੰਨਿਆਂ ਦਾ ਵੀ ਅੰਨਾ। ਹੁਣ ਅਪਣੀ ਸੁਣ ਲਓ ਯਾਨੀ ਆਖੇ ਜਾਂਦੇ ਸਿੱਖਾਂ ਦੀ। ਇਸ ਤੋਂ ਤੁਹਾਨੂੰ ਇਹ ਜਾਨਣਾ ਸੌਖਾ ਰਹੇਗਾ ਕਿ ਡੇਰਾ ਸਿੱਖ ਨੂੰ ਕਿਵੇਂ ਅੰਨਿਆਂ ਦਾ ਵੀ ਅੰਨਾ ਬਣਾਉਂਦਾ ਹੈ।

ਪੰਜਾਬ ਤੋਂ ਸੁਖਨੈਬ ਸਿੰਘ ਸਿੱਧੂ ‘ਰੇਡੀਓ ਚੰਨ ਪ੍ਰਦੇਸੀ’ ਪ੍ਰੋਗਰਾਮ ਚਲਾਉਂਦਾ ਹੈ ਉਸ ਪਿਛਲੇ ਦਿਨੀ ਮੈਨੂੰ ਵੀ ਨਾਲ ਲੈ ਲਿਆ ਅਤੇ ਬੁਲੰਦਪੁਰੀਆਂ ਤੇ ‘ਟਾਕ ਸ਼ੋਅ’ ਕੀਤਾ। ਉਸ ਏਅਰ ਉਪਰ ਇੱਕ ਕਹਾਣੀ ਸੁਣਾਈ ਕਿ ਉਸ ਦੇ ਸਰੀ ਕਨੇਡਾ ਰਹਿੰਦੇ ਰਿਸ਼ਤੇਦਾਰ ਬੁਲੰਦਪੁਰੀਏ ਦੇ ਚੇਲੇ ਨੇ। ਉਹ ਵੀ ਉਨ੍ਹਾਂ ਨਾਲ ਕਈ ਵਾਰੀ ਬੁਲੰਦੇ ਜਾ ਚੁੱਕਾ ਹੋਇਆ। ਇੱਕ ਵਾਰ ਦੀ ਗੱਲ ਹੈ ਕਿ ਉਹ, ਉਸ ਦੇ ਰਿਸ਼ਤੇਦਾਰ ਤੇ ਕਈ ਹੋਰ ਲੋਕ ਡੇਰੇਦਾਰ ਬਲਦੇਵ ਸਿੰਘ ਦੇ ਮਗਰ ਮਗਰ ਬਾਹਰ ਸੈਰ ਲਈ ਜਾ ਰਹੇ ਸਨ। ਰਸਤੇ ਵਿਚ ਇੱਕ ਗੱਡੀ ਉਨ੍ਹਾਂ ਕੋਲੇ ਆ ਕੇ ਰੁੱਕੀ ਤੇ ਉਨਹੀਂ ਕਿਸੇ ਅਗਲੇ ਪਿੰਡ ਦਾ ਰਸਤਾ ਪੁੱਛਿਆ। ਬਲਦੇਵ ਸਿੰਘ ਹੀ ਸਭ ਤੋਂ ਅੱਗੇ ਸੀ, ਸੋ ਪੁੱਛਣ ਵਾਲੇ ਉਸ ਨੂੰ ਹੀ ਮੁਖਾਤਬ ਹੋਏ। ਹੁਣ ਉਨ੍ਹਾਂ ਕੀ ਪਤਾ ਸੀ ਕਿ ਇਹ ਸਾਧ ਤਾਂ ‘ਦਰਗਾਹ’ ਦੇ ਰਸਤੇ ਦੱਸਦਾ ਫਿਰਦਾ, ਅਸੀਂ ਇਸ ਨੂੰ ਪਿੰਡਾਂ ਦੇ ਪੁੱਛੀ ਜਾਂਨੇ। ਬਲਦੇਵ ਸਿੰਘ ਨੂੰ ਵੀ ਜਾਪਿਆ ਕਿ ਇਨ੍ਹਾਂ ਨੂੰ ਪਤਾ ਕਿਉਂ ਨਹੀਂ ਕਿ ਮੈਂ ਕੌਣ ਹਾਂ, ਪਰ ਉਸ ਰਸਤਾ ਦੱਸ ਦਿੱਤਾ। ਪਰ ਬਾਅਦ ਸੁਖਨੈਬ ਦਾ ਰਿਸ਼ਤੇਦਾਰ ਉਸ ਨੂੰ ਕਹਿੰਦਾ ਤੈਨੂੰ ਪਤੈ ਬਾਬਾ ਜੀ ਨੇ ਉਸ ਨੂੰ ਕੀ ਦੱਸਿਆ ਸੀ? ਉਹ ਕਹਿੰਦਾ ਅਗਲੇ ਪਿੰਡ ਦਾ ਰਸਤਾ ਦੱਸਿਆ ਹੋਰ ਉਸ ਕੀ ਦੱਸਿਆ ਸਭ ਨੇ ਤਾਂ ਸੁਣਿਆ। ਪਰ ਉਹ ਅੱਗੋਂ ਹੈਰਾਨ ਕਰ ਦੇਣ ਵਾਂਗ ਕਹਿੰਦਾ ਨਹੀਂ! ਬਾਬਾ ਜੀ ਨੇ ਪਿੰਡ ਦਾ ਨਹੀਂ ਉਸ ਨੂੰ ਦਰਗਾਹ ਦਾ ਰਸਤਾ ਦੱਸਿਆ ਦਰਗਾਹ ਦਾ??

ਉਸ ਅਗਲੀ ਕਹਾਣੀ ਸੁਣਾਈ! ਇੱਕ ਪੰਜਾਬ ਦੀ ਰਹਿਣ ਵਾਲੀ ਲੋਕਲ ਮਾਈ ਨੇ ਬਲਦੇਵ ਸਿੰਘ ਨੂੰ 100 ਰੁਪਈਆ ਮੱਥਾ ਟੇਕਿਆ। ਗਰੀਬੜੀ ਜਿਹੀ ਮਾਈ ਸੀ। 100 ਰੁਪਈਆ ਵੀ ਪਤਾ ਨਹੀਂ ਕਿਥੋਂ ਤੇ ਕਿੰਨੀ ਔਖੀ ਹੋ ਕੇ ਲਿਆਈ ਹੋਵੇਗੀ। ਬਾਬੇ ਕੋਲੇ ਕਾਫੀ ਸਾਰੇ ਬੁਲੰਦਪੁਰ ਨਾਲ ਸਬੰਧਤ ਕਲੰਡਰ ਪਏ ਸਨ, ਜਿਹੜੇ ਬਾਬਾ ‘ਮੋਟੀਆਂ ਮੱਛੀਆਂ’ ਨੂੰ ਵੰਡ ਰਿਹਾ ਸੀ। ਉਸ ਗਰੀਬੜੀ ਮਾਈ ਨੇ ਵੀ ਤਰਲਾ ਕੀਤਾ ਕਿ ਬਾਬਾ ਜੀ ਇੱਕ ਕਲੰਡਰ ਮੈਨੂੰ ਵੀ ਦੇ ਦਿਉ ਗਰੀਬੜੀ ਨੂੰ। ਤਾਂ ਮਾਇਆ ਨੂੰ ਛੱਲ ਦੱਸਣ ਵਾਲਾ ਅਤੇ ਦਰਗਾਹਾਂ ਦੇ ਰਸਤੇ ਦੱਸਣ ਵਾਲਾ ਸਾਧ ਪਤਾ ਕੀ ਕਹਿੰਦਾ?

‘ਮਾਈ ਇਹ ਕਲੰਡਰ 100 ਰੁਪਏ ਵਿੱਚ ਨਹੀਂ ਮਿਲਦੇ’!!

ਇਸ ਸਾਧ ਦੇ ਡੇਰੇ ਇੱਕ ਖਾਸ ਕਿਸਮ ਦੀਆਂ ਜੈਕਟਾਂ ਹਨ ਜਿੰਨਾ ਉਪਰ, ‘ਨਵਾਂ ਨਾਨਕਸਰ ਠਾਠ ਬੁਲੰਦਪੁਰੀ’ ਲਿਖਿਆ ਹੁੰਦਾ, ਉਹ ਪਤਾ ਕਿੰਨੇ ਦੀ ਵੇਚਦਾ? 70 ਤੋਂ ਲੈ ਕੇ 100 ਡਾਲਰ ਤੱਕ! ਹਾਲੇ ਮਾਇਆ ਛੱਲ ਹੈ! ਮੈਂ ਪਾਠਕਾਂ ਨੂੰ ਪਿੱਛੇ ਦੱਸਿਆ ਸੀ ਬਲਦੇਵ ਸਿੰਘ ਨੇ ਅਪਣੇ ਪਹਿਲੇ ‘ਗੁਰੂ’ ਯਾਨੀ ਸੰਤੋਖ ਸਿੰਘ ਧਰਮ ਕੋਲੋਂ ਬਹੁਤ ਕੁਝ ਸਿੱਖਿਆ ਹੈ, ਉਹ ਵੀ ਕੈਂਪ ਵਿਚ ਆਏ ਬੱਚਿਆਂ ਦੀਆਂ ਫੋਟੋਜ਼ ਖਿੱਚ ਕੇ ਉਨ੍ਹਾਂ ਦੇ ਹੀ ਮਾਂ-ਪੇ ਨੂੰ ਪੰਜ-ਪੰਜ ਡਾਲਰ ਦੀ ਵੇਚੀ ਜਾਂਦਾ ਸੀ!!

ਹਾਲੇ ਚੇਲੇ ਕਹਿੰਦੇ ਬਾਬਾ ਜੀ ਨੇ ਸਭ ਛੱਡ ਦਿੱਤਾ ਹੈ। ਘਰ-ਬਾਰ, ਪੈਸਾ-ਧੇਲਾ, ਜੌਬ, ਬੱਚੇ-ਘਰਵਾਲੀ, ਕਨੇਡਾ ਸਭ ਛੱਡ ਦਿੱਤਾ! ਨਾਲ ਹੇਕ ਲਾਉਂਦੇ ਹਨ! ਛੱਡਣਾ ਭਾਈ ਸੌਖਾ ਨਹੀਂ ਤੁਸੀਂ ਛੱਡ ਕੇ ਵਿਖਾਓ! ਪਰ ਆਹ ਤੁਹਾਡੇ ਸਾਹਮਣੇ ਹੈ, ਛੱਡਿਆ ਨਹੀਂ ਬਾਬਾ ਜੀ ਨੇ? ਪਰ ਇਨ੍ਹਾਂ ਨੂੰ ਹੁਣ ਕੌਣ ਸਮਝਾਏ! ਪੈਸਾ ਛੱਡਿਆ ਕਿਥੇ? ਘਰ-ਬਾਰ ਛੱਡਿਆ ਕਿਥੇ? ਬੱਚੇ-ਘਰਵਾਲੀ ਨਾਲੋਂ ਮੋਹ ਤੋੜਿਆ ਕਿੰਨ? ਚਾਰ ਬੈੱਡ-ਰੂਮ ਦਾ ਛੋਟਾ ਘਰ ਛੱਡਿਆ, ਵੱਡਾ ਅਸਮਾਨ ਛੋਹਦਾ ਸੱਤ ਮੰਜਲਾ ਡੇਰਾ ਖੜਾ ਕਰ ਲਿਆ, ਕਿਵੇਂ ਛਡਿਆ ਹੋਇਆ ਘਰ? ਬੱਚੇ ਛੱਡੇ, ਚੇਲਿਆਂ ਦੀਆਂ ਭੀੜਾਂ ਇਕੱਠੀਆਂ ਕਰ ਲਈਆਂ! ਇਹ ਕਿਹਾ ਛੱਡਿਆ ਹੋਇਆ? ਘਰਵਾਲੀ ਛੱਡੀ? ਉਹ ਤਾਂ ਪਹਿਲਾਂ ਹੀ ਅੱਡ ਸੀ, ਆਪ ਹੇਠਾਂ ਬੇਸਮਿੰਟ ਉਹ ਉਪਰ! ਉਹ ਤਾਂ ਚੰਗਾ ਹੋਇਆ ਛੁੱਟ ਗਈ ਕਿੰਨੀਆਂ ਅਸ਼ੀਰਵਾਦਾਂ ਲੈਣ ਵਾਲੀਆਂ ਦੁਆਲੇ ਹੋ ਗਈਆਂ ਜਿੰਨਾ ਨੂੰ ਇਹ ਸਾਧ ਵੈਨਕੋਵਰ ਅੰਦਰ ਵਾੜ ਕੇ ਕੱਲੀ ਕੱਲੀ ਨੂੰ ‘ਨਾਮ ਸਿਮਰਨ’ ਕਰਾਉਂਦਾ ਹੈ! ਇਹ ਗੱਲ ਇਸ ਦੇ ਖਾਸ ਛੱਡ ਚੁੱਕੇ ਚੇਲੇ ਨੇ ਦੱਸੀ ਹੈ। ਤੇ ਤਿੰਨ-ਤਿੰਨ ਛੇ-ਛੇ ਮਹੀਨੇ ਔਰਤਾਂ ਜਾਕੇ ਡੇਰੇ ਰਹਿੰਦੀਆਂ ਏਸ ਦੇ, ਬੱਚੇ ਤੇ ਖਸਮ ਆਵਦੇ ਛੱਡਕੇ। ਇੱਕ ਔਰਤ ਗਿੱਬ ਗਿੱਬ ਕੇ ਦੱਸ ਰਹੀ ਸੀ ਕਿ ਜੀ ਬਾਬਾ ਜੀ ਤਾਂ ਮੇਰੇ ਹੱਥ ਤੋਂ ਬਿਨਾ ਖਾਂਦੇ ਹੀ ਨਹੀਂ ਕਿਸੇ ਕੋਲੋਂ! ਇਹ ਛੱਡਿਆ ਹੋਇਆ? ਛੱਡਿਆ ਸਾਧ ਨੇ ਕੁਝ ਵੀ ਨਹੀਂ।

ਇਹੀ ਭੁਲੇਖਾ ਲੁਕਾਈ ਨੂੰ ਮਾਰੀ ਜਾਂਦਾ ਹੈ, ਖਾਈ ਜਾਂਦਾ ਹੈ ਤੇ ਕੌਮ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ। ਸਾਰੇ ਡੇਰੇ ਕਹਿੰਦੇ ਛੱਡਿਆ, ਸਭ ਕੁਝ ਛੱਡਿਆ, ਤਿਆਗ ਦਿੱਤਾ ਬਾਬਾ ਜੀ ਨੇ! ਪਰ ਹੱਦ ਹੋ ਗਈ ਲੁਕਾਈ ਦੀ ਵੀ! ਉਹ ਫੜਨ ਨੂੰ ਹੀ ਛੱਡਿਆਂ ਮੰਨੀ ਜਾਂਦੀ? ਕਮਲਿਓ ਦੇਖੋ! ਅੱਖਾਂ ਖੋਲ ਕੇ ਦੇਖੋ? ਤੁਹਾਡੇ ਸਾਹਵੇਂ ਸੰਗਮਰਮਰ ਲੱਗ ਰਿਹਾ, ਤੁਹਾਡੇ ਸਾਹਵੇਂ ਸੋਨਾ ਲੱਗ ਰਿਹਾ, ਤੁਹਾਡੇ ਸਾਹਵੇਂ ਬਾਬਾ ਤੁਹਾਡਾ ਦਿਨ ਰਾਤ ਇੱਕ ਕਰੀ ਫਿਰਦਾ ਡੇਰੇ ਦੇ ਵਾਧੇ ਲਈ। ਚੀਨ ਤੱਕ ਤੋਂ ਤਾਂ ਆਡਰ ਕੀਤੇ ਹੋਏ ਸਮ੍ਹਾਨ ਦੇ ਡੇਰੇ ਉਪਰ ਥੋਪਣ ਲਈ ਤੇ ਤੂੰ ਕਹਿੰਨਾ ਛੱਡਤਾ ਸਭ? ਉਹ ਤਾਂ ਪਾਗਲ ਹੋ ਚੁੱਕਾ ਫੜਨ ਲਈ ਤੇ ਤੂੰ ਕਹੀ ਜਾਨਾ ਛੱਡ ਤਾ? ਉਸ ਦੀ ਉਪਰੋਂ ਦਿੱਸਦੀ ਸ਼ਾਂਤੀ ਹੇਠ ਰੌਲਾ ਦੇਖ ਕਿੰਨਾ। ਰੇਤਾ ਦਾ ਰੌਲਾ, ਬੱਜਰੀ ਦਾ, ਸੀਮਿੰਟ ਦਾ, ਸੰਗਮਰਮਰ ਦਾ, ਸੋਨੇ ਦਾ, ਪੱਥਰਾਂ ਦਾ, ਇੱਟਾਂ ਦਾ, ਸਰੀਏ ਦਾ, ਲੋਹੇ ਦਾ, ਸ਼ੀਸਿਆਂ ਦਾ ਤੇ ਪਤਾ ਨਹੀਂ ਕਿਹੜੀ ਕਿਹੜੀ ਚੀਜ ਦਾ ਜਿਹੜੀ ਡੇਰੇ ਉਪਰ ਲੱਗਣੀ ਹੈ! ਤੇ ਤੂੰ ਕਹੀ ਜਾਨਾ ਬਾਬਾ ਜੀ ਨੇ ਛੱਡਤਾ? ਬਾਬਾ ਜੀ ਦਾ ਕੋਈ ਰੌਲਾ ਨਹੀਂ? ਬਾਬਾ ਜੀ ਤਾਂ ਖੁਦ ਹੀ ਰੌਲਾ ਹੋ ਗਿਆ ਹੈ ਤੂੰ ਕਹੀ ਜਾਨਾ ਰੌਲਾ ਕੋਈ ਨਹੀਂ?

ਯਾਦ ਰਹੇ ਕਿ ਬਲੁੰਦੇ ਦੇ ਡੇਰੇ ਵਿਚ ਲੋਕਲ ਲੋਕਾਂ ਨੂੰ ‘ਪੱਛੜੀਆਂ ਜਾਤੀਆਂ’ ਸਮਝਿਆ ਜਾਂਦਾ ਤੇ ਉਨ੍ਹਾਂ ਲਈ ਲੰਗਰ, ਚਾਹ, ਪਾਣੀ ਸਭ ਅੱਡ! ਬਾਹਰਲੇ ਲੋਕਾਂ ਦੇ ‘ਕੰਪਲੈਕਸ’ ਵਿਚ ਕਿਸੇ ਨੂੰ ਵੜਨ ਨਹੀਂ ਦਿੱਤਾ ਜਾਂਦਾ ਬਕਾਇਦਾ ਚੌਂਕੀ ਹੈ ਤੇ ਮੂਹਰੇ ਗਾਰਡ ਖੜਾ ਹੁੰਦਾ ਹੈ। ਪਰ ਪੌਡਾਂ-ਡਾਲਰਾਂ ਵਾਲ਼ਿਆਂ ਦੀ ਉਥੇ ਵੱਡੀ ਕਮਾਈ ਹੈ, ਪਿੱਛਲੇ ਜਨਮਾ ਦੀ ਕਮਾਈ, ਕਈ ਕਈ ਜਨਮਾ ਦੀ ਕਮਾਈ, ਕਮਾਈ ਹੀ ਕਮਾਈ! ਗੱਡਿਆਂ ਦੇ ਗੱਡੇ ਲੱਦੇ ਪਏ ਕਮਾਈ ਦੇ! ਉਸੇ ਕਮਾਈ ਸਦਕਾ ਉਹ ਬਲਦੇਵ ਸਿੰਘ ਦੇ ਖਾਸ ਚਹੇਤੇ ਹਨ ਪਰ ਇਸ ਕਮਾਈ ਬਾਰੇ ਕੇਵਲ ਤੇ ਕੇਵਲ ਬਾਬਾ ਬਲਦੇਵ ਸਿੰਘ ਹੀ ਜਾਣਦਾ ਹੈ ਹੋਰ ਕਿਸੇ ਨੂੰ ਇਸ ‘ਗੁੱਝੇ ਭੇਦ’ ਬਾਰੇ ਇਲਮ ਨਹੀਂ ਹੈ। ਬਾਬਾ ਜੀ ਹੀ ਹਨ ਜਿਹੜੇ ਸਿੱਧੇ ਧੁਰ ਦਰਗਾਹ ਜਾ ਕੇ ਲੋਕਾਂ ਦੀ ਕਮਾਈ ਦੀਆਂ ਫਾਇਲਾਂ ਦੇਖ ਕੇ ਆਉਂਦੇ ਹਨ ਤੇ ਮੁੜ ਉਸ ਕਮਾਈ ਦੇ ਹਿਸਾਬ ਉਨ੍ਹਾਂ ਨੂੰ ਪੀਜੇ, ਬਰਗਰ, ਕੋਕ ਲਿਮਕੇ ਤੇ ਸੀਰੀਅਲ ਤੱਕ ਪ੍ਰਦਾਨ ਕਰਦੇ ਹਨ। ਦਰਗਾਹ ਵਿਚ ਕੋਈ ਅਜਿਹੀ ਕਮਾਈ ਵਾਲੀ ਫਾਇਲ ਨਹੀਂ ਲੱਭੀ ‘ਬਾਬਾ ਜੀ’ ਨੂੰ ਜਿਹੜੀ ਪੰਜਾਬ ਨਾਲ ਸਬੰਧਤ ਜਾਂ ਕਿਸੇ ਗਰੀਬ ਦੀ ਹੋਵੇ! ਯਾਨੀ ਸਭ ਕਮਾਈ ਵਾਲੇ, ਸਾਰੇ ਵੱਡਿਆਂ ਭਾਗਾਂ ਵਾਲੇ, ਸਭ ਬੰਦਗੀ ਤੱਪਾਂ ਵਾਲੇ, ਸਭ ਨਾਮ ਜਪਣ ਵਾਲੇ ਬਾਹਰ ਕਨੇਡਾ, ਅਮਰੀਕਾ, ਇੰਗਲੈਂਡ ਆਦਿ ਚਲੇ ਗਏ ਹਨ ਤੇ ਬਾਬਾ ਬਲਦੇਵ ਸਿੰਘ ਜੀ ਨੇ ਸਭ ਪਹੁੰਚੀਆਂ ਹੋਈਆਂ ਰੂਹਾਂ ਬੁਲੰਦਪੁਰੇ ਦੀ ‘ਦਰਗਾਹ’ ਵਿਚ ਇਕੱਠੀਆਂ ਕਰ ਲਈਆਂ ਹਨ! ਸਭ ਇਕੇ ਵਾੜੇ ਵਿਚ! ਉਹ ਭਾਗਾਂ ਵਾਲੇ ‘ਮਰਜੀਵੜੇ’ ਹੁਣ ਇਕੱਠੇ ਹੋ ਕੇ ਪ੍ਰਤਾਪਪੁਰੇ ਦੀਆਂ ਗਲੀਆਂ ਵਿਚ ਧੁਮੱਚੜ ਪਾਉਣਗੇ ਕਿ ‘ਇਥੇ ਸਾਡਾ ਪ੍ਰੀਤਮ ਖੇਡਿਆ’? ਪਰ ਹਾਂਅ ਸੱਚ! ਉਨ੍ਹਾਂ ‘ਭਾਗਾਂ ਵਾਲੀਆਂ’ ਫਾਇਲਾਂ ਵਿਚ ਬਾਦਲ ਵਰਗੀਆਂ ਲਹੂ ਪੀਣੀਆਂ ਜੋਕਾਂ ਦੀਆਂ ਫਾਈਲਾਂ ਜਰੂਰ ਹਨ ਜਿੰਨਾ ਨੂੰ ਸੱਦ ਕੇ ਇਹ ਸਾਧ ਸਿਰੋਪੇ ਦਿੰਦਾ ਅਤੇ ਜਿੰਨਾ ਰਾਹੀਂ ਗਰੀਬ ਕਿਸਾਨਾ ਦੀਆਂ ਜਮੀਨਾਂ ਹੜੱਪ ਕੇ ਉਨ੍ਹਾਂ ਮੂੰਹੋਂ ਰੋਟੀ ਖੋਹਣ ਦੀ ‘ਪਲੈਨਿੰਗ’ ਕੀਤੀ ਜਾਂਦੀ ਹੈ! ਯਾਦ ਰਹੇ ਬਾਦਲ ਸਿੱਖਾਂ ਦਾ ਕਾਤਲ ਹੈ ਜਿਸ ਬਾਰੇ ਸਪੱਸ਼ਟ ਹੋ ਚੁੱਕਾ ਉਸ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾਂ ਨੂੰ ਚਿੱਠੀਆਂ ਲਿੱਖੀਆਂ ਤੇ ਪੰਜਾਬ ਦੀ ਜਵਾਨੀ ਨੂੰ ਕੋਹਣ ਵਾਲੇ ਸਮੇਧ ਸੈਣੀ ਵਰਗੇ ਕਾਤਲਾਂ ਨੂੰ ਮੁੜ ਵਾਪਸ ਲੈ ਕੇ ਆਂਦਾ ਆਲਮ ਇਜ਼ਹਾਰ ਵਰਗੇ ਖੂਨੀ ਦਰਦਿੰਆਂ ਨੂੰ ਸੀਟਾਂ ਦਿੱਤੀਆਂ। ਦਰਗਾਹਾਂ ਬਾਰੇ ਜਾਣਕਾਰੀ ਰੱਖਣ ਵਾਲੇ ਇਸ ਸਾਧੜੇ ਨੂੰ ਕੀ ਬਾਦਲ ਨੂੰ ਸੱਦ ਕੇ ਸਿਰੋਪਾ ਦੇਣ ਲਗੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਸ ਬੰਦੇ ਦੇ ਹੱਥ ਪੰਜਾਬ ਦੀ ਜਵਾਨੀ ਦੇ ਲਹੂ ਨਾਲ ਰੰਗੇ ਹੋਏ ਨੇ?

ਇਹ ਗੱਲਾਂ ਕਰਦੇ ਗੁਰੂ ਨਾਨਕ ਸਾਹਿਬ ਜੀ ਦੇ ਦਰਗਾਹੋਂ ਹੁਕਮ ਲਿਆਉਂਣ ਦੀਆਂ ਪਰ ਗੁਰੂ ਸਾਹਿਬ ਤਾਂ ਮਲਕ ਭਾਗੋ ਵਰਗਿਆਂ ਨੂੰ ਜੁੱਤੀ ਦੀ ਨੋਕ ਤੇ ਨਹੀਂ ਸਨ ਰੱਖਦੇ ਪਰ ਇਨ੍ਹਾਂ ਦੇ ਯਾਰ ਹੀ ਮਲਕ ਭਾਗੋ ਹਨ। ਕੇ.ਐਸ. ਮੱਖਣ ਵਰਗੇ ਜਿੰਨਾ ਉਪਰ ਡਰੱਗ ਦੇ ਕੇਸ ਚਲ ਰਹੇ ਹਨ ਤੇ ਸਰੀ ਪੁਲਿਸ ਤੱਕ ਨੂੰ ਉਹ ‘ਵਾਂਟਿਡ’ ਹੈ। ਇਨ੍ਹਾਂ ਦਾ ਪੱਕਾ ਚੇਲਾ ਨਹੀਂ? ਕੀ ਸਾਧ ਨੇ ਉਸ ਨੂੰ ਕਿਹਾ ਪਹਿਲਾਂ ਅਪਣੀ ਕੀਤੇ ਦੀ ਸਜਾ ਭੁਗਤ ਫਿਰ ਮੇਰੇ ਡੇਰੇ ਵੜੀਂ? ਰੌਲਾ ਪੈ ਗਿਆ ਕੇ.ਐਸ ਮੱਖਣ ਨੇ ਅੰਮ੍ਰਿਤ ਛੱਕ ਲਿਆ, ਪਰ ਕੀ ਉਸ ਲੋਕਾਂ ਨੂੰ ਜ਼ਹਿਰ ਵੰਡ ਕੇ ਮਾਰਨ ਦੇ ਗੁਨਾਹਾਂ ਤੋਂ ਤੌਬਾ ਕਰ ਲਈ? ਗੱਲ ਨੂੰ ਸਮਝੋ! ਬਾਦਲਾਂ ਕਾਂਗਰਸੀਆਂ ਦੀਆਂ ਵੋਟਾਂ ਭੰਨਣ ਲਈ, ਹੁਣ ਮੱਖਣ ਨੂੰ ਅਨੰਦਪੁਰ ਸਾਹਿਬ ਤੋਂ ਬਸਪਾ ਵਲੋਂ ਖੜਾ ਕਰ ਦਿੱਤਾ ਹੈ! ਮੱਖਣ ਦੀਆਂ ਬਾਕੀ ਸਾਰੀਆਂ ਫਾਇਲਾਂ ਹੁਣ ਬੰਦ ਹੋਣਗੀਆਂ! ਬਾਦਲਕੇ ਬੁਲੰਦੇ ਸਾਧ ਦੇ ਯਾਰ ਤੇ ਮੱਖਣ ਬਲੁੰਦੇ ਸਾਧ ਦਾ ਚੇਲਾ! ਗੱਲ ਗਈ ਕਿਧਰ? ਅੰਮ੍ਰਿਤ ਉਸ ਨੇ ਚਾਅ ਨੂੰ ਨਹੀਂ ਛੱਕਿਆ! ਕਿ ਛੱਕਿਆ?

ਚਲੋ ਛੱਡੋ ! ‘ਮਹਾਂਪੁਰਖਾਂ’ ਦੀਆਂ ‘ਮਹਾਂਪੁਰਖ’ ਹੀ ਜਾਨਣ! ਆਪਾਂ ਮੁੜ ਬੁਲੰਦਪੁਰੇ ਚਲਦੇ ਹਾਂ, ਜਿਥੇ ਇਨ੍ਹਾਂ ਦਿਨਾ ਵਿਚ ਬਾਬੇ ਜੀਤੇ ਦੀ 100 ਜਨਮਾਂ ਦੀ ਭਗਤੀ ਦੇ ਨਾਂ 'ਤੇ ਬਾਬਾ ਬਲਦੇਵ ਸਿੰਘ ਜੀ ਬੁਲੰਦੇ ਪਿੰਡ ਰੌਣਕਾਂ ਲਾਈ ਬੈਠੇ ਹਨ ਤੇ ਬਾਹਰੋਂ ਜਹਾਜਾਂ ਦੇ ਜਹਾਜ ਬੁਲੰਦੇ ਪਿੰਡ ਦੀ ਏਅਰ-ਪੋਰਟ ਤੇ ਲੱਥ ਚੁੱਕੇ ਹੋਏ ਨੇ। ਜਿਥੇ ‘ਭਗਤੀ’ ਦੀਆਂ ਛਹਿਬਰਾਂ ਲੱਗ ਚੁੱਕੀਆਂ ਹਨ, ਗਿਆਰਾਂ ਤਖਤ ਸੱਜ ਚੁੱਕੇ ਹਨ। ਪ੍ਰਤਾਪਪੁਰੇ ਦੀਆਂ ਗਲੀਆਂ ਵਿਚ ਬਾਬੇ ਜੀਤੇ ਦੇ ਬੈਂਡ ਵਜਾਉਂਣ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ। ਫੁੱਲਾਂ ਦੀ ਵਰਖਾ ਕਰਨ ਲਈ ਜਹਾਜ ਤਿਆਰ ਖੜਾ ਹੈ। ਬਾਬੇ ਜੀਤੇ ਨੂੰ ਧੁਰ ਦਰਗਾਹੋਂ ਸੱਦ ਕੇ ਦਰਸ਼ਨ ਪਾਉਂਣ ਲਈ ਚਿਮਟੇ ਲਿਸ਼ਕਾਏ ਜਾ ਰਹੇ ਹਨ ਤੇ ਢੋਲਕੀਆਂ ਕੱਸੀਆਂ ਜਾ ਰਹੀਆਂ ਹਨ, ਛੈਣੈ-ਖੜਤਾਲਾਂ ਦਾ ਜੰਗਾਲ ਲਾਹਿਆ ਜਾ ਰਿਹਾ ਹੈ। ਬਾਬੇ ਬਲਦੇਵ ਸਿੰਘ ਦੇ ਖਾਧੇ ਪੀਜੇ-ਬਰਗਰ ਹੁਣ ਪ੍ਰਤਾਪੁਰੇ ਦੀਆਂ ਗਲੀਆਂ ਵਿਚ ਦੁਹਾਈਆਂ ਪਾਉਂਣਗੇ ਤੇ ਲੋਕ ਅਪਣੇ ਸਿੱਖ ਹੋਣ ਦਾ ਜਲੂਸ ਰੱਜ ਕੇ ਕੱਢਣਗੇ ਤੇ ਬਲਦੇਵ ਸਿੰਘ ਦੇ ‘ਮਾਏਂ ਨੀ ਮਾਏਂ’ ਵਰਗੇ ਗੀਤਾਂ ਮਗਰ ਮੁੱਲ ਤੇ ਲਿਆਦੀਆਂ ਵੈਂਣ ਪਾਉਂਣ ਵਾਲੀਆਂ ਨੈਣਾਂ ਵਾਂਗ ਹੇਕਾਂ ਲਾ ਲਾ ਗਾਉਂਣਗੇ?

ਤੇ ਵੱਡੇ ਵੱਡੇ ਭੰਡ ਉਥੇ ਇਕੱਠੇ ਹੋ ਚੁੱਕੇ ਜਾਂ ਹੋਣ ਵਾਲੇ ਹਨ। ਪਿੰਦਰਪਾਲ ਵਰਗਾ ਮਹਾਂ ਪੰਡਤ, ਗੁਰਬਾਣੀ ਦਾ ਗਿਆਤਾ, ਇਤਿਹਾਸ ਦਾ ਮਹਾਂਰਥੀ, ਬਾਦਲਾਂ ਦੀ ‘ਸਵਰਗ ਸੁਧਾਰ’ ਚੁੱਕੀ ਮਾਈ ਦਾ ਲਾਡਲਾ ਪੁੱਤਰ ਵੀ ਉਥੇ ਜਰੂਰ ਪਹੁੰਚਿਆ ਹੋਵੇਗਾ, ਕਿਉਂਕਿ 2012 ਦੇ ਇਸ਼ਤਿਹਾਰ ਵਿਚ ਉਸ ਦਾ ਨਾਮ ਵੀ ਹੈ। ਤੇ ਵੱਡੇ ਭੰਡ? ਤਖਤਾਂ ਦੇ ‘ਜਥੇਦਾਰ’ ਉਹ ਤਾਂ ਪੰਜਾਮੀਆਂ ਕੱਸੀ ਹੀ ਰੱਖਦੇ ਕਿ ਪਤਾ ਨਹੀਂ ਕਿ ਕਿਹੜੇ ਮਰੇ ਸਾਧ ਦੇ ਸਰਾਧ ਲਈ ਅਵਾਜ ਪੈ ਜਾਏ। ਉਹ ਸਰਾਧਾਂ 'ਤੇ ਜਾਣ ਲਈ ਤਿਆਰ ਹੀ ਦਿੱਸਦੇ, ਕਿਉਂਕਿ ਸਾਧਾਂ ਦੇ ਸਰਾਧਾਂ ਦੀ ਮੋਟੀ ਕਮਾਈ ਅੱਗੇ ਸ਼੍ਰੋਮਣੀ ਕਮੇਟੀ ਦੀ ਤਨਖਾਹ ਤਾਂ ਕੱਖ ਵੀ ਨਹੀਂ ! ਤਾਂ ਹੀ ‘ਜਥੇਦਾਰ’ ਬਾਦਲਾਂ ਦੀਆਂ ਜੁੱਤੀਆਂ-ਚੱਪਲਾਂ ਸਭ ਝਾੜਨ ਲਈ ਤਿਆਰ ਰਹਿੰਦੇ ਕਿਉਂਕਿ ਭੰਡ-ਪੁਣੇ ਵਾਲੀ ‘ਮੋਟੀ ਕਮਾਈ’ ‘ਜਥੇਦਾਰੀ’ ਦੀ ਪੂਛ ਲੱਗਿਆਂ ਬਿਨਾ ਹੁੰਦੀ ਨਹੀਂ, ਤੇ ਇਹ ‘ਜਥੇਦਾਰੀ’ ਵਾਲਾ ਛੱਜ ਬਾਦਲਾਂ ਦੀ ਮਿਹਰ ਤੋਂ ਬਿਨਾ ਬੱਝਦਾ ਨਹੀਂ। ਖੈਰ ਉਹ ਵੀ ਬਾਬੇ ਜੀਤੇ ਨੂੰ ਬ੍ਰਹਮਗਿਆਨੀ, ਪਹੁੰਚੇ ਹੋਏ ਮਹਾਂਪੁਰਖ, ਪਰਉਪਕਾਰੀ, ਜਗਤ ਜਲੰਦੇ ਨੂੰ ਠਾਰਨ ਆਏ, 108, 1008, 151, 2052, ਸ੍ਰੀ ਮਾਨ, ਬ੍ਰਹਮਗਿਆਨੀ, ਸੰਤ, ਬਾਬਾ, ਜੀਤ, ਸਿੰਘ, ਜੀ, ਮਹਾਰਾਜ, ਕਹਿਣ ਲਈ ਗਲੇ ਦੀਆਂ ਗਰਾਰੀਆਂ ਤੇਜ ਕਰ ਰਹੇ ਹੋਣਗੇ!

ਪਾਠਕਾਂ ਨੇ ਪਿੱਛਲੀ ਕਿਸ਼ਤ ਵਿਚ ਇੱਕ ਗੱਲ ਖਾਸ ਤੌਰ ਤੇ ਨੋਟ ਕੀਤੀ ਹੋਵੇਗੀ ਕਿ ਬਾਬੇ ਜੀਤੇ ਦੀ ਆਦਮ ਕੱਦ ਮੂਰਤੀ ਉਪਰ ਚੰਦੋਆ ਲੱਗਾ ਹੋਇਆ ਤੇ ਚੌਰ ਵੀ ਕਰਦੇ ਨੇ ਇਹ! ਪਰ ਸਭ ਤੋਂ ਦੁਖਦਾਈ ਗੱਲ ਇਹ ਕਿ ਬਾਬੇ ਜੀਤੇ ਦੀ ਜੁੱਤੀ ਹੇਠ ਯਾਨੀ ਜੀਤੇ ਦੇ ਛਿੱਤਰਾਂ ਵਿਚ ਗੁਰਬਾਣੀ ਦੀ ਇਕ ਪੰਗਤੀ ਲਿਖੀ ਹੋਈ ਹੈ,

ਸੇਵਕ ਕੈ ਭਰਪੂਰ ਜੁਗ ਜੁਗ ਵਾਹਗੁਰੂ ਤੇਰਾ ਸਭੁ ਸਦਕਾ”

ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਕਿ ਜਿਸ ਘਰ ਦੇ ਪਾਹਰੂਏ ਸੌਂ ਜਾਣ ਉਹ ਇੰਝ ਹੀ ਲੁੱਟ ਹੁੰਦਾ ਹੈ ਅਤੇ ਬਰਬਾਦੀ ਉਸ ਦੇ ਮੱਥੇ ਦੇ ਪੱਕੇ ਲੇਖ ਬਣ ਜਾਂਦੀ ਹੈ। ਜਿਸ ਖੇਤ ਦੁਆਲਿਓਂ ਵਾੜ ਚੁੱਕ ਦਿਓ ਉਸ ਵਿਚ ਇੰਝ ਹੀ ਖੋਤੇ, ਗੱਧੇ, ਡੰਗਰ-ਪਸ਼ੂ ਉਜਾੜਾ ਕਰਦੇ ਹਨ। ਜਿਸ ਘਰ ਦੇ ਦਰਵਾਜੇ ਖੁਲ੍ਹੇ ਛੱਡ ਦਿਓ ਉਥੇ ਹਰੇਕ ਚੋਰ, ਉਚੱਕਾ, ਲੁਟੇਰਾ, ਡਾਕੂ ਆਣ ਵੜਦਾ ਹੈ। ਜਿਸ ਭਾਂਡੇ ਦਾ ਮ੍ਹੂੰਹ ਖੁਲ੍ਹਾ ਛੱਡ ਦਿਓ ਉਸ ਵਿਚ ਕੋਈ ਵੀ ਕੁੱਤਾ, ਬਿੱਲਾ ਮੂੰ੍ਹਹ ਮਾਰ ਜਾਂਦਾ ਹੈ। ਨਹੀਂ ਤਾਂ ਕੋਈ ਦੱਸੇ ਕਿ ਸ੍ਰੀ ਗੁਰੂ ਜੀ ਤੋਂ ਬਿਨਾ ਮਰੇ ਸਾਧ ਦੀ ਮੂਰਤੀ ਉਪਰ ਚੰਦੋਏ ਲਾਉਂਣ ਅਤੇ ਚੌਰ ਕਰਨ ਦੀ ਇਨ੍ਹਾਂ ਦੀ ਜੁਅਰਤ ਕਿਵੇਂ ਹੈ? ਸ੍ਰੀ ਗੁਰੂ ਜੀ ਦੀਆਂ ਪਾਵਨ ਪੰਗਤੀਆਂ ਜੀਤੇ ਸਾਧ ਦੀਆਂ ਜੁੱਤੀਆਂ ਵਿਚ ਲਿਖਣ ਦਾ ਇਨ੍ਹਾਂ ਦਾ ਹੌਸਲਾ ਕਿਵੇ ਪਿਆ?

ਇਸ ਸਾਧ ਦੇ ਡੇਰੇ ਇਸ ਦਾ ਭੰਡਪੁਣਾ ਕਰਨ ਜਾਂਦੇ ਰਾਗੀ, ਢਾਡੀ, ਕਥਾਕਾਰ, ਪਿੰਦਰਪਾਲ ਵਰਗੇ ਅਤੇ ‘ਜਥੇਦਾਰ’, ਆਦਿ ਵਿਚ ਕੀ ਜੁਅਰਤ ਹੈ ਕਿ ਇਹ ਪੁੱਛ ਜਾਣ ਕੇ ਜੀਤੇ ਦੀ ਮੂਰਤੀ ਉਪਰ ਚੰਦੋਏ-ਚਾਨਣੀਆਂ ਕਿਉਂ? ਉਸ ਦੇ ਮੂਰਤੇ ਉਪਰ ਚੌਰ ਕਿਉਂ? ਉਸ ਦੀਆਂ ਜੁੱਤੀਆਂ ਹੇਠ ਗੁਰਬਾਣੀ ਕਿਉਂ? ਤੇ ਕੀ ਬਾਹਰਲੇ ਗੁਰਦੁਆਰਿਆਂ ਦੇ ਚੌਧਰੀ ਅਪਣੇ ਨਗਰ ਕੀਰਤਨਾਂ ਵਿਚ ਇਨ੍ਹਾਂ ਦੇ ‘ਫਲੋਟ’ ਲਾਉਂਣ ਤੋਂ ਪਹਿਲਾਂ ਕੀ ਇਨ੍ਹਾਂ ਤੋਂ ਸਪੱਸ਼ਟੀ-ਕਰਨ ਲੈਣਗੇ? ਤੇ ਕੀ ਗਿਆਨੀ ਸਾਹਿਬ ਸਿੰਘ ਵਰਗੇ ਇਨ੍ਹਾਂ ਦੇ ਵੱਡੇ ਭੰਡਾਂ ਨੂੰ ਅਪਣੀਆਂ ਸਟੇਜਾਂ ਤੋਂ ਕਥਾ ਕਰਨ ਤੋਂ ਪਹਿਲਾਂ ਜਾਨਣ ਦੀ ਕੋਸ਼ਿਸ਼ ਕਰਨਗੇ ਕਿ ਉਸ ਦਾ ਇਸ ਡੇਰੇ ਨਾਲ ਕੀ ਸਬੰਧ?

ਸਾਹਿਬ ਸਿੰਘ ਦੀ ਸੁਣ ਲਓ! ‘ਮੇਰਾ ਸ਼ਹੁ ਤੇ ਰੰਗ ਰੱਤੜੇ’ ਦੇ ਫਰਵਰੀ 2013 ਦੇ ਅੰਕ ਵਿਚ ਸਾਹਿਬ ਸਿੰਘ ਦਾ ਇਕ ਲੇਖ ਪਿਆ ਹੈ ਜਿਸ ਦਾ ਸਿਰਲੇਖ ਹੈ, ‘ਬੁਲੰਦਪੁਰੀ ਨੂੰ ਆਈਂ ਸਜਣ ਜੀ, ਬੁਲੰਦਪੁਰੀ ਨੂੰ ਆਈਂ’ ਉਸ ਵਿਚ ਉਸ ਨੇ ਉਹੀ ਬਾਬੇ ਜੀਤੇ ਦੀ 100 ਸਾਲ ਦੀ ਭਗਤੀ ਵਾਲੀ ਗੱਪ ਦੁਹਰਾਈ ਹੈ ਅਤੇ ਭੰਡਪੁਣੇ ਦੀ ਹੱਦ ਕਰਦਿਆਂ ਲਿਖਿਆ ਹੈ ਕਿ ‘ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਕੋਲੋਂ 84 ਲੱਖ ਜੂਨ ਦੇ ਭਲੇ ਲਈ ਵਰ ਮੰਗਿਆ ਤੇ ਇਹ ਕੇਵਲ ਉਹੀ ਮੰਗ ਸਕਦੇ ਸਨ, ਇਹ ਉਨ੍ਹਾਂ ਨੂੰ ਹੀ ਬਣ ਆਈ ਸੀ’। ਪੁੱਛਣਾ ਤਾਂ ਬਣਦਾ ਕਿ 84 ਲੱਖ ਵਿਚ ਪੰਜਾਬ ਦੇ ਭਲਾ ਗਰੀਬ ਲੋਕ ਵੀ ਆਉਂਦੇ ਕਿ ਨਹੀਂ ਜਿੰਨਾ ਨੂੰ ਬਾਹਰ ਵਾਲੇ ਅਮੀਰਾਂ ਦੇ ‘ਵਾੜੇ’ ਵਲ ਜਾਣ ਦੀ ਬਿੱਲਕੁਲ ਆਗਿਆ ਨਹੀਂ? ਉਸੇ ਗੱਪ ਨੂੰ ਉਹ ਅੱਗੇ ਤੋਰਦਾ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ 84 ਲੱਖ ਜੀਵਾਂ ਦੇ ਭਲੇ ਲਈ ਇੱਕ ਅਸਥਾਨ ਬਣਾਉਂ। ਉਸ ਅਸਥਾਨ ਰਾਹੀਂ 84 ਲੱਖ ਜੂਨ ਦੇ ਭਲੇ ਦਾ ਕੰਮ ਅਸੀਂ ਆਪ ਕਰਾਂਗੇ’! ਪੰਜਾਬ ਨਸ਼ਿਆਂ ਨਾਲ ਮਰ ਰਿਹੈ ਉਹ ਤਾਂ ਇਨ੍ਹਾਂ ਅੰਨਿਆਂ ਨੂੰ ਦਿੱਸਦਾ ਨਹੀਂ ਤੇ ਭਲਾ ਕਰਨ ਚਲੇ ਨੇ 84 ਲੱਖ ਦਾ?

ਸਾਹਿਬ ਸਿੰਘ ਕਹਿੰਦਾ ‘ਇਥੇ ਯਾਨੀ ਬੁਲੰਦਪੁਰੇ ਸਭ ਨੂੰ ਸਰੀਰਕ ਤੇ ਆਤਮਿਕ ਸੁੱਖ ਇਕੱਠੇ ਵਰਤਾਏ ਜਾ ਰਹੇ ਹਨ। ਸਭ ਨਾਲ ਬਰਾਬਰ ਪਿਆਰ, ਸਭ ਨੂੰ ਇਕੋ ਪ੍ਰੇਮ ਵਿਚ ਤਾਰੀਆਂ ਲਵਾਈਆਂ ਜਾਦੀਆਂ ਹਨ’। ਲੰਗਰ ਤਾਂ ਇਕੱਠਾ ਵਰਤਾ ਨਹੀਂ ਸਕੇ ਪ੍ਰੇਮ ਤਾਰੀਆਂ ਖਾਕ ਲਵਾਉਂਣਗੇ ਪਰ ਫਿਰ ਭੰਡ-ਪੁਣਾ ਕੀ ਹੋਇਆ ਜੇ ਝੂਠ ਦੀ ਜਹੀ ਤਹੀ ਨਾ ਫੇਰੀ। ਫਿਰ ਇਹ ਕਹਿੰਦਾ ਕਿ ‘ਬੁਲੰਦਪੁਰੀ ਵਿਚ ਹਰ ਚੀਜ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਗਾਹੀ ਹੁਕਮ ਨਾਲ ਬਣਦੀ ਹੈ ਤੇ ਹਰ ਚੀਜ ਦਰਗਾਹ ਨਾਲ ਜੋੜਨ ਲਈ ਬਣਦੀ ਹੈ’! ਯਾਨੀ ਅਮੀਰਾਂ ਲਈ ਪੀਜੇ-ਬਰਗਰ ਵੀ ਦਰਗਾਹੀ ਹੁਕਮ ਨਾਲ ਬਣਦੇ ਹਨ ਤੇ ਗਰੀਬਾਂ ਨੂੰ ਅਮੀਰਾਂ ਵਾਲੇ ਪਾਸਿਓਂ ਧੱਕੇ ਵੀ ਦਰਗਾਹੀ ਹੁਕਮ ਨਾਲ ਪੈਂਦੇ ਹਨ। ਬਾਦਲਾਂ ਲਈ ਸਿਰੋਪੇ ਵੀ ਦਰਗਾਹੀ ਹੁਕਮ ਨਾਲ ਬਣਦੇ ਹਨ ਤੇ ਉਨ੍ਹਾਂ ਰਾਹੀਂ ਗਰੀਬ ਕਿਸਾਨਾ ਦੀਆਂ ਜਮੀਨਾਂ ਵੀ ਦਰਗਾਹੀ ਹੁਕਮ ਨਾਲ ‘ਐਕਵਾਇਰ’ ਹੁੰਦੀਆਂ ਹਨ?

ਅੱਗੇ ਕਹਿੰਦਾ ਕਿ, ‘ਇਸ ਅਸਥਾਨ ਤੇ ਨਾ ਕਿਸੇ ਮਨੁੱਖ ਦੀ ਉਸਤਤ ਤੇ ਨਾ ਮਾਇਆ ਦੀ ਗੱਲ ਹੁੰਦੀ ਹੈ’। ਅੰਨੇ ਨੂੰ ਤਾਂ ਤੁਸੀਂ ਹਾਲੇ ਬਾਂਹ ਫੜਕੇ ਰਸਤੇ ਪਾ ਦਿਓਂਗੇ ਪਰ ਸਾਹਿਬ ਸਿੰਘ ਵਰਗੇ ਅਕਲ ਦੇ ਅੰਨਿਆਂ ਦਾ ਤੁਸੀ ਕੀ ਇਲਾਜ ਕਰੋਂਗੇ। ਇਸ ਦੇ ਸਾਹਵੇਂ ਬਾਦਲਾਂ ਨੂੰ ਸਿਰੋਪੇ ਦਿੱਤੇ ਜਾਂਦੇ, ਸਾਧ 70 ਤੋਂ 100 ਡਾਲਰ ਤੱਕ ਜੈਕਟਾਂ ਵੇਚਦਾ, ਕਲੰਡਰ ਵੇਚਦਾ ਤੇ ਹਾਲੇ ਇਹ ਕਹੀ ਜਾਂਦਾ ਇਥੇ ਮਾਇਆ ਦੀ ਗੱਲ ਨਹੀਂ ਕੀਤੀ ਜਾਂਦੀ। ਤੇ ਹੁਣ ਅਗੇ ਸਾਹਿਬ ਸਿੰਘ ਦੇ ਭੰਡਪੁਣੇ ਦੀ ਅਖੀਰ ਸੁਣ ਲਓ ਜਿਹੜੀ ਇਸ ਨੇ ਅਪਣੇ ਯਾਰ ਯਾਨੀ ਬਲਦੇਵ ਸਿੰਘ ਦੇ ਵੈਰਾਗ ਵਿਚ ਕਵਿਤਾ ਗਾਈ ਹੈ ਤੇ ਜਿਸ ਤੋਂ ਤੁਸੀਂ ਅੰਦਾਜਾ ਲਾ ਲਿਓ ਕਿ ਇਹ ਭੰਡ ਗੁਰੂ ਗਰੰਥ ਸਹਿਬ ਜੀ ਦੀ ਬਾਣੀ ਦੇ ਪ੍ਰਚਾਰਕ ਹਨ ਜਾਂ ਅਪਣੇ ਸਾਧੜਿਆਂ ਦੇ?

ਉਹ ਭਰ ਭਰ ਪਿਆਲਾ ਪਿਆਉਂਦਾ ਰਿਹਾ, ਅਸੀਂ ਗਟ ਗਟ ਕਰਕੇ ਪੀਂਦੇ ਰਹੇ।
ਨਾ ਉਹ ਥੱਕਿਆ, ਨਾ ਅਸੀਂ ਥੱਕੇ, ਏਹ ਸਿਲਸਲੇ ਏਦਾਂ ਹੀ ਚਲਦੇ ਰਹੇ।
ਨਾਂ ਉਹ ਜਾਵੇ, ਨਾ ਅਸੀਂ ਜਾਣ ਦਈਏ, ਇੰਝ ਬੈਠਿਆਂ ਹੀ ਕਈ ਪਲ ਗਏ।
ਛੁਹ ਉਹਦੀ ਨੂੰ ਮਹਿਸੂਸ ਕੀਤਾ, ਉਹਦੇ ਚਰਨਾ ਤੇ ਸਿਰ ਡਿੱਗ ਪਏ।
ਉਹ ਮੁੜ ਮੁੜ ਪਲ ਆਉਂਣ ਸਦਾ, ਇਹੀ ਅਰਦਾਸ ਅਸੀਂ ਬਸ ਕਰਦੇ ਰਹੇ।
ਤਨ ਮਨ ਨਿਛਾਵਰ ਉਹਦੇ ਤੋਂ, ਹੁਣ ਮੁਝ ਵਿਚ ਨਾ ਕੋਈ ਮੁਝ ਰਹੇ।

ਪਾਠਕਾਂ ਦੀ ਦਿਲਚਪਸੀ ਲਈ ਦੱਸ ਦੇਣਾ ਕੁਥਾਂਏ ਨਹੀਂ ਹੋਵੇਗਾ ਕਿ ਇਹ ਡਿਕਸੀ ਗੁਰਦੁਆਰੇ ਕਥਾ ਕਰਨ ਆਮ ਹੀ ਆਉਂਦਾ ਰਹਿੰਦਾ। ਇੱਕ ਵਾਰ ਇਸ ਨੇ ‘ਕਥਾ’ ਕਰਦਿਆਂ ਕਿਹਾ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਘੋੜੇ ਸੱਚਖੰਡ ਚਲੇ ਗਏ’ ਤਾਂ ਜਸਬੀਰ ਸਿੰਘ ਮਾਂਗਟ ਹੋਰਾਂ ਕਮਰੇ ਵਿਚ ਜਾ ਕੇ ਇਸ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਗਿਆਨੀ ਜੀ ਇਹ ਜਿਹੜੀ ਤੁਸੀਂ ਕਥਾ ਵਿਚ ਗੱਲ ਕਹੀ ਇਸ ਦਾ ‘ਸੌਰਸ’ ਕੀ ਹੈ, ਕਿਹੜੇ ਇਤਿਹਾਸ ਵਿਚ ਹੈ, ਕਿਥੋਂ ਇਹ ਗੱਲ ਤੁਸਾਂ ਲਈ , ਇਹ ਹਵਾਲਾ ਕਿਹੜੇ ਗਰੰਥ ਦਾ ਹੈ, ਕੋਈ ਇਤਿਹਾਸਕ ਹਵਾਲਾ ਤਾਂ ਹੋਵੇਗਾ ਹੀ? ਇਹ ਅੱਗੋਂ ਜਵਾਬ ਦੇਣ ਦੀ ਬਜਾਇ ਕਹਿੰਦਾ ਮੇਰਾ ਸਿਰ ਦੁੱਖਦਾ ਜਦ ਕੋਈ ਮੈਨੂੰ ਅਜਿਹਾ ਸਵਾਲ ਕਰਦਾ ਤੁਸੀਂ ਚਲੇ ਜਾਉ ਇਥੋਂ! ਤੇ ਇਸ ਨੇ ਫੋਨ ਕਰਕੇ ਪ੍ਰਬੰਧਕ ਸੱਦ ਲਏ ਕਿ ਕੁਝ ਲੋਕ ਮੈਨੂੰ ਤੰਗ ਕਰਦੇ ਹਨ। ਪ੍ਰਬੰਧਕ ਤਾਂ ਤੁਹਾਨੂੰ ਪਤਾ ਹੀ ਕਿੰਨੇ ‘ਗੁਣੀ-ਗਿਆਨੀ’ ਤੇ ‘ਭਲੇ-ਮਾਣਸ’ ਹੁੰਦੇ ਉਨ੍ਹਾਂ ਆਉਂਦਿਆਂ ਹੀ ਬਾਹਾਂ ਟੰਗ ਲਈਆਂ ਕਿ ਨਿਕਲੋ ਬਾਹਰ ਤੁਹਾਨੂੰ ਦੱਸੀਏ ਕਿ ਕਿਹੜਾ ਗਰੰਥ ਤੇ ਕਿਹੜਾ ਹਵਾਲਾ ਜਿਥੇ ਗੁਰੂ ਜੀ ਘੋੜੇ ਤੇ ਚੜਕੇ ਸਚਖੰਡ ਗਏ ਸਨ? ਚਲੋ ਮੁਕਾਬਲਾ ਫਸਵਾਂ ਦੇਖ ਪ੍ਰਬੰਧਕ ਬਾਹਲੇ ਨਹੀਂ ਉਛਲੇ, ਨਹੀਂ ਤਾਂ ਸਾਹਿਬ ਸਿੰਘ ਨੇ ਪੱਗਾਂ ਉਛਲਵਾਤੀਆਂ ਸਨ ਇਕ ਦੂਏ ਦੀਆਂ!

ਇਸ ਡੇਰੇ ਦਾ ਦੂਜਾ ਵੱਡਾ ਸ਼ਰਧਾਲੂ ਅਤੇ ਪ੍ਰਮੋਟਰ ਹੈ ਟਰੰਟੋ ਵਾਲੇ ‘ਸੁਰ-ਸਾਗਰ ਰੇਡੀਓ’ ਦਾ ਸੰਚਾਲਕ ਰਵਿੰਦਰ ਸਿੰਘ ਪੰਨੂ। ਕਰੀਬਨ 1991 ਵੇਲੇ ਜਦ ਬਾਬਾ ਜੀਤ ਸਿੰਘ ਕਨੇਡਾ ਆਇਆ ਸੀ ਤਾਂ ਇਥੇ ਹੀ ਉਸ ਦੀ ਮੁਲਾਕਾਤ ਉਸ ਨਾਲ ਹੋਈ ਸੀ। ਮਿਸਟਰ ਪੰਨੂੰ ਬਾਬੇ ਜੀਤੇ ਨੂੰ ਅਪਣੇ ਰੇਡੀਓ-ਟੀ.ਵੀ. ਉਪਰ ਵੀ ਲੈ ਕੇ ਆਇਆ ਸੀ। ਵੈਸੇ ਮਿਸਟਰ ਪੰਨੂੰ ਹਰੇਕ ਸਾਧ ਦਾ ਸ਼ਰਧਾਲੂ ਹੈ, ਪਰ ਬਾਬਾ ਜੀਤ ਸਿੰਘ ਉਸ ਦੇ ‘ਫੈਮਲੀ ਬਾਬਾ ਜੀ’ ਕਹੇ ਜਾ ਸਕਦੇ ਹਨ। ਇਹੀ ਕਾਰਨ ਹੈ ਕਿ ਮਿਸਟਰ ਪੰਨੂ ਨੇ ਬਾਬੇ ਜੀਤੇ ਦੀ ਮੂਰਤੀ ਅੰਦਰ ਵੜਦਿਆਂ ਹੀ ਅਪਣੇ ਸਟੂਡੀਓ ਦੇ ਦਫਤਰ ਵਿਚ ਬਕਾਇਦਾ ਲਾਈ ਹੋਈ ਹੈ। ਇਥੇ ਤੱਕ ਕਿ ਜਦ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾਉਂਦਾ ਹੈ ਤਾਂ ਬਾਬੇ ਜੀਤੇ ਦੀ ਮੂਰਤੀ ਸ੍ਰੀ ਗੁਰੂ ਜੀ ਦੇ ਸਾਹਵੇਂ ਰੱਖੀ ਹੋਈ ਹੁੰਦੀ ਹੈ।

ਮਿਸਟਰ ਪੰਨੂੰ ਨਾਲ ਕੰਮ ਕਰ ਚੁੱਕੇ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗੁਰਪੁਰਬ ਮੌਕੇ ਹੋਈ ਕਮਾਈ ਸਾਰੀ ਦੀ ਸਾਰੀ ਮਿਸਟਰ ਪੰਨੂੰ ਬੁਲੰਦਪੁਰ ਵਾਲੇ ਡੇਰੇ ਭੇਜ ਦਿੰਦਾ ਹੈ। ਕਈ ਵਾਰ ਇਹ ਕਮਾਈ 35-35 ਹਜਾਰ ਡਾਲਰ ਤੱਕ ਵੀ ਹੋ ਜਾਂਦੀ ਹੈ। ਲੋਕਾਂ ਦਾ ਸ੍ਰੀ ਗੁਰੂ ਜੀ ਦੇ ਪੁਰਬ ਤੇ ਸ਼ਰਧਾ ਵਜੋਂ ਦਿੱਤਾ ਪੈਸਾ, ਉਸ ਡੇਰੇ ਉਪਰ ਥੋਪਣ ਦੀ ‘ਸੇਵਾ’ ਇਹ ਭਾਈ ਸਾਹਬ ਸ਼ਾਇਦ ਕਈ ਚਿਰ ਤੋਂ ਕਰਦੇ ਆ ਰਹੇ ਹਨ, ਜਿਥੇ ਜੀਤੇ ਸਾਧ ਵਰਗੇ ਬੰਦੇ ਦੀ ਸ੍ਰੀ ਗੁਰੂ ਜੀ ਨਾਲ ਚੰਦੋਏ ਲਾ ਕੇ ਬਰਾਬਰੀ ਕਰਨ ਦਾ ਘੋਰ ਗੁਨਾਹ ਕੀਤਾ ਜਾ ਰਿਹਾ ਹੈ ਅਤੇ ਜਿਥੇ ਜੀਤੇ ਸਾਧ ਦੀਆਂ ਜੁੱਤੀਆਂ ਵਿਚ ਗੁਰਬਾਣੀ ਲਿਖ ਕੇ ਭਾਰੀ ਪਾਪ ਕੀਤਾ ਗਿਆ ਹੈ! ਇਸ ਪਾਪ ਦੇ ਭਾਗੀ ਮਿਸਟਰ ਪੰਨੂੰ ਵੀ ਬਰਾਬਰ ਹਨ, ਜਿਹੜੇ ਉਸ ਡੇਰੇ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਫੁਲਤਾ ਵਿਚ ਵਧ ਚੜ ਕੇ ਹਿੱਸਾ ਪਾ ਰਹੇ ਹਨ। ਲੋਕਾਂ ਦੀਆਂ ਖੋਜਾਂ ਕਰਨ ਵਾਲੇ ਮਿਸਟਰ ਪੰਨੂੰ ਕੀ ਇਸ ਗੱਲ ਦੇ ਜਵਾਬ-ਦੇਹ ਨਹੀਂ ਕਿ ਐਲਾਨੀਆਂ ਸਿੱਖਾਂ ਦੇ ਕਾਤਲ ਸਾਬਤ ਹੋ ਚੁੱਕੇ ਬਾਦਲਾਂ ਨੂੰ ਸਿਰੋਪੇ ਦੇਣ ਵਾਲੇ ਬੁਲੰਦੇ ਸਾਧ ਬਾਰੇ ਕੀ ਉਨ੍ਹਾਂ ਕਦੇ ਖੋਜ ਕੀਤੀ, ਜਾਂ ਸਵਾਲ ਉਠਾਇਆ ਕਿ ਬਲਦੇਵ ਸਿੰਘ ਦਾ ਬਾਦਲਾਂ ਨਾਲ ਕੀ ਸਬੰਧ? ਜੇ ਸਬੰਧ ਹੈ ਤਾਂ ਮਿਸਟਰ ਪੰਨੂੰ ਦਾ ਬੁਲੰਦੇ ਡੇਰੇ ਨਾਲ ਕੀ ਸਬੰਧ?

ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਮਿਸਟਰ ਪੰਨੂੰ ਵਲੋਂ ਗੁਜਰਾਤ ਦੇ ਹੜ ਪੀੜਤਾਂ ਲਈ ਇਕੱਠੇ ਕੀਤੇ ਗਏ ਪੈਸੇ ਸਾਰੇ ਨਹੀਂ ਤਾਂ ਬਹੁਤੇ ਪੈਸੇ ਜਲੰਧਰ ਵਾਲੇ ਹੌਲਦਾਰ ‘ਬਾਬੇ’ ਕਸ਼ਮੀਰੇ ਨੂੰ ਭੇਜ ਦਿੱਤੇ ਗਏ ਸਨ, ਜਿਸ ਦਾ ਕੁਝ ਲੋਕਾਂ ਇਤਰਾਜ ਵੀ ਕੀਤਾ ਸੀ। ਕਸ਼ਮੀਰਾ ਸਾਧ ਉਹ ਸਾਧ ਹੈ ਜਿਹੜਾ ਹੌਲਦਾਰ ਤੋਂ ‘ਸੰਤ’ ਬਣ ਗਿਆ। ਹੌਲਦਾਰੀ ਵੀ ਉਸ ਛੱਡੀ ਨਹੀਂ ਸੀ ਬਲਕਿ ਕੁਰਪਸ਼ਨ ਕੇਸ ਵਿਚ ਉਸ ਨੂੰ ਉਥੋਂ ਫਾਰਗ ਕੀਤਾ ਗਿਆ ਸੀ। ਕਸ਼ਮੀਰੇ ਸਾਧ ਬਾਰੇ ਜਿਹੜੇ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਕ ਹੌਲਦਾਰ ਤੋਂ ਸਾਧ ਬਣਿਆ ਕਸ਼ਮੀਰਾ ਅਪਣੇ ਡੇਰੇ ਵਿਚ ਮੰਦਰ, ਮਸਜਦ, ਚਰਚ ਤੇ ਗੁਰਦੁਆਰਾ ਬਣਾ ਕੇ ਕੀ ਕੀ ਪਖੰਡ ਰਚਦਾ ਹੈ, ਤੇ ਹੁਣ ਉਹ ਉਸ ਕੱਟੜ ਹਿੰਦੂ ਸਿਸਟਮ ਦਾ ਚਹੇਤਾ ਬਣ ਚੁੱਕਾ ਹੋਇਆ, ਜਿਹੜਾ ਸਿੱਖ ਕੌਮ ਨੂੰ ਲਗਾਤਾਰ ਹਿੰਦੂ ਦੱਸੀ ਆ ਰਿਹੈ! ਮਿਸਟਰ ਪੰਨੂ ਨੇ ਸਿੱਖ ਕੌਮ ਦਾ ਭਗਵਾਂਕਰਨ, ਕਰਨ ਵਾਲੇ ਸੀਚੇਵਾਲ ਨੂੰ ਵੀ ਅੰਨ੍ਹਾ ਪੈਸਾ ਇਕੱਠਾ ਕਰਕੇ ਦਿੱਤਾ ਹੈ। ਸਿਰਫ ਟਰੰਟੋ ਹੀ ਨਹੀਂ ਬਲਕਿ ਹੋਰ ਸ਼ਹਿਰਾਂ ਵਿਚ ਵੀ ਬਕਾਇਦਾ ਨਾਲ ਜਾ ਕੇ! ਟਰੰਟੋ ਵਿਚ ਸੀਚੇਵਾਲ ਸਾਧ ਦੇ ਦੋ ਵੱਡੇ ਭਗਤ ਜਾਂ ਪ੍ਰਮੋਟਰ ਰਹੇ ਹਨ ਜਿੰਨਾ ਵਿਚ ਇੱਕ ਮਿਸਟਰ ਪੰਨੂ ਅਤੇ ਦੂਜਾ ਗੁਰਦਿਆਲ ਮੁੰਡੀ! ਮੁੰਡੀ ਨੇ ਸੀਚੇਵਾਲ ਨੂੰ ਰੇਡੀਓ ਥਾਨ ਤਾਂ ਕਰਕੇ ਦਿੱਤੇ ਹੀ ਦਿੱਤੇ ਬਲਕਿ ਲੋਕਾਂ ਦੇ ਘਰੀਂ ਜਾ ਜਾ ਪੈਸਾ ਇਕੱਠਾ ਕਰਕੇ ਦਿੱਤਾ!

ਯਾਦ ਰਹੇ ਕਿ ਸੀਚੇਵਾਲ ਨੇ ਵੇਈਂ ਨਦੀ ਸਾਫ ਕਰਨ ਦੇ ਨਾਂ ਤੇ ਥਾਂ-ਥਾਂ ਅਪਣੀਆਂ ਨਿਰਮਲ ਕੁਟੀਆ ਪਾ ਕੇ ਪੰਜਾਬ ਦਾ ਭਗਵਾਂਕਰਨ, ਕਰਨ ਵਿਚ ਪੂਰੀ ਤਨਦੇਹੀ ਨਾਲ ਹਿੰਦੂ ਦੀ ‘ਸੇਵਾ’ ਕੀਤੀ ਹੈ ਤੇ ਪਿੱਛੇ ਜਿਹੇ ਖ਼ਬਰ ਸੀ ਕਿ ਉਹ ਹੁਣ ‘ਗੰਗਾ-ਮਈਆ’ ਸਾਫ ਕਰਨ ਦੀਆਂ ਤਿਆਰੀਆਂ ਵਿਚ ਵੀ ਸੀ। ਉਸ ਦੀਆਂ ਨਗਰ ਕੀਰਤਨ ਦੌਰਾਨ ਭੰਗੜੇ ਗਿੱਧਿਆਂ ਦੀਆਂ ਖ਼ਬਰਾਂ ਵੀ ਲੱਗ ਚੁੱਕੀਆਂ ਹਨ, ਲੋਕਾਂ ਤੋਂ ਪੈਰ ਧੋ-ਧੋ ਪਿਆਉਂਦੇ ਦੀਆਂ ਵੀ ਤੇ ਹੁਣ ਉਹ ਫਲਪੀਨ ਜਾ ਕੇ ਅਪਣਾ ਡੇਰਾ ਖੋਲਣ ਦੀ ਨੀਂਹ-ਪੱਥਰ ਰੱਖ ਚੁੱਕਾ ਹੈ। ‘ਇਨਵਾਇਰਮਿੰਟ’ ਦੇ ਨਾਂ 'ਤੇ ਸੀਚੇਵਾਲ ਨੇ ਇੱਕ ਤਰ੍ਹਾਂ ਦਾ ਗੁਰੂਡੰਮ ਨੂੰ ਬੜਾਵਾ ਦਿੱਤਾ ਹੈ ਇਸ ਗੱਲ ਨੂੰ ਸਿੱਖ ਚਿਰ ਬਾਅਦ ਜਾਂ ਸ਼ਾਇਦ ਕਦੇ ਵੀ ਨਾ ਸਮਝ ਸਕਣ! ਮਿਸਟਰ ਪੰਨੂ ਨੇ ਢੱਡਰੀ ਵਾਲੇ ਸਾਧ ਦੇ ਅਪਣੇ ਜਨਮ ਦਿਨ ਮਨਾਉਂਣ ਮੌਕੇ ਸੋਨੇ ਦੀਆਂ ਚੈਨੀਆਂ, ਸੋਨੇ ਦੇ ਖੰਡੇ ਲਾ ਕੇ ਗੁਰੂ ਡੰਮ ਵੇਲੇ ਦੀ ਮੂਵੀ ਵੇਲੇ ਵੀ ਬਹੁਤ ਅਸਮਾਨ ਸਿਰ ਤੇ ਚੁੱਕਿਆ ਸੀ ਅਤੇ ਢੱਡਰੀ ਵਾਲੇ ਦੇ ਗਲਤ ਹੋਣ ਦੇ ਬਾਵਜੂਦ ਉਸ ਦੀ ਪਿੱਠ ਠੋਕੀ ਸੀ। ਮਿਸਟਰ ਪੰਨੂ ਨੇ ਸਾਬਤ ਹੋ ਚੁੱਕੇ ਆਰ.ਐਸ.ਐਸ ਦੇ ਯਾਰ, ਬਾਦਲ ਦੇ ਗੁਲਾਮ ਹਰੀ ਸਿੰਘ ਰੰਧਾਵੇ ਨੂੰ ਅਪਣੇ ਸਟੂਡੀਓ ਵਿਚ ਪ੍ਰੋਗਰਾਮ ਤੋਂ ਬਾਅਦ ਲੰਮੇ ਪੈ-ਪੈ ਮੱਥੇ ਟੇਕਿਆ ਇਸ ਨਜਾਰੇ ਨੂੰ ਅੱਖੀ ਦੇਖਣ ਵਾਲੇ ਜਿਉਂਦੇ ਜਾਗਦੇ ਲੋਕ ਮੌਜੂਦ ਹਨ!

ਮਿਸਟਰ ਪੰਨੂ ਕੀਹਨੂੰ ਮੰਨਦਾ ਜਾਂ ਕਿਸ ਉਪਰ ਉਸਦਾ ਭਰੋਸਾ ਹੈ ਇਹ ਉਸਦਾ ਜਾਤੀ ਮਾਮਲਾ ਹੈ। ਉਸ ਨੂੰ ਹੱਕ ਹੈ। ਪਰ ਇੱਕ ਮੀਡੀਏ ਤੌਰ ਉਸ ਦੀ ਇਹ ਉਲਾਰ ਬਿਰਤੀ ਉਪਰ ਗੱਲ ਨਾ ਕਰਨੀ ਅਤੇ ਬੁਲੰਦਪੁਰੀਆਂ ਦੀ ਕਹਾਣੀ ਦਾ ਇੱਕ ਖਾਸ ਪਾਤਰ ਹੋਣ ਨਾਤੇ ਉਸ ਦਾ ਜ਼ਿਕਰ ਨਾ ਕਰਨਾ, ਵੀ ਇਸ ਕਹਾਣੀ ਨਾਲ ਬੇੲਨਿਸਾਫੀ ਅਤੇ ਸੱਚ ਤੋਂ ਅੱਖਾਂ ਮੀਚ ਲੰਘਣਾ ਹੋਵੇਗਾ।ਇਹ ਸਾਰਾ ਕੁਝ ਦੱਸਣ ਦਾ ਮੇਰਾ ਮੱਕਸਦ ਕਿ ਤੁਹਾਡੇ ਪੈਸੇ ਨਾਲ ਇਹ ਲੋਕ ਤੁਹਾਡੀ ਹੀ ਬਰਬਾਦੀ ਕਰਨ ਵਾਲਿਆਂ ਡੇਰਿਆਂ, ਸਾਧਾਂ ਤੇ ਬਾਦਲਾਂ ਦੇ ਗੁਲਾਮਾਂ ਦੀਆਂ ਛੁਰੀਆਂ ਤਿੱਖੀਆਂ ਕਰਨ ਲਈ ਸਾਣ੍ਹ ਦਾ ਕੰਮ ਕਰ ਰਹੇ ਹਨ ਤਾਂ ਕਿ ਤੁਹਾਨੂੰ ਛੇਤੀ ਜਿਬ੍ਹਾ ਕੀਤਾ ਜਾ ਸਕੇ?

ਬਲੁੰਦਪੁਰ ਬਾਰੇ ਗੱਲ ਕਰਦਿਆਂ ਮੈਨੂੰ ਮੇਰਾ ਇੱਕ ਖਾਸ ਜਾਣੂੰ ਚੇਤੇ ਆ ਜਾਂਦਾ ਹੈ ਜਿਹੜਾ ਚੰਗਾ ਭਲਾ ਮਾਣਸ ਬੰਦਾ ਹੈ। ਉਹ ਪੁਰਾਣਾ ਚੇਲਾ ਹੈ ਬੁਲੰਦਪੁਰੀਆਂ ਦਾ। ਕਈ ਚਿਰ ਪਹਿਲਾਂ ਉਸ ਦਾ ਤੇ ਮੇਰਾ ਘਰ ਆਹਮਣੇ-ਸਾਹਮਣੇ ਸੀ ਤੇ ਕਦੇ ਕਦੇ ਉਹ ਮੇਰੇ ਨਾਲ ਗੱਲੀ ਲੱਗ ਜਾਂਦਾ ਸੀ। ਬੁਲੰਦੇ ਸਾਧ ਬਾਰੇ ਜਦ ਗੱਲ ਚਲਦੀ ਸੀ ਕੁਝ ਕੁ ਚਿਰ ਤਾਂ ਉਹ ਫਸਦਾ ਪਰ ਜਦ ਉਸ ਦੀਆਂ ਗੱਲਾਂ ਮੁੱਕ ਜਾਂਦੀਆਂ ਤਾਂ ਉਸ ਦਾ ਸਾਧ ਨੂੰ ਪ੍ਰਮੋਟ ਕਰਨ ਦਾ ਆਖਰੀ ਹਥਿਆਰ ਹੁੰਦਾ ਸੀ ਕਿ ਬਾਬਾ ਜੀ ਨੇ ਸਾਡੇ ਬੱਚੇ ਸਿੱਖੀ ਵਲ ਮੋੜ ਲਏ, ਉਨ੍ਹਾਂ ਦੀ ਮਿਹਰ ਸਦਕਾ ਬੱਚੇ ਸਾਡੇ ਪੰਜਾਬੀ ਸਿੱਖ ਗਏ ਹਨ। ਉਸ ਦੀ ਗੱਲ ਸੁਣ ਕੇ ਮੈਨੂੰ ਤਰਸ ਆਉਂਦਾ ਉਨ੍ਹਾਂ ਲੋਕਾਂ ਤੇ ਜਿਹੜੇ ਅਪਣੇ ਬੱਚੇ ਨੂੰ ਖੁਦ ਪੰਜਾਬੀ ਹੀ ਨਹੀਂ ਪੜਾ ਸਕਦੇ। ਕੇਵਲ ਪੰਜਾਬੀ? ਤੁਸੀਂ ਦੱਸੋ ਕਿਹੜਾ ਮਾ-ਬਾਪ ਹੈ ਜਿਸ ਨੂੰ ਪੰਜਾਬੀ ਨਹੀਂ ਆਉਂਦੀ ਤੇ ਪੰਜਾਬੀ ਸਿਖਾਉਂਣੀ ਕਿੰਨਾ ਕੁ ਵੱਡਾ ਕੰਮ ਉਹ ਵੀ ਅਪਣੇ ਬੱਚੇ ਨੂੰ? ਪੰਜਾਬੀ ਸਿੱਖਣ ਲਈ ਜੇ ਤੁਹਾਨੂੰ ਕਿਸੇ ਸਾਧੜੇ ਦੇ ਡੇਰੇ ਦੀ ਲੋੜ ਹੈ ਤਾਂ ਯਕੀਨ ਜਾਣਿਓਂ ਸਾਨੂੰ ਸਿੱਖ ਬਣੇ ਰਹਿਣ ਦੀ ਲੋੜ ਕੀ ਹੈ? ਮੈਂ ਕਦੇ ਕਿਸੇ ਗੁਰਦੁਆਰੇ ਜਾਂ ਡੇਰੇ ਬੱਚਿਆਂ ਨੂੰ ਲੈ ਕੇ ਨਹੀਂ ਗਿਆ, ਪਰ ਅਸੀਂ ਸਾਰੇ ਸਮੇਤ ਬੱਚੇ ਸ੍ਰੀ ਗੁਰੂ ਜੀ ਦਾ ਸਾਹਿਜ ਪਾਠ ਰਲਕੇ ਕਰਦੇ ਹਾਂ। ਮੈਂ ਕਿਉਂ ਸੋਚਾਂ ਕਿ ਬੱਚੇ ਮੇਰੇ ਨੂੰ ਕੋਈ ਦੂਜਾ ਸਿੱਖੀ ਦੀ ਗੱਲ ਦੱਸੇ ਜਾਂ ਸਿਖਾਵੇ ਜਾਂ ਪੰਜਾਬੀ ਪੜਾਵੇ? ਉਹ ਕਿਹੜੀ ਜਾਂ ਕਿਸਤਰਾਂ ਦੀ ਸਿੱਖੀ ਹੈ ਜਿਹੜੀ ਡੇਰਾ ਮੇਰੇ ਬੱਚੇ ਨੂੰ ਦੇਣੀ ਚਾਹੁੰਦਾ। ਗੱਲ ਅਸੀਂ ਕਰਦੇ ਚਰਖੜੀਆਂ ਤੇ ਚੜਨ ਵਾਲਿਆਂ ਦੀ, ਗੱਲ ਅਸੀਂ ਕਰਦੇ ਆਰਿਆਂ ਹੇਠ ਚਿਰਨ ਦੀ ਪਰ ਬੱਚੇ ਆਪਦੇ ਨੂੰ ਪੰਜਾਬੀ ਪੜਾਉਂਣ ਲਈ ਲੱਭਦੇ ਫਿਰਦੇ ਕੋਈ ਸਾਧ ਦਾ ਡੇਰਾ?

ਬਲੁੰਦੇ ਪਿੰਡ ਦੀ ਕਹਾਣੀ ਦੀ ਪਹਿਲੀ ਕਿਸ਼ਤ ਹੇਠ ਸ੍ਰ ਹਰਚਰਨ ਸਿੰਘ ਸਿੱਖ ਵਿਰਸਾ ਵਾਲਿਆਂ ਦਾ ਬੁਲੰਦਪੁਰੇ ਬਾਰੇ ਇੱਕ ‘ਕੁਮੈਂਟ’ ਕੀਤਾ ਸੀ ਜਿਸ ਵਿਚ ਇੱਕ ਬੜਾ ਅਹਿਮ ਨੁਕਤਾ ਸੀ ਕਿ ਕੁਝ ਸਾਲ ਪਹਿਲੇ ਇਸ ਨੇ ਛੋਛਾ ਛੱਡਿਆ ਸੀ ਦੁਨੀਆਂ ਜਲਦ ਹੀ ਖਤਮ ਹੋਣ ਵਾਲੀ ਹੈ ਸਿਰਫ ਅਨੰਦਪੁਰ ਤੇ ਬੁਲੰਦਪੁਰ ਹੀ ਬਚੇਗਾ ਤੇ ਇਸ ਦੇ ਚੇਲਿਆਂ ਬੁਲੰਦਪੁਰ ਮਹਿੰਗੇ ਭਾਅ ਪਲਾਟ ਖਰੀਦ ਲਏ ਸਨ ਕਿ ਬਾਕੀ ਮਰਦੇ ਮਰਨ ਪਰ ਅਸੀਂ ਬੁਲੰਦਪੁਰ ਵਾਲੇ ਬੱਚ ਜਾਈਏ?

ਮੇਰੇ ਕੁਝ ਜਾਣੂੰ ਹਨ ਉਨ੍ਹਾਂ ਰਾਹੀ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਵੀ ਜਾ ਕੇ ਅਪਣੇ ਘਰ ਉਥੇ ਬਣਾ ਰਹੇ ਹਨ। ਯਾਨੀ ਉਹ ਲੋਕ ਹੁਣ ਮਰਨ ਤੱਕ ਸਾਧ ਦੇ ‘ਲਾਈਫ ਮੈਂਬਰ’? ਨਾ ਘਰ ਚੁੱਕ ਸਕਣ, ਨਾ ਵੇਚ ਸਕਣ ਤੇ ਨਾ ਸਾਧ ਨੂੰ ਛੱਡ ਸਕਣ? ਤੁਸੀਂ ਸੋਚੋ ਕਿ ਇਹ ਤੁਹਾਨੂੰ ਲਿਜਾ ਕਿਧਰ ਰਹੇ ਹਨ। ਕੱਲ ਨੂੰ ਜਦ ਬਲਦੇਵ ਸਿੰਘ ਮਰ ਗਿਆ ਅਗਲਾ ਸਾਧ ਤੁਹਾਨੂੰ ਕੀ ਗਰੰਟੀ ਕਿ ਸੌਦਾ-ਸਾਧ ਵਰਗਾ ਹੀ ਨਹੀਂ ਹੋਵੇਗਾ, ਆਸ਼ੂਤੋਸ਼ ਵਰਗਾ ਵੀ ਹੋ ਸਕਦਾ। ਜਿਸ ਡੇਰੇ ਦੀ ਬੁਨਿਆਦ ਹੀ ਗੱਪ ਅਤੇ ਝੂਠ ਉਪਰ ਖੜੀ ਹੈ ਤੁਸੀਂ ਉਸ ਦੇ ਭੱਵਿਖ ਬਾਰੇ ਕਿਵੇਂ ਸਹੀ ਫੈਸਲਾ ਲੈ ਲਿਆ? ਪਾਠਕਾਂ ਨੂੰ ਯਾਦ ਹੋਵੇਗਾ ਕਿ ਸੌਦੇ-ਸਾਧ ਦੇ ਡੇਰੇ ਵੀ ਕੁਝ ਇਸੇ ਕਿਸਮ ਦੀਆਂ ਖ਼ਬਰਾਂ ਸਨ ਕਿ ਉਥੇ ਵੀ ਲੋਕਾਂ ਅਪਣੇ ਮਹਿੰਗੇ ਘਰ ਤੇ ਕੋਠੀਆਂ ਪਾਈਆਂ ਸਨ ਪਰ ਜਦ ਉਨ੍ਹਾਂ ਦੀ ਸਾਧ ਨਾਲ ਵਿਗੜ ਗਈ ਤਾਂ ਘਰ ਵੀ ਉਥੇ ਰਹਿ ਗਏ ਤੇ ਕੋਠੀਆਂ ਵੀ ਕਿਉਂਕ ਜਮੀਨ ਤਾਂ ਸਾਧ ਦੇ ਨਾਮ ਸੀ ਤੇ ਘਰ ਤੁਸੀਂ ਉਥੋਂ ਚੁੱਕ ਨਹੀਂ ਸਕਦੇ! ਕਿ ਚੁੱਕ ਸਕਦੇ?

ਚਲੋ ਇਸ ਗੱਲ ਨੂੰ ਮੁਕਾਉਂਦੇ ਹਾਂ। ਵੈਨਕੋਵਰ ਇਨ੍ਹਾਂ ਦੇ ਕੁਝ ਇੱਕ ਚੇਲਿਆਂ ਨੂੰ ਕਿਸੇ ਫੋਨ ਕਰਕੇ ਬੁਲੰਦਪੁਰ ਬਾਰੇ ਸਵਾਲ ਕੀਤਾ ਕਿ ਤੁਹਾਡੇ ਡੇਰੇ ਬਾਰੇ ਅਖਬਾਰਾਂ-ਸਾਈਟਾਂ ਤੇ ਕੁਝ ਸਵਾਲ ਉਠ ਰਹੇ ਨੇ ਇਹ ਕੀ ਹੈ? ਸਭ ਦਾ ਜਵਾਬ ਸੀ ਕਿ ਇਹ ‘ਬਾਬਾ ਜੀ’ ਦੀ ਭਤੀਜੀ ਦੀ ਸਾਜਸ਼ ਹੈ। ਇਹ ਸਾਰਾ ਕੁਝ ਉਹੀ ਕਰਾ ਰਹੀ ਹੈ। ਬਾਬਾ ਜੀ ਨੇ ਉਸ ਨੂੰ ਕੱਢ ਦਿੱਤਾ ਹੈ ਯਾਨੀ ‘ਛੇਕ’ ਦਿੱਤਾ ਹੈ ਇਸ ਲਈ ਉਹ ਸਾਜਸ਼ ਨਾਲ ਕਰ ਰਹੀ ਹੈ ਇਹ ਸਭ ਕੁਝ! ਇਹ ਉਸ ਕੁ ਤਰ੍ਹਾਂ ਦੀ ਗੱਲ ਹੈ ਜਿਵੇਂ ਹਿੰਦੋਸਤਾਨ ਦੀ ਸਰਕਾਰ ਅਪਣੀਆਂ ਨਲਾਇਕੀਆਂ ਤੇ ਪੜਦਾ ਪਾਉਂਣ ਲਈ ਇੱਕੇ ਗੱਲ ਵਿਚ ਨਬੇੜ ਦਿੰਦੀ ਕਿ ਇਹ ਪਾਕਿਸਤਾਨ ਦੀ ਸਾਜਸ਼ ਹੈ। ਜਾਂ ਜਿਵੇਂ ਕੋਈ ਫਸਿਆ ਸਾਧ ਜਾਂ ਲੀਡਰ ਅਪਣੀ ਕਰਤੂਤ ਤੋਂ ਇਹ ਕਹਿ ਕੇ ਪੱਲਾ ਝਾੜ ਦਿੰਦਾ ਕਿ ਇਹ ਮੇਰੇ ਵਿਰੋਧੀ ਦੀ ਸਾਜਸ਼ ਹੈ। ਬਲੁੰਦਪੁਰੇ ਨਾਲ ਸਬੰਧਤ ਸਾਰੇ ਚੇਲਿਆਂ ਦਾ ਉਠੇ ਸਵਾਲਾਂ ਤੋਂ ਇਹ ਕਹਿਕੇ ਧਿਆਨ ਹਟਾ ਦਿੱਤਾ ਜਾਣਾ ਹੈ ਕਿ ਇਹ ‘ਬਾਬਾ ਜੀ’ ਦੀ ਭਤੀਜੀ ਦੀ ਸਾਜਸ਼ ਹੈ। ਪਰ ਯਾਦ ਰਹੇ ਕਿ ਮੈਂ ਕਿਸੇ ਬਾਬੇ ਦੀ ਭਤੀਜੀ-ਵਤੀਜੀ ਨੂੰ ਨਹੀਂ ਜਾਣਦਾ ਨਾ ਮੈਂ ਉਸ ਦੀ ਕਦੇ ਸ਼ਕਲ ਦੇਖੀ ਨਾ ਉਸ ਨੇ ਮੈਨੂੰ ਕਿਸੇ ਸਾਜਸ਼ ਦਾ ਸ਼ਿਕਾਰ ਬਣਾਇਆ। ਕੁਝ ਜਾਣਕਾਰੀਆਂ ਜਰੂਰ ਮੈਂ ਇਨ੍ਹਾਂ ਦੇ ਰੁਸੇ, ਕੱਢੇ ਜਾਂ ਬੇਇੱਜਤ ਕੀਤੇ ਪੁਰਾਣੇ ਚੇਲਿਆਂ ਤੋਂ ਲਈਆਂ ਹਨ, ਪਰ ਇਸ ਦਾ ਇਹ ਮੱਤਲਬ ਹਰਗਿਜ ਨਹੀਂ ਕਿ ਮੈਂ ਉਨ੍ਹਾਂ ਦੀ ਕਿਸੇ ਸਾਜਸ਼ ਦਾ ਸ਼ਿਕਾਰ ਹਾਂ।

ਕੁੱਲ ਪਾ ਕੇ ਮੈਂ ਜੋ ਕਿਹਾ ਜਾਂ ਲਿਖਿਆ ਕਿਸੇ ਦੀ ਸਾਜਸ਼ ਤਹਿਤ ਨਹੀਂ ਲਿਖਿਆ। ਮੇਰੇ ਸਾਰੇ ਉਠਾਏ ਗਏ ਨੁਕਤਿਆਂ ਉਪਰ ਕਿਸੇ ਬੁਲੰਦਪੁਰੀ ਦੇ ਚੇਲੇ ਜਾਂ ਖੁਦ ਬਲਦੇਵ ਸਿੰਘ ਨੂੰ ਕੋਈ ਇਤਿਰਾਜ ਹੋਵੇ, ਤਾਂ ਉਹ ਕਿਸੇ ਵੀ ਸਾਂਝੇ ਥਾਂ ਬੈਠ ਗੱਲ ਕਰ ਸਕਦਾ ਹੈ। ਬਲਦੇਵ ਸਿੰਘ ਦੇ ਡੇਰੇ ਦੇ ‘ਵਾੜੇ’ ਵਿਚ ਘਿਰ ਚੁੱਕੇ ਅਪਣੇ ਸਿੱਖ ਭਰਾਵਾਂ ਨੂੰ ਮੈਂ ਜਰੂਰ ਬੇਨਤੀ ਕਰਾਂਗਾ, ਕਿ ਦੁਬਾਰਾ ਸੋਚੋ ਅਤੇ ਸਾਂਝੀ ਖਾਲਸਾ ਜਦੇਬੰਦਕ ਦੇ ਵਗਦੇ ਦਰਿਆਵਾਂ ਦੇ ਵਹਿਣਾ ਨੂੰ ਛੱਡ, ਡੇਰੇ ਦੀ ਨਾਲੀ ਨਾ ਬਣੋ ਸੁੱਕ ਜਾਵੋਂਗੇ। ਡੇਰੇ ਦਾ ‘ਸੰਤ’ ਸ਼ੌਅ-ਰੂਮ ਵਿਚ ਖੜੀ ਉਹ ਨਵੀਂ ਲਿਸ਼ਕਾਂ ਮਾਰਦੀ ਗੱਡੀ ਹੈ, ਜਿਹੜੀ ਇੱਕ ਮੀਲ ਵੀ ਨਹੀਂ ਚਲੀ ਤੇ ਨਾ ਇਸ ਕਦੇ ਚਲਣਾ ਹੈ। ਇਹ ਕੇਵਲ ਖੜੀ ਕਰਨ ਵਾਸਤੇ ਹੈ, ਚਲਣ ਵਲੋਂ ਤੁਹਾਡਾ ਧਿਆਨ ਹਟਾਉਂਣ ਵਾਸਤੇ। ਇਨ੍ਹਾਂ ਲਿਸ਼ਕਾਂ ਮਾਰਦੀਆਂ ਗੱਡੀਆਂ ਦੇ ਪੰਜਾਬ ਵਿਚ ਥਾਂ ਥਾਂ ਸ਼ੋਅ ਰੂਮ ਹਨ ਤੇ ਤੁਸੀਂ ਇਨ੍ਹਾਂ ਸ਼ੋਅ-ਰੂਮਾਂ ਦੀਆਂ ਭੀੜਾਂ ਬਣ ਕੇ ਰਹਿ ਗਏ ਹੋ। ਇਹ ਖੜੀਆਂ ਗੱਡੀਆਂ ਨੇ ਕੌਮ ਨੂੰ ਕਿਤੇ ਨਹੀਂ ਅਪੜਾਉਂਣਾ ਪਰ ਸ਼ੋਅ-ਰੂਮ ਵਿਚ ਖੜੀਆਂ ਤੁਹਾਡਾ ਮਨ ਜਰੂਰ ਲੁਭਾਉਂਦੀਆਂ ਰਹਿਣਗੀਆਂ।
ਸ੍ਰੀ ਗੁਰੂ ਜੀ ਦੀ ਬਾਣੀ ਦੇ ਹੁੰਦਿਆਂ ਕਿਸੇ ਦਲਾਲ ਦੀ ਲੋੜ ਕਿਉਂ ਹੈ। ਸਾਨੂੰ ਹਰੇਕ ਕੰਮ ਲਈ ਵਿਚ ਦਲਾਲ ਕਿਉਂ ਚਾਹੀਦੇ ਹਨ। ਅਸੀਂ ਕਿਹੜੀ ਦਰਗਾਹ ਦੀਆਂ ਟਿਕਟਾਂ ਬੁੱਕ ਕਰਾਉਂਣੀਆਂ ਕਿ ਸਾਨੂੰ ਦਲਾਲ ਚਾਹੀਦੇ ਹਨ। ਇਨ੍ਹਾਂ ਦਲਾਲਾਂ ਨੂੰ ਹੀ ਗੁਰੂ ਜੀ ਨੇ ਵਿਚੋਂ ਦਫਾ ਕਰ ਦਿੱਤਾ ਸੀ ਪਰ ਇਹ ਫਿਰ ਆਣ ਵੜੇ ਤੁਹਾਨੂੰ ਦਰਗਾਹਾਂ ਦੀਆਂ ਟਿਕਟਾਂ ਵੇਚਣ। ਖੁਦ ਨੰਗ ਤੁਹਾਡੀਆਂ ਟਿਕਟਾਂ ਤੇ ਬਾਹਰ ਤੁਰੇ ਫਿਰਦੇ ਮੰਗਤਿਆਂ ਵਾਂਗ ਲੋਕਾਂ ਦੇ ਘਰੋ-ਘਰੀ! ਜਿਹੜੀਆਂ ਗੱਲਾਂ ਤੋ ਗੁਰੂ ਸਾਹਿਬਾਨ ਤੁਹਾਨੂੰ 239 ਸਾਲ ਵਰਜਦੇ ਰਹੇ ਉਹੀ ਰਾਹ ਤੁਸੀਂ ਫਿਰ ਫੜ ਲਏ ਨੇ ਜੋ ਅੱਤ ਨੁਕਸਾਨ ਦੇਹ ਹਨ। ਭਰਾਵੋ ਕੁੱਤਾ ਤਾਂ ਭੌਂਕ ਹੀ ਸਕਦਾ ਡਾਗਾਂ ਤਾਂ ਮਾਲਕਾਂ ਹੀ ਚੁੱਕਣੀਆਂ ਉੱਠ ਕੇ ਘਰ ਬਚਾਉਣ ਲਈ! ਕਿ ਨਹੀਂ?

ਚਲਦਾ - ਬਾਕੀ ਅਗਲੇ ਐਤਵਾਰ...


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top